Breaking News
Home / ਪੰਜਾਬ / ਨਵਜੋਤ ਸਿੱਧੂ ਦੀ ਰਿਹਾਈ ਦਾ ਫੈਸਲਾ ਮੁੱਖ ਮੰਤਰੀ ਦੇ ਹੱਥ

ਨਵਜੋਤ ਸਿੱਧੂ ਦੀ ਰਿਹਾਈ ਦਾ ਫੈਸਲਾ ਮੁੱਖ ਮੰਤਰੀ ਦੇ ਹੱਥ

ਅਪ੍ਰੈਲ ਦੇ ਪਹਿਲੇ ਹਫਤੇ ਨਵਜੋਤ ਸਿੱਧੂ ਦੇ ਜੇਲ੍ਹ ਵਿਚੋਂ ਰਿਹਾਅ ਹੋਣ ਦੀ ਸੰਭਾਵਨਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਵਿਚੋਂ ਰਿਹਾਈ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਹੈ। ਨਵਜੋਤ ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ਼ ਦੇ ਮਾਮਲੇ ਵਿਚ ਇਕ ਸਜ਼ਾ ਦੀ ਸਜ਼ਾ ਹੋਈ ਸੀ ਅਤੇ ਉਹ 19 ਮਈ 2022 ਤੋਂ ਪਟਿਆਲਾ ਦੀ ਜੇਲ੍ਹ ਵਿਚ ਬੰਦ ਹਨ। ਨਿਯਮਾਂ ਮੁਤਾਬਕ ਨਵਜੋਤ ਸਿੱਧੂ ਨੂੰ 9 ਤੋਂ 13 ਅਪ੍ਰੈਲ ਦੇ ਦਰਮਿਆਨ ਰਿਹਾਅ ਕੀਤੇ ਜਾਣ ਦੀ ਸੰਭਾਵਨਾ ਹੈ। ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਹੋਰ ਕੈਦੀਆਂ ਦੀ ਰਿਹਾਈ ਦੇ ਨਾਲ ਹੀ ਨਵਜੋਤ ਸਿੱਧੂ ਦਾ ਨਾਮ ਵੀ ਵਿਸਾਖੀ ਲਿਸਟ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਕੈਦੀਆਂ ਦੀ ਰਿਹਾਈ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ ਅਤੇ ਕਮੇਟੀ ਇਸ ਸਬੰਧੀ ਆਪਣੀਆਂ ਸਿਫਾਰਸ਼ਾਂ ਦੇਵੇਗੀ। ਜੇਲ੍ਹ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਅਤੇ ਆਖਰੀ ਫੈਸਲਾ ਵੀ ਉਨ੍ਹਾਂ ’ਤੇ ਛੱਡਿਆ ਹੋਇਆ ਹੈ। ਪਰ ਜੇਲ੍ਹ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਵਿਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ। ਨਵਜੋਤ ਸਿੱਧੂ ਨੂੰ ਜੇਲ੍ਹ ਵਿਚ 19 ਮਈ 2023 ਨੂੰ ਇਕ ਸਾਲ ਪੂਰਾ ਹੋ ਜਾਵੇਗਾ। ਇਸਦੇ ਚੱਲਦਿਆਂ ਕਾਰਜਕਾਰੀ ਮੁਆਫੀ ਵਜੋਂ ਇਕ ਸਾਲ ਦੀ ਸਜ਼ਾ ਕੱਟਣ ਵਾਲਾ ਕੈਦੀ, ਖਾਸ ਕਰਕੇ ਨਵਜੋਤ ਸਿੱਧੂ ਚੰਗੇ ਆਚਰਣ ਅਤੇ ਪੈਰੋਲ ਨਾ ਹੋਣ ਕਾਰਨ 40 ਦਿਨਾਂ ਦੀ ਰਿਆਇਤ ਦਾ ਨਿਯਮ ਮੁਤਾਬਕ ਹੱਕਦਾਰ ਹੈ। ਇਸਦੇ ਮੁਤਾਬਕ ਨਵਜੋਤ ਸਿੱਧੂ ਦੀ ਰਿਹਾਈ 9 ਅਪ੍ਰੈਲ ਦੇ ਨੇੜੇ ਹੋਣ ਦੀ ਸੰਭਾਵਨਾ ਹੈ। ਨਵਜੋਤ ਸਿੱਧੂ ਪਟਿਆਲਾ ਜੇਲ੍ਹ ਵਿਚ ਕਲਰਕ ਵਜੋਂ ਕੰਮ ਕਰ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਦਾ ਆਚਰਣ ਵੀ ਚੰਗਾ ਰਿਹਾ ਹੈ। ਉਨ੍ਹਾਂ ਨੇ ਕੋਈ ਪੈਰੋਲ ਨਹੀਂ ਲਈ ਹੈ ਅਤੇ ਆਪਣਾ ਕੰਮ ਵੀ ਬਾਖੂੁਬੀ ਨਿਭਾਇਆ ਹੈ। ਪਿਛਲੀਆਂ ਸਰਕਾਰਾਂ ਖਾਸ ਕਰਕੇ ਅਕਾਲੀ ਸਰਕਾਰ ਵੇਲੇ ਕੈਦੀਆਂ ਨੂੰ ਸਾਲ ਵਿਚ ਦੋ ਵਾਰ ਰਿਹਾਅ ਕੀਤਾ ਜਾਂਦਾ ਸੀ, ਜੋ ਕਿ ਬਾਅਦ ਵਿਚ ਕੇਂਦਰ ਸਰਕਾਰ ਦੀਆਂ ਹਦਾਇਤਾਂ ਕਾਰਨ ਘਟਾ ਦਿੱਤਾ ਗਿਆ। ਇਸੇ ਦੌਰਾਨ ਪਿਛਲੇ ਹਫਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਨਵਜੋਤ ਸਿੱਧੂ ਦੀ ਰਿਹਾਈ ਇਕ ਅਪ੍ਰੈਲ ਨੂੰ ਹੋ ਸਕਦੀ ਹੈ। ਜੇਕਰ ਪੰਜਾਬ ਸਰਕਾਰ ਨਵਜੋਤ ਸਿੱਧੂ ਦੀ ਰਿਹਾਈ ਵਿਚ ਦੇਰੀ ਕਰਦੀ ਹੈ ਤਾਂ ਨਵਜੋਤ ਸਿੱਧੂ ਨੂੰ ਇਸ ਲਈ ਕਾਨੂੰਨੀ ਲੜਾਈ ਲੜਨੀ ਪੈ ਸਕਦੀ ਹੈ।

 

 

Check Also

ਸਾਬਕਾ ਮੰਤਰੀ ਦੀ ਅਗਵਾਈ ਹੇਠਲੀ OBC ਵਰਗ ਵਾਲੀ ਪਾਰਟੀ’ ਵੀ ਲੋਕ ਸਭਾ ਚੋਣ ਮੈਦਾਨ ‘ਚ 

    ਲੁਧਿਆਣਾ : ਲੋਕ ਸਭਾ ਚੋਣਾਂ ਦੇ ਐਲਾਨ ਹੁੰਦਿਆਂ ਹੀ ਪੰਜਾਬ ਦੇ OBC ਵਰਗ …