Breaking News
Home / ਪੰਜਾਬ / ਚੱਢਾ ਚੀਫ਼ ਖਾਲਸਾ ਦੀਵਾਨ ਤੋਂ ਖਾਰਜ

ਚੱਢਾ ਚੀਫ਼ ਖਾਲਸਾ ਦੀਵਾਨ ਤੋਂ ਖਾਰਜ

ਦੋ ਸਾਲ ਲਈ ਨਾ ਤਾਂ ਕਿਸੇ ਅਹੁਦੇ ‘ਤੇ ਰਹਿਣਗੇ ਤੇ ਨਾ ਹੀ ਸੰਗਤ ਨੂੰ ਕਰ ਸਕਣਗੇ ਸੰਬੋਧਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨਾਲ ਸਬੰਧਤ ਇਤਰਾਜ਼ਯੋਗ ਵੀਡੀਓ ਮਾਮਲਾ ਵਿਚਾਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਚੱਢਾ ਦੀ ਦੀਵਾਨ ਤੋਂ ਮੁੱਢਲੀ ਮੈਂਬਰਸ਼ਿਪ ਖਾਰਿਜ ਕਰਨ ਦਾ ਫੈਸਲਾ ਕਰਦਿਆਂ ਦੀਵਾਨ ਵਿੱਚ ਦੋ ਸਾਲ ਤੱਕ ਕਿਸੇ ਵੀ ਅਹੁਦੇ ਉੱਤੇ ਕਾਰਜਸ਼ੀਲ ਹੋਣ ‘ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਗੁਰਦੁਆਰਾ ਛੋਟਾ ਘੱਲੂਘਾਰਾ ਵਿੱਚ ਵਾਪਰੀ ਮੰਦਭਾਗੀ ਘਟਨਾ ਲਈ ਗੁਰਦੁਆਰਾ ਕਮੇਟੀ ਦੇ ਆਗੂ ਮਾਸਟਰ ਜੌਹਰ ਸਿੰਘ ਨੂੰ ਇੱਕ ਹਫ਼ਤਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੰਗਤਾਂ ਦੇ ਜੋੜੇ ਝਾੜਨ, ਬਰਤਨ ਮਾਂਜਣ ਅਤੇ ਕੀਰਤਨ ਸੁਣਨ ਦੀ ਤਨਖਾਹ ਲਾਈ ਹੈ। ਇਸ ਤੋਂ ਇਲਾਵਾ ਫਤਹਿਗੜ੍ਹ ਸਾਹਿਬ ਗੁਰਦੁਆਰੇ ਵਿੱਚ ਸ਼ਹੀਦੀ ਜੋੜ ਮੇਲੇ ਮੌਕੇ ਪ੍ਰਬੰਧਕਾਂ ਵੱਲੋਂ ਅਖੰਡ ਪਾਠ ਨਾ ਰੱਖਣ ਦੀ ਹੋਈ ਭੁੱਲ ਨੂੰ ਬਖ਼ਸ਼ ਦਿੱਤਾ ਹੈ।
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਸ਼ਾਮਲ ਸਨ। ਇਕੱਤਰਤਾ ਦੌਰਾਨ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਚਰਨਜੀਤ ਸਿੰਘ ਚੱਢਾ ਨੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਿੱਤਾ। ਮੀਡੀਆ ਨੂੰ ઠਜਾਣਕਾਰੀ ਦਿੰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਚੱਢਾ ਦਾ ਅਸਤੀਫ਼ਾ ਦੀਵਾਨ ਦੇ ਆਨਰੇਰੀ ਸਕੱਤਰ ਨੂੰ ਭੇਜਿਆ ਹੈ ਅਤੇ ਉਸ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰਨ ਦੀ ਵੀ ਹਦਾਇਤ ਕੀਤੀ ਹੈ। ਦੀਵਾਨ ਦੇ ਸਮੂਹ ਅਹੁਦਿਆਂ ‘ਤੇ ਕੰਮ ਕਰਨ ‘ਤੇ ਲਾਈ ਗਈ ਰੋਕ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੋ ਸਾਲਾਂ ਵਾਸਤੇ ਵਧਾ ਦਿੱਤੀ ਹੈ। ਇਸ ਦੌਰਾਨ ਸਮਾਗਮਾਂ ਵਿੱਚ ਚੱਢਾ ਦੇ ਸੰਬੋਧਨ ਕਰਨ ‘ਤੇ ਵੀ ਰੋਕ ਲਾਈ ਹੈ। ਇਸ ਤੋਂ ਪਹਿਲਾਂ ਆਪਣਾ ਸਪੱਸ਼ਟੀਕਰਨ ਦੇ ਕੇ ਗਏ ਚਰਨਜੀਤ ਸਿੰਘ ਚੱਢਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਹਰ ਹੁਕਮ ਸਿਰ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਇੱਕ ਵਾਰ ਫਿਰ ਦੁਹਰਾਇਆ ਕਿ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਇੱਕ ਸਾਜਿਸ਼ ਤਹਿਤ ਫਸਾਇਆ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਚੱਢਾ ਖਿਲਾਫ ਰੋਕ ਦਾ ਐਲਾਨ ਉਸ ਦੇ ਘਰ ਪਰਤ ਜਾਣ ਮਗਰੋਂ ਕੀਤਾ ਗਿਆ ਤੇ ਰੋਕ ਨੂੰ ਧਾਰਮਿਕ ਤਨਖਾਹ ਵੀ ਨਹੀਂ ਦੱਸਿਆ ਗਿਆ ਹੈ, ਜਦੋਂਕਿ ਅਜਿਹੀ ਤਨਖਾਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਹੀ ਸੁਣਾਈ ਜਾਂਦੀ ਹੈ।
ਮਾਸਟਰ ਜੌਹਰ ਸਿੰਘ ਨੂੰ ਲਾਈ ਤਨਖਾਹ ਅਨੁਸਾਰ ਤਨਖਾਹ ਪੂਰੀ ਹੋਣ ‘ਤੇ ਉਹ ਖਿਮਾ ਯਾਚਨਾ ਦੀ ਅਰਦਾਸ ਲਈ 501 ਰੁਪਏ ਦੀ ਕੜਾਹ ਪ੍ਰਸਾਦਿ ਦੀ ਦੇਗ ਅਤੇ 501 ਰੁਪਏ ਗੋਲਕ ਵਿੱਚ ਪਾ ਕੇ ਅਰਦਾਸ ਕਰਵਾਉਣਗੇ। ਇਸ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਬੂਟਾ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਜਾ ਚੁੱਕਾ ਹੈ।
ਸ਼ਹੀਦੀ ਜੋੜ ਮੇਲੇ ਦੌਰਾਨ ਫਤਹਿਗੜ੍ਹ ਸਾਹਿਬ ਗੁਰਦੁਆਰੇ ਵਿੱਚ ઠਪ੍ਰਬੰਧਕਾਂ ਵਲੋਂ ਅਖੰਡ ਪਾਠ ઠਰੱਖਣ ਦੀ ਹੋਈ ਭੁੱਲ ਬਾਰੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਭਵਿੱਖ ਵਿੱਚ ਮਰਿਆਦਾ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ, ਜਿਸ ਦੀ ਸੁਣਵਾਈ ਦੌਰਾਨ ਗੁਰਦੁਆਰੇ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਇਸ ਦੌਰਾਨ ਇੱਕ ਸਿੱਖ ਚੈਨਲ ਵੱਲੋਂ ਨੇਪਾਲ ਵਿੱਚ ਸਕੂਲ ਖੋਲ੍ਹਣ ਅਤੇ ਮੁਫ਼ਤ ਵਿੱਦਿਆ ਦੇਣ ਦੇ ਉਪਰਾਲੇ ਦੀ ਸਿੰਘ ਸਾਹਿਬਾਨ ਨੇ ਸ਼ਲਾਘਾ ਕੀਤੀ ਹੈ। ਇਸੇ ਤਰ੍ਹਾਂ ਬੜੂ ਸਾਹਿਬ ਵਿਦਿਅਕ ਸੰਸਥਾਵਾਂ ਵੱਲੋਂ ਰਾਗੀ, ਗ੍ਰੰਥੀ, ਪ੍ਰਚਾਰਕਾਂ ਆਦਿ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇਣ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …