Breaking News
Home / ਪੰਜਾਬ / ਭਵਿੱਖ ‘ਚ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਜੱਥਿਆਂ ਬਾਰੇ ਬੇਯਕੀਨੀ ਬਣੀ

ਭਵਿੱਖ ‘ਚ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਜੱਥਿਆਂ ਬਾਰੇ ਬੇਯਕੀਨੀ ਬਣੀ

ਕੇਂਦਰ ਨੇ ਪਹਿਲਗਾਮ ਹਮਲੇ ਮਗਰੋਂ ਕੀਤਾ ਹੈ ਅਟਾਰੀ ਸਰਹੱਦ ਬੰਦ ਕਰਨ ਦਾ ਫੈਸਲਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਅਟਾਰੀ ਸਰਹੱਦ ਬੰਦ ਕੀਤੇ ਜਾਣ ਦੇ ਕੀਤੇ ਗਏ ਫੈਸਲੇ ਨਾਲ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਸਥਿਤ ਗੁਰੂਧਾਮਾਂ ਦੀ ਯਾਤਰਾ ਤੇ ਮਈ ਮਹੀਨੇ ਵਿੱਚ ਜਾਣ ਵਾਲੇ ਜੱਥਿਆਂ ਬਾਰੇ ਵੀ ਬੇਯਕੀਨੀ ਵਾਲੀ ਸਥਿਤੀ ਬਣ ਗਈ ਹੈ।
ਮਈ ਅਤੇ ਜੂਨ ਵਿੱਚ ਕ੍ਰਮਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਹਰ ਸਾਲ ਸਿੱਖ ਸ਼ਰਧਾਲੂਆਂ ਦੇ ਜੱਥੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੀ ਯਾਤਰਾ ਵਾਸਤੇ ਜਾਂਦੇ ਹਨ।
ਹਾਲ ਹੀ ਵਿੱਚ ਲਗਭਗ 5800 ਸਿੱਖ ਯਾਤਰੀਆਂ ਦਾ ਇੱਕ ਜੱਥਾ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੀ ਯਾਤਰਾ ਕਰਕੇ 19 ਅਪਰੈਲ ਨੂੰ ਹੀ ਵਾਪਸ ਪਰਤਿਆ ਹੈ।
ਅਗਲੇ ਮਹੀਨੇ ਵਿੱਚ ਪਾਕਿਸਤਾਨ ਸਥਿਤ ਗੁਰੂਧਾਮਾਂ ਦੀ ਯਾਤਰਾ ਤੇ ਜਾਣ ਵਾਲੇ ਇਨਾਂ ਜੱਥਿਆਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਤੱਕ ਕੇਂਦਰੀ ਗ੍ਰਹਿ ਮੰਤਰਾਲੇ ਜਾਂ ਪਾਕਿਸਤਾਨੀ ਅਧਿਕਾਰੀਆਂ ਕੋਲੋਂ ਕੋਈ ਅਧਿਕਾਰਤ ਸੂਚਨਾ ਪ੍ਰਾਪਤ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਪਹਿਲਗਾਮ ਵਿੱਚ ਵਾਪਰੀ ਅੱਤਵਾਦੀ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਅਟਾਰੀ ਸਥਿਤ ਆਈਸੀਪੀ ਅਤੇ ਲਾਂਘੇ ਨੂੰ ਮੁਕੰਮਲ ਬੰਦ ਕੀਤਾ ਜਾ ਰਿਹਾ ਹੈ। ਜਿਸ ਤਹਿਤ ਇੱਕ ਮਈ ਤੋਂ ਬਾਅਦ ਇਹ ਲਾਂਘਾ ਮੁਕੰਮਲ ਰੂਪ ਵਿੱਚ ਬੰਦ ਹੋ ਜਾਵੇਗਾ।
ਇਸ ਦੌਰਾਨ ਸਾਰੇ ਪਾਕਿਸਤਾਨੀ ਨਾਗਰਿਕਾਂ ਅਤੇ ਭਾਰਤੀ ਨਾਗਰਿਕਾਂ ਨੂੰ ਆਪੋ ਆਪਣੇ ਮੁਲਕ ਵਾਪਸ ਪਰਤਣ ਲਈ ਆਖਿਆ ਗਿਆ ਹੈ। ਹੁਣ ਇਹ ਸਰਹੱਦੀ ਲਾਂਘਾ ਕਦੋਂ ਤੱਕ ਬੰਦ ਰਹੇਗਾ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ। ਜਦੋਂ ਕਿ ਦੂਜੇ ਪਾਸੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਫਿਲਹਾਲ ਖੁੱਲ੍ਹਾ ਹੈ ਅਤੇ ਯਾਤਰੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਵਾਸਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਲਗਭਗ 350 ਸ਼ਰਧਾਲੂਆਂ ਦੀਆਂ ਅਰਜੀਆਂ ਅਤੇ ਪਾਸਪੋਰਟ ਵੀਜ਼ਾ ਲੱਗਣ ਲਈ ਭੇਜੇ ਹੋਏ ਹਨ। ਪਰ ਹੁਣ ਬਦਲੀਆਂ ਪ੍ਰਸਥਿਤੀਆਂ ਵਿੱਚ ਇਸ ਸਬੰਧੀ ਭਾਰਤ ਅਤੇ ਪਾਕਿਸਤਾਨ ਵੱਲੋਂ ਜਵਾਬ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਵੇਂ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੁੱਲਾ ਰੱਖਿਆ ਗਿਆ ਹੈ ਇਸੇ ਤਰ੍ਹਾਂ ਉਮੀਦ ਹੈ ਕਿ ਸਿੱਖ ਸ਼ਰਧਾਲੂਆਂ ਦੇ ਜਾਣ ਤੇ ਵੀ ਕੋਈ ਰੋਕ ਨਹੀਂ ਹੋਵੇਗੀ ਪਰ ਇਹ ਸਥਿਤੀ ਆਉਣ ਵਾਲੇ ਦਿਨਾਂ ਵਿੱਚ ਹੀ ਸਪੱਸ਼ਟ ਹੋ ਸਕੇਗੀ।

 

Check Also

ਅੰਮਿ੍ਰਤਸਰ ’ਚ ਵਧ ਰਹੇ ਕਰੋਨਾ ਦੇ ਮਾਮਲੇ – ਮੈਡੀਕਲ ਕਾਲਜ ਦੇ ਤਿੰਨ ਜੂਨੀਅਰ ਡਾਕਟਰਾਂ ਨੂੰ ਹੋਇਆ ਕਰੋਨਾ

ਅੰਮਿ੍ਰਤਸਰ/ਬਿਊਰੋ ਨਿਊਜ਼ ਅੰਮਿ੍ਰਤਸਰ ’ਚ ਕਰੋਨਾ ਦੇ ਮਾਮਲੇ ਵਧਣ ਲੱਗੇ ਹਨ ਅਤੇ ਮੈਡੀਕਲ ਕਾਲਜ ਦੇ ਤਿੰਨ ਜੂਨੀਅਰ ਡਾਕਟਰ ਵੀ ਕਰੋਨਾ ਦੀ ਲਪੇਟ ਵਿਚ ਆ ਗਏ ਹਨ। ਸਿਹਤ ਵਿਭਾਗ ਨੇ ਚੌਕਸੀ ਵਰਤਦਿਆਂ ਇਨ੍ਹਾਂ ਡਾਕਟਰਾਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਹੈ। ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਭਾਵੇਂ ਕੋਵਿਡ ਦੇ ਨਵੇਂ ਵੈਰੀਐਂਟ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ, ਪਰ ਫਿਰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਆਖਿਆ ਕਿ ਇਹ ਤਿੰਨੋਂ ਕੇਸ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰ ਹਨ, ਜੋ ਕਿ ਇਸ ਸਮੇਂ ਹੋਮ ਆਈਸੋਲੇਟ ਹਨ ਅਤੇ ਬਿਲਕੁਲ ਸਿਹਤਮੰਦ ਹਨ। ਧਿਆਨ ਰਹੇ ਕਿ ਅੰਮਿ੍ਰਤਸਰ ਵਿਚ ਹੁਣ ਤੱਕ ਕਰੋਨਾ ਦੇ 6 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਦੌਰਾਨ ਸਿਹਤ ਵਿਭਾਗ ਨੇ ਲੋਕਾਂ ਨੂੰ ਗਾਈਡ ਲਾਈਨਜ਼ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਹੈ।