ਕਰੋਨਾ ਕਾਰਨ 6 ਮਹੀਨਿਆਂ ਤੋਂ ਪਾਕਿਸਤਾਨ ਵਿਚ ਫਸ ਗਏ ਸਨ ਯਾਤਰੀ
ਅਟਾਰੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਚੱਲਦਿਆਂ ਤਾਲਾਬੰਦੀ ਦੌਰਾਨ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਫਸੇ 83 ਭਾਰਤੀ ਯਾਤਰੀ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਹੁੰਚ ਗਏ। ਪਾਕਿਸਤਾਨ ਤੋਂ ਵਤਨ ਪਰਤੇ ਭਾਰਤੀ ਯਾਤਰੀ ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਦਿੱਲੀ, ਗੁਜਰਾਤ, ਪੰਜਾਬ, ਰਾਜਸਥਾਨ ਅਤੇ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਹਰਿਆਣਾ, ਤਾਮਿਲਨਾਡੂ ਅਤੇ ਕਰਨਾਟਕ ਨਾਲ ਸਬੰਧਤ ਹਨ। ਪਾਕਿਸਤਾਨ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਇਹ ਯਾਤਰੀ ਤਾਲਬੰਦੀ ਕਾਰਨ ਲੱਗਪਗ ਛੇ ਮਹੀਨਿਆਂ ਤੋਂ ਉੱਥੇ ਫਸੇ ਹੋਏ ਸਨ। ਭਾਰਤੀ ਯਾਤਰੀਆਂ ਦੀ ਵਤਨ ਪਰਤਣ ‘ਤੇ ਸਾਂਝੀ ਜਾਂਚ ਚੌਕੀ ਅਟਾਰੀ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਸਕਰੀਨਿੰਗ ਕੀਤੀ ਗਈ। ਕਸਟਮ ਅਤੇ ਇੰਮੀਗ੍ਰੇਸ਼ਨ ਵਿਭਾਗ ਦੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਇਨ੍ਹਾਂ ਯਾਤਰੀਆਂ ਨੂੰ ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਹੇਠ ਅਟਾਰੀ ਸਰਹੱਦ ਤੋਂ ਬੱਸਾਂ ਰਾਹੀਂ ਰਵਾਨਾ ਕੀਤਾ ਗਿਆ। ਐੱਸਡੀਐੱਮ ਅੰਮ੍ਰਿਤਸਰ-2 ਸ਼ਿਵਰਾਜ ਸਿੰਘ ਬੱਲ ਨੇ ਦੱਸਿਆ ਕਿ ਤਾਲਬੰਦੀ ਕਾਰਨ ਪਾਕਿਸਤਾਨ ਵਿੱਚ ਫਸੇ 118 ਭਾਰਤੀ ਯਾਤਰੀ ਵਤਨ ਪਰਤਣਗੇ। ਉਨ੍ਹਾਂ ਦੱਸਿਆ ਕਿ ਦਿੱਲੀ, ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਯਾਤਰੀ ਆਪੋ-ਆਪਣੇ ਰਾਜਾਂ ਵਿੱਚ ਇਕਾਂਤਵਾਸ ਹੋਣਗੇ ਜਦੋਂ ਕਿ ਬਾਕੀ ਯਾਤਰੀਆਂ ਨੂੰ ਅੰਮ੍ਰਿਤਸਰ ਵਿਚ ਅਲਹਿਦਾ ਰੱਖਿਆ ਜਾਵੇਗਾ। ਇਸ ਮੌਕੇ ਡੀਐੱਸਪੀ ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਵੀ ਮੌਜੂਦ ਸਨ। ਇਸ ਮੌਕੇ ਜੈਪੁਰ ਵਾਸੀ ਯੱਕੀ ਖਾਨ ਨੇ ਦੱਸਿਆ ਕਿ ਉਸਦੀ ਪਤਨੀ ਰੁਬੀਨਾ ਫਰਵਰੀ ਮਹੀਨੇ ਕਰਾਚੀ ਵਿਚ ਵਿਆਹੀਆਂ ਬੇਟੀਆਂ ਨੂੰ ਮਿਲਣ ਗਈ ਪਰ ਤਾਲਾਬੰਦੀ ਕਾਰਨ ਵਾਪਸ ਨਹੀਂ ਸੀ ਆ ਸਕੀ। ਉਨ੍ਹਾਂ ਵੱਲੋਂ ਭਾਰਤੀ ਹਾਈ ਕਮਿਸ਼ਨ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਸੀ। ਮੁਰਾਦ ਅਲੀ ਵਾਸੀ ਪਿੰਡ ਜੀਤੇਵਾਲੀ (ਜਲੰਧਰ) ਨੇ ਦੱਸਿਆ ਕਿ ਉਸਦੇ ਚਾਚਾ ਸੈਫ਼ ਅਲੀ ਪੰਜ ਮਹੀਨੇ ਪਹਿਲਾਂ ਪਿੰਡ ਪਿੱਪਲੀਵਾਲਾ (ਗੁੱਜਰਾਂਵਾਲਾ) ਪਾਕਿਸਤਾਨ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ। ਉਹ ਉਨ੍ਹਾਂ ਨੂੰ ਲੈਣ ਲਈ ਆਏ ਹਨ। ਜ਼ਿਕਰਯੋਗ ਹੈ ਕਿ ਤਾਲਾਬੰਦੀ ਦੇ ਚੱਲਦਿਆਂ ਭਾਰਤ-ਪਾਕਿਸਤਾਨ ਸਰਹੱਦ ਸੀਲ ਹੋਣ ਕਰਕੇ ਪਾਕਿਸਤਾਨ ਵਿੱਚ ਫਸੇ ਭਾਰਤੀ ਯਾਤਰੀਆਂ ਵਿਚੋਂ ਹੁਣ ਤੱਕ 722 ਭਾਰਤੀ ਯਾਤਰੀ ਵਤਨ ਪਰਤ ਚੁੱਕੇ ਹਨ।
Check Also
ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ
20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …