ਮਿਸੀਸਾਗਾ/ਬਿਊਰੋ ਨਿਊਜ਼ : ਲੰਘੇ ਦਿਨੀਂ ਸੜਕ ਹਾਦਸਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰਨ ਲਈ ਖਾਸ ਦਿਨ ਮਨਾਇਆ ਗਿਆ। ਇਸ ਦੌਰਾਨ ਮਿਸੀਸਾਗਾ ਦੀਆਂ ਸੜਕਾਂ ਉੱਤੇ ਮਾਰੇ ਗਏ ਜਾਂ ਜ਼ਖਮੀ ਹੋਏ ਲੋਕਾਂ ਨੂੰ ਸਰਧਾਂਜ਼ਲੀ ਵਜੋਂ ਸਿਟੀ ਦੇ ਸਿਵਿਕ ਸੈਂਟਰ ਕਲੌਕ ਟਾਵਰ ਦੀ ਲਾਈਟ ਨੂੰ ਡਿੰਮ ਰੱਖਿਆ ਗਿਆ।
ਇਸ ਮੌਕੇ ਮੇਅਰ ਬ੍ਰੌਨੀ ਕ੍ਰੌਂਬੀ ਨੇ ਆਖਿਆ ਕਿ ਇਸ ਤਰ੍ਹਾਂ ਦੇ ਖਾਸ ਦਿਨ ਉੱਤੇ ਅਸੀਂ ਮਿਸੀਸਾਗਾ ਵਿੱਚ ਹੋਏ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਤੇ ਜਖਮੀ ਹੋਣ ਵਾਲਿਆਂ ਨੂੰ ਚੇਤੇ ਕਰਦੇ ਹਾਂ ਤੇ ਉਨ੍ਹਾਂ ਨੂੰ ਆਪਣੀ ਸਰਧਾਂਜਲੀ ਦੇ ਸਕਦੇ ਹਾਂ। ਉਨ੍ਹਾਂ ਆਖਿਆ ਕਿ ਅਸੀਂ ਤੇਜੀ ਨਾਲ ਅਰਬਨ ਸੈਂਟਰ ਵਜੋਂ ਵਿਕਸਤ ਹੋ ਰਹੇ ਹਾਂ ਤੇ ਇਹ ਸਾਡੀ ਤਰਜੀਹ ਬਣ ਚੁੱਕੀ ਹੈ ਕਿ ਅਸੀਂ ਆਪਣੀਆਂ ਸੜਕਾਂ ਉੱਤੇ ਸਭਨਾਂ ਦੀ ਸੇਫਟੀ ਯਕੀਨੀ ਬਣਾਈਏ, ਫਿਰ ਭਾਵੇਂ ਕੋਈ ਤੁਰ ਰਿਹਾ ਹੋਵੇ, ਸਾਈਕਲਿੰਗ ਕਰ ਰਿਹਾ ਹੋਵੇ, ਟਰਾਂਜਿਟ ਦੀ ਵਰਤੋਂ ਕਰ ਰਿਹਾ ਹੋਵੇ ਜਾਂ ਡਰਾਈਵ ਕਰ ਰਿਹਾ ਹੋਵੇ।
ਟਰਾਂਸਪੋਰਟੇਸ਼ਨ ਐਂਡ ਵਰਕਸ ਕਮਿਸ਼ਨਰ ਜੈੱਫ ਰਾਈਟ ਨੇ ਆਖਿਆ ਕਿ ਸਿਟੀ ਵੱਲੋਂ ਘਾਤਕ ਹਾਦਸਿਆਂ ਨੂੰ ਰੋਕਣ ਲਈ ਵਿਜਨ ਜੀਰੋ ਐਕਸ਼ਨ ਪਲੈਨ ਵਿਕਸਤ ਕੀਤਾ ਗਿਆ ਹੈ। ਕਾਊਂਸਲ ਵੱਲੋਂ ਇਸ ਪਲੈਨ ਨੂੰ 2021 ਵਿੱਚ ਮਨਜੂਰੀ ਦਿੱਤੀ ਗਈ ਸੀ ਤੇ ਇਸ ਲਈ ਵੱਡੀ ਗਿਣਤੀ ਵਿੱਚ ਐਕਸ਼ਨ ਪਲੈਨ ਸ਼ਰੂ ਹੋ ਚੁੱਕੇ ਹਨ ਤੇ ਕਈ ਸਫਲਤਾ ਪੂਰਬਕ ਨੇਪਰੇ ਚੜ੍ਹਨ ਵਾਲੇ ਹਨ।
ਉਨ੍ਹਾਂ ਦੱਸਿਆ ਕਿ ਸਿਟੀ ਵੱਲੋਂ ਹੁਣ ਤੱਕ 52 ਲੋਕੇਸ਼ਨਾਂ ਉੱਤੇ ਸਪੀਡ ਕੈਮਰੇ ਲਾਏ ਜਾ ਚੁੱਕੇ ਹਨ। ਇਸ ਸਾਲ ਹੀ ਸਕੂਲ ਸਟਰੀਟ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਤਿੰਨ ਸਕੂਲਾਂ ਦੇ ਬਾਹਰ ਆਰਜੀ ਕਾਰ-ਫਰੀ ਮਾਹੌਲ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨੇਬਰਹੁੱਡ ਏਰੀਆ ਸਪੀਡ ਲਿਮਿਟ ਪ੍ਰੋਜੈਕਟ ਮੁਕੰਮਲ ਕਰ ਲਿਆ ਗਿਆ ਹੈ। ਲੇਕਸੋਰ ਰੋਡ ਤੇ ਸਟੇਵਬੈਂਕ ਰੋਡ ਇੰਟਰਸੈਕਸ਼ਨ ਉੱਤੇ ਲੀਡਿੰਗ ਪੈਡੈਸਟਰੀਅਨ ਇੰਟਰਵਲ (ਐਲਪੀਆਈ) ਪਾਇਲਟ ਪ੍ਰੋਜੈਕਟ ਪੇਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਈਕ ਵਾਲੀਆਂ ਲੇਨਜ ਵਿੱਚ ਪਾਰਕਿੰਗ ਕਰਨ ਵਾਲਿਆਂ ਨੂੰ 55 ਡਾਲਰ ਜੁਰਮਾਨਾ ਲਾਉਣ ਦੀ ਤਜਵੀਜ਼ ਵੀ ਰੱਖੀ ਗਈ ਹੈ ਤੇ ਹੁਣ ਬਾਈਕ ਵਾਲੀਆਂ ਲੇਨਜ਼ ਵਿੱਚ ਗੱਡੀਆਂ ਪਾਰਕ ਕਰਨ ਵਾਲੇ ਡਰਾਈਵਰਾਂ ਨੂੰ ਜਰਮਾਨਾ ਲਾਇਆ ਜਾਇਆ ਕਰੇਗਾ। ਇਸ ਨਿਯਮ ਨੂੰ ਲਾਗੂ ਕਰਵਾਉਣ ਲਈ ਲੋਕ 311 ਉੱਤੇ ਕਾਲ ਵੀ ਕਰ ਸਕਦੇ ਹਨ।
ਇਸ ਦੇ ਨਾਲ ਹੀ ਪੈਡੈਸਟ੍ਰੀਅਨਜ਼ ਲਈ ਸਿਗਨਲਜ਼ ਨੂੰ ਅਪਡੇਟ ਕੀਤਾ ਗਿਆ ਹੈ। ਹੁਣ ਤੱਕ 800 ਵਿੱਚੋਂ 650 ਸਿਗਨਲ ਅੱਪਡੇਟ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਬਾਈਕ ਅੰਬੈਸਡਰ ਪ੍ਰੋਗਰਾਮ ਵੀ ਜਾਰੀ ਰੱਖਿਆ ਜਾ ਰਿਹਾ ਹੈ।
ਸਕੂਲ ਵਾਕਿੰਗ ਰੂਟਸ ਪ੍ਰੋਗਰਾਮ ਨੂੰ ਵੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਹ ਸਾਰੇ ਕਦਮ ਚੁੱਕੇ ਜਾਣ ਤੋਂ ਇਲਾਵਾ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਤੇ ਸਿੱਖਿਅਤ ਕਰਨ ਲਈ ਸਿਟੀ ਕਮੇਟੀਆਂ ਤੇ ਕਮਿਊਨਿਟੀ ਭਾਈਵਾਲਾਂ ਨਾਲ ਰਲ ਕੇ ਕੰਮ ਕੀਤਾ ਜਾ ਰਿਹਾ ਹੈ।