Breaking News
Home / ਦੁਨੀਆ / ਲਾਹੌਰ ਪਹੁੰਚਦੇ ਹੀ ਨਵਾਜ਼ ਸ਼ਰੀਫ ਗ੍ਰਿਫਤਾਰ

ਲਾਹੌਰ ਪਹੁੰਚਦੇ ਹੀ ਨਵਾਜ਼ ਸ਼ਰੀਫ ਗ੍ਰਿਫਤਾਰ

ਬੇਟੀ ਮਰੀਅਮ ਵੀ ਗ੍ਰਿਫ਼ਤਾਰ, ਸਜ਼ਾ ਕੱਟਣ ਲਈ ਆਦਿਆਲਾ ਜੇਲ੍ਹ ਭੇਜੇ ਜਾਣਗੇ ਪਿਤਾ ਤੇ ਬੇਟੀ
ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਲਾਹੌਰ ਪਹੁੰਚਣ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਭ੍ਰਿਸ਼ਟਾਚਾਰ ਮਾਮਲੇ ਵਿਚ ਪਾਕਿਸਤਾਨੀ ਅਦਾਲਤ ਨੇ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਲੰਘੇ ਸ਼ੁੱਕਰਵਾਰ ਨੂੰ ਉਹ ਲੰਡਨ ਤੋਂ ਆਪਣੀ ਬੇਟੀ ਮਰੀਅਮ ਨਵਾਜ਼ ਨਾਲ ਜਹਾਜ਼ ਰਾਹੀਂ ਲਾਹੌਰ ਪਹੁੰਚੇ। ਉਨ੍ਹਾਂ ਦੀ ਬੇਟੀ ਨੂੰ ਵੀ ਅਦਾਲਤ ਨੇ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵਾਂ ਨੂੰ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਇਸਲਾਮਾਬਾਦ ਲਿਜਾਂਦਾ ਗਿਆ ਜਿੱਥੋਂ ਉਨ੍ਹਾਂ ਨੂੰ ਸਜ਼ਾ ਕੱਟਣ ਲਈ ਆਦਿਆਲਾ ਜੇਲ੍ਹ ਭੇਜਿਆ ਜਾਵੇਗਾ। ਲੰਡਨ ਤੋਂ ਪਰਤਣ ਦੌਰਾਨ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਸੁਪਰੀਮੋ 68 ਸਾਲਾ ਸ਼ਰੀਫ਼ ਦਾ ਜਹਾਜ਼ ਅਬੂ ਧਾਬੀ ਵਿਚ ਰੁਕਿਆ ਸੀ। ਪਿਤਾ ਤੇ ਬੇਟੀ ਏਤਿਹਾਦ ਏਅਰਵੇਜ਼ ਦੇ ਜਹਾਜ਼ ਈਵਾਈ43 ‘ਚ ਪਰਤੇ ਹਨ। ਲਾਹੌਰ ਦੇ ਅਲਾਮਾ ਇਕਬਾਲ ਇੰਟਰਨੈਸ਼ਨਲ ਏਅਰਪੋਰਟ ‘ਤੇ ਉਨ੍ਹਾਂ ਦਾ ਜਹਾਜ਼ ਦੋ ਘੰਟੇ ਦੇਰੀ ਨਾਲ ਪਹੁੰਚਿਆ ਹੈ।
ਸ਼ਹਿਰ ਵਿਚ ਕੀਤੀ ਗਈ ਸੀ ਕਰੜੀ ਸੁਰੱਖਿਆ ਵਿਵਸਥਾ : ਪੀਐੱਮਐੱਲ-ਐੱਨ ਦੇ ਵਰਕਰਾਂ ਨੂੰ ਹਵਾਈ ਅੱਡੇ ਤਕ ਪਹੁੰਚਣ ਤੋਂ ਰੋਕਣ ਲਈ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਵਿਚ ਸਾਰੀਆਂ ਸੜਕਾਂ ‘ਤੇ ਆਵਾਜਾਈ ਰੋਕ ਦਿੱਤੀ ਗਈ ਸੀ। ਇਸ ਦੇ ਨਾਲ ਹੀ ਸੁਰੱਖਿਆ ਕਰੜੀ ਕਰ ਦਿੱਤੀ ਗਈ ਸੀ। ਸ਼ਹਿਰ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 10 ਹਜ਼ਾਰ ਪੁਲਿਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਇਲਾਵਾ ਪੰਜਾਬ ਸਰਕਾਰ ਨੇ ਸ਼ਹਿਰ ਵਿਚ ਮੋਬਾਈਲ ਅਤੇ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਸੀ।
ਜੁਲਾਈ 2017 ‘ਚ ਦਿੱਤਾ ਸੀ ਪੀਐੱਮ ਅਹੁਦੇ ਤੋਂ ਅਸਤੀਫ਼ਾ
2016 ਵਿਚ ਪਨਾਮਾ ਪੇਪਰ ਕੇਸ ‘ਚ ਨਾਮ ਆਉਣ ਦੇ ਬਾਅਦ ਨਵਾਜ਼ ਸ਼ਰੀਫ਼ ਨੂੰ ਜੁਲਾਈ 2017 ਵਿਚ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਜਾਂਚ ਦੇ ਬਾਅਦ ਸ਼ਰੀਫ਼ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਨੂੰ ਦੋਸ਼ੀ ਮੰਨਦੇ ਹੋਏ ਕੈਦ ਦੀ ਸਜ਼ਾ ਸੁਣਾਈ ਗਈ। ਦੋਨੋਂ ਉਸ ਵੇਲੇ ਲੰਡਨ ਵਿਚ ਸਨ ਜਿਥੇ ਕੈਂਸਰ ਤੋਂ ਪੀੜਤ ਸ਼ਰੀਫ਼ ਦੀ ਪਤਨੀ ਜ਼ੇਰੇ ਇਲਾਜ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …