ਭਗਵੰਤ ਮਾਨ ਨੇ ਕਿਹਾ ਸੀ ਸ਼ਹੀਦਾਂ ਦੀ ਧਰਤੀ ’ਤੇ ਮਜੀਠੀਆ ਦਾ ਨਾਮ ਨਾ ਲਓ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਇਕ ਦੂਜੇ ਖਿਲਾਫ ਤਿੱਖੀ ਸਿਆਸੀ ਬਿਆਨਬਾਜ਼ੀ ਕਰ ਰਹੇ ਹਨ। ਮਜੀਠੀਆ ਨੇ ਪੰਜਾਬ ਦੀ ਡਾਵਾਂਡੋਲ ਹੋ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਭਗਵੰਤ ਮਾਨ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ। ਮਜੀਠੀਆ ਨੇ ਭਗਵੰਤ ਮਾਨ ਨੂੰ ਕਿਹਾ ਕਿ ਉਹ ਧੋਖੇ ਦੀ ਰਾਜਨੀਤੀ ਬੰਦ ਕਰਕੇ ਪੰਜਾਬ ਨੂੰ ਪੰਜਾਬੀਆਂ ਲਈ ਸੁਰੱਖਿਅਤ ਬਣਾਉਣ ਜਾਂ ਫਿਰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣ। ਦੱਸਣਯੋਗ ਹੈ ਕਿ ਲੰਘੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਮੌਕੇ ਉਨ੍ਹਾਂ ਦੇ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਸ਼ਰਧਾਂਜਲੀ ਭੇਟ ਕਰਨ ਪੁੱਜੇ ਸਨ। ਇਸ ਮੌਕੇ ਮੀਡੀਆ ਨੇ ਭਗਵੰਤ ਮਾਨ ਕੋਲੋਂ ਮਜੀਠੀਆ ਬਾਰੇ ਸਵਾਲ ਪੁੱਛੇ। ਮਜੀਠੀਆ ਦਾ ਨਾਮ ਸੁਣਦਿਆਂ ਹੀ ਭਗਵੰਤ ਮਾਨ ਭੜਕ ਗਏ ਅਤੇ ਉਨ੍ਹਾਂ ਕਿਹਾ ਕਿ ਇਸ ਸ਼ਹੀਦਾਂ ਦੀ ਧਰਤੀ ’ਤੇ ਬਿਕਰਮ ਮਜੀਠੀਆ ਵਰਗੇ ਦਾ ਨਾਮ ਨਾ ਲਓ। ਭਗਵੰਤ ਮਾਨ ਨੇ ਮਜੀਠੀਆ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਸੀ ਕਿ ਉਸ ਨੇ ਪੰਜਾਬ ਦੀ ਜਵਾਨੀ ਨਸ਼ਿਆਂ ’ਚ ਰੋਲ ਦਿੱਤੀ ਅਤੇ ਇਸ ਕਰਕੇ ਮਜੀਠੀਆ ਦਾ ਨਾਮ ਇੱਥੇ ਨਾ ਲਿਆ ਜਾਵੇ। ਇਸ ਤੋਂ ਬਾਅਦ ਮਜੀਠੀਆ ਨੇ ਵੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਬਿਆਨਬਾਜ਼ੀ ਕਰਦਿਆਂ ਉਨ੍ਹਾਂ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ।