Breaking News
Home / ਪੰਜਾਬ / ਕੈਪਟਨ ਤੇ ਅਰੂਸਾ ਦੀ ਦੋਸਤੀ ਭਾਰਤ ਦੀ ਸੁਰੱਖਿਆ ਲਈ ਖਤਰਾ

ਕੈਪਟਨ ਤੇ ਅਰੂਸਾ ਦੀ ਦੋਸਤੀ ਭਾਰਤ ਦੀ ਸੁਰੱਖਿਆ ਲਈ ਖਤਰਾ

ਭਗਵੰਤ ਮਾਨ ਨੇ ਕਿਹਾ – ਅਰੂਸਾ ਦੇ ਵੀਜ਼ੇ ਦੀ ਸਥਿਤੀ ਜਨਤਕ ਹੋਵੇ
ਪਟਿਆਲਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਆਈਐਸਆਈ ਏਜੰਟ ਅਰੂਸਾ ਆਲਮ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਿਸ ਹੈਸੀਅਤ ਵਿਚ ਪੰਜਾਬ ਦੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਲਈ ਪੰਜਾਬ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਹੈ। ਇਸ ਦੀ ਜਾਂਚ ਕਰਾਉਣ ਲਈ ਉਹ ਪਾਰਲੀਮੈਂਟ ਵਿਚ ਮੁੱਦਾ ਉਠਾਉਣਗੇ। ਪਟਿਆਲਾ ਵਿਚ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਿੱਤਾ, ਜਿਸ ਵਿਚ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵਿਦੇਸ਼ੀ ਏਜੰਸੀਆਂ ਦੇ ਹੱਥਾਂ ਵਿਚ ਖੇਡਣ ਦੇ ਦੋਸ਼ ਲਾਏ ਸਨ।
ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕੌਮੀ ਪੱਧਰੀ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਹਨ ਜਿਨ੍ਹਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਵਿਚ ਹੈ, ਇਸ ਕਰਕੇ ਉਸ ਨੂੰ ਹੱਕ ਹੈ ਕਿ ਉਹ ਪੰਜਾਬ ਦੇ ਮਸਲਿਆਂ ਬਾਰੇ ਬੋਲਣ ਪਰ ‘ਰਾਜਾ ਸਾਹਿਬ’ ਇਹ ਦੱਸਣ ਕਿ ਵਿਰੋਧੀ ਮੁਲਕ ਪਾਕਿਸਤਾਨ ਦੀ ਨਾਗਰਿਕ ਨੂੰ ਪੰਜਾਬ ਸਰਕਾਰ ਵਿਚ ਕਿਸ ਹੈਸੀਅਤ ਵਿਚ ਦਖ਼ਲਅੰਦਾਜ਼ੀ ਕਰਵਾ ਰਹੇ ਹਨ। ਭਗਵੰਤ ਮਾਨ ਨੇ ਮੁੱਖ ਮੰਤਰੀ ‘ਤੇ ਅਰੂਸਾ ਆਲਮ ਦਾ ਨਾਮ ਲੈ ਕੇ ਪਲਟਵਾਰ ਕੀਤੇ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਮੁਕਾਬਲੇ ਪੰਜਾਬ ਸਰਕਾਰ ਨੂੰ ਕਰੋਨਾ ਮਹਾਮਾਰੀ ਉੱਤੇ ਕਾਬੂ ਪਾਉਣ ਵਿਚ ਬੁਰੀ ਤਰ੍ਹਾਂ ਫਲਾਪ ਸਰਕਾਰ ਦੱਸਿਆ। ਉਨ੍ਹਾਂ ਕਿਹਾ ਕਿ ਕੈਪਟਨ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਨਾਲ ਦੋਸਤੀ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਗਈ ਹੈ ਜਿਸ ਬਾਰੇ ਕੇਂਦਰੀ ਵਿਦੇਸ਼ ਅਤੇ ਗ੍ਰਹਿ ਮੰਤਰਾਲਿਆਂ ਨੂੰ ਨੋਟਿਸ ਲੈਣਾ ਚਾਹੀਦਾ ਹੈ।
ਕੇਂਦਰ ਸਰਕਾਰ ਲੰਮੇ ਸਮੇਂ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਰਹਿ ਰਹੀ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦੇ ਭਾਰਤੀ ਵੀਜ਼ੇ ਦਾ ਸਟੇਟਸ ਜਨਤਕ ਕਰੇ। ਉਨ੍ਹਾਂ ਜਵਾਬ ਮੰਗਿਆ ਕਿ ਅਰੂਸਾ ਆਲਮ ਅਤੇ ਉਸ ਦੇ ਰਿਸ਼ਤੇਦਾਰ ਕਿਹੜੇ ਵੀਜ਼ੇ ‘ਤੇ ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਸਿਸਵਾਂ ਫਾਰਮ ਹਾਊਸ ‘ਤੇ ਬੇਰੋਕ-ਟੋਕ ਰਹਿ ਰਹੇ ਹਨ, ਜਦਕਿ ਅਰੂਸਾ ਆਲਮ ਫ਼ੌਜੀ ਮਾਮਲਿਆਂ ਬਾਰੇ ਮਾਹਿਰ ਪਾਕਿਸਤਾਨੀ ਪੱਤਰਕਾਰ ਹਨ ਜਿਸ ਦੀਆਂ ਆਈਐਸਆਈ ਨਾਲ ਸਬੰਧਾਂ ਬਾਰੇ ਵੀ ਚਰਚਾਵਾਂ ਹਨ। ਇਸ ਕਰਕੇ ਉਹ ਸੰਸਦ ਵਿਚ ਇਹ ਮਾਮਲਾ ਉਠਾਉਣਗੇ। ਇਸ ਮੌਕੇ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਆਦਿ ਆਗੂ ਹਾਜ਼ਰ ਸਨ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …