ਭਾਰਤੀ ਕਰ ਵਿਭਾਗ ਵਲੋਂ ਬੈਂਕ ਨੂੰ ਨੋਟਿਸ ਜਾਰੀ ਕਰਕੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ,
ਢੁਕਵੇਂ ਸਬੂਤ ਹੋਣ ਦਾ ਦਾਅਵਾ
ਲੰਡਨ/ਬਿਊਰੋ ਨਿਊਜ਼
ਭਾਰਤੀ ਕਰ ਵਿਭਾਗ ਵੱਲੋਂ ਵਿਦੇਸ਼ੀ ਖਾਤਿਆਂ ਵਿੱਚ ਕਾਲੇ ਧਨ ਦੀ ਜਾਂਚ ਦੇ ਸਿਲਸਿਲੇ ਵਿੱਚ ਪ੍ਰਮੁੱਖ ਕੌਮਾਂਤਰੀ ਬੈਂਕ ਐਚਐਸਬੀਸੀ ਨੂੰ ਨੋਟਿਸ ਜਾਰੀ ਕੀਤੇ ਹਨ। ਕਰ ਅਧਿਕਾਰੀਆਂ ਨੇ ਚਾਰ ਭਾਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਰ ਚੋਰੀ ਲਈ ਉਤਸ਼ਾਹਿਤ ਕਰਨ ਦੇ ਦੋਸ਼ ਵਿੱਚ ਬ੍ਰਿਟੇਨ ਦੀ ਇਸ ਬੈਂਕ ਦੀਆਂ ਸਵਿਟਜ਼ਰਲੈਂਡ ਅਤੇ ਦੁਬਈ ਸਥਿਤ ਇਕਾਈਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਭਾਰਤ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਬੈਂਕ ਖ਼ਿਲਾਫ਼ ਢੁਕਵੇਂ ਸਬੂਤ ਹਨ। ਐਚਐਸਬੀਸੀ ਨੇ ਵੱਖ-ਵੱਖ ਮੁਲਕਾਂ ਦੇ ਕਰ ਵਿਭਾਗਾਂ ਵੱਲੋਂ ਉਸ ਦੀ ਜਨੇਵਾ ਸ਼ਾਖਾ ਦੇ ਕਥਿਤ ਸਹਿਯੋਗ ਨਾਲ ਕੀਤੀ ਗਈ ਕਰ ਚੋਰੀ ਤੇ ਕਾਲੇ ਧਨ ਨੂੰ ਚਿੱਟਾ ਕਰਨ ਬਾਰੇ ਜਾਂਚ ਦੀ ਜਾਣਕਾਰੀ ਜਨਤਕ ਕੀਤੀ ਹੈ।
ਬੈਂਕ ਨੇ ਕਿਹਾ ਕਿ ਉਹ ਸਬੰਧਿਤ ਦੇਸ਼ਾਂ ਦੇ ਅਧਿਕਾਰੀਆਂ ਨਾਲ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ। ਐਚਐਸਬੀਸੀ ਦੀ ਜਨੇਵਾ ਸ਼ਾਖਾ ਵਿੱਚ ਸੈਂਕੜੇ ਭਾਰਤੀ ਖਾਤਾਧਾਰਕਾਂ ਦੀ ਸੂਚੀ ਲੀਕ ਹੋ ਗਈ ਸੀ ਅਤੇ ਭਾਰਤੀ ਕਰ ਅਧਿਕਾਰੀ ਇਸ ਬੈਂਕ ਦੀ ਪੜਤਾਲ ਵਿੱਚ ਲੱਗੇ ਹੋਏ ਹਨ। ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਇਹ ਕਾਲਾ ਧਨ ਦੁਬਈ ਵਰਗੇ ਮੁਲਕ ਵਿੱਚ ਲਿਜਾਇਆ ਜਾ ਸਕਦਾ ਹੈ।
ਐਚਐਸਬੀਸੀ ਨੇ ਉਸ ਦੀ ਸਵਿੱਸ ਜਾਂ ਦੁਬਈ ਦੀਆਂ ਸ਼ਾਖਾਵਾਂ ਰਾਹੀਂ ਕਥਿਤ ਕਰ ਚੋਰੀ ਵਿੱਚ ਸ਼ਾਮਲ ਭਾਰਤੀ ਵਿਅਕਤੀਆਂ ਦੇ ਨਾਂ ਤਾਂ ਨਹੀਂ ਦੱਸੇ। ਬੈਂਕ ਨੇ ਕਿਹਾ ਕਿ ਉਸ ਨੂੰ ਸਭ ਤੋਂ ਪਹਿਲਾਂ ਭਾਰਤੀ ਕਰ ਅਧਿਕਾਰੀਆਂ ਨੇ ਫਰਵਰੀ, 2015 ਵਿੱਚ ਸੰਮਨ ਜਾਰੀ ਕੀਤਾ ਸੀ ਜਦੋਂ ਕਿ ਤਾਜ਼ਾ ਨੋਟਿਸ ਅਗਸਤ ਤੇ ਉਸ ਬਾਅਦ ਨਵੰਬਰ ਵਿੱਚ ਜਾਰੀ ਕੀਤੇ ਗਏ ਹਨ।
ਭਾਰਤ ‘ਚੋਂ 60.6 ਕਰੋੜ ਡਾਲਰ ਦਾ ਮੁਨਾਫ਼ਾ
ਐਚਐਸਬੀਸੀ ਬੈਂਕ ਨੇ ਅੱਜ ਆਪਣੇ ਸਾਲਾਨਾ ਵਿੱਤੀ ਨਤੀਜੇ ਵੀ ਐਲਾਨੇ ਹਨ। ਬੈਂਕ ਨੂੰ ਭਾਰਤ ਵਿੱਚ 2015 ਵਿੱਚ 1.84 ਅਰਬ ਡਾਲਰ ਦਾ ਮਾਲੀਆ ਇਕੱਤਰ ਹੋਇਆ, ਜੋ ਸਾਲ 2014 ਵਿੱਚ 1.74 ਅਰਬ ਡਾਲਰ ਸੀ। ਇਸ ਤਰ੍ਹਾਂ ਬੈਂਕ ਨੂੰ ਭਾਰਤ ਵਿੱਚ 60.6 ਕਰੋੜ ਡਾਲਰ ਦਾ ਲਾਭ ઠਹੋਇਆ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …