Breaking News
Home / ਪੰਜਾਬ / ‘ਨੰਨੀ ਛਾਂ ਤੀਰਥ ਯਾਤਰਾ’ ਸਹਾਰੇ ਹਰਸਿਮਰਤ ਬਾਦਲ ਵਲੋਂ ਚੋਣਾਂ ਦੀ ਤਿਆਰੀ

‘ਨੰਨੀ ਛਾਂ ਤੀਰਥ ਯਾਤਰਾ’ ਸਹਾਰੇ ਹਰਸਿਮਰਤ ਬਾਦਲ ਵਲੋਂ ਚੋਣਾਂ ਦੀ ਤਿਆਰੀ

ਚਾਰ ਮਹੀਨਿਆਂ ਤੋਂ ਚੁੱਪ ਚੁਪੀਤੇ ਮਾਵਾਂ-ਧੀਆਂ ਅਤੇ ਨੂੰਹਾਂ-ਸੱਸਾਂ ਲਈ ਚੱਲ ਰਹੀ ਹੈ ਤੀਰਥ ਯਾਤਰਾ
ਬਠਿੰਡਾ/ਬਿਊਰੋ ਨਿਊਜ਼ : ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਸੰਸਦੀ ਹਲਕੇ ਬਠਿੰਡਾ ਵਿੱਚ ਹੁਣ ‘ਮਿਸ਼ਨ-2019’ ਦੀ ਤਿਆਰੀ ਵਜੋਂ ‘ਨੰਨ੍ਹੀ ਛਾਂ ਤੀਰਥ ਯਾਤਰਾ’ ਸ਼ੁਰੂ ਕੀਤੀ ਗਈ ਹੈ ਤਾਂ ਜੋ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਆਪਣੇ ਨਾਲ ਕੀਤਾ ਜਾ ਸਕੇ। ਬਠਿੰਡਾ-ਮਾਨਸਾ ਹਲਕੇ ਵਿੱਚ ਕਰੀਬ ਚਾਰ ਮਹੀਨਿਆਂ ਤੋਂ ਇਹ ਯਾਤਰਾ ਚੁੱਪ ਚੁਪੀਤੇ ਚੱਲ ਰਹੀ ਹੈ। ਇਸ ਸਿਆਸੀ ਮਿਸ਼ਨ ਵਿੱਚ ਬਾਜ਼ੀ ਮਾਰਨ ਲਈ ਬਾਦਲਾਂ ਵੱਲੋਂ ਪੇਂਡੂ ਔਰਤਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ। ਇਹ ਤੀਰਥ ਯਾਤਰਾ ਕੇਂਦਰੀ ਮੰਤਰੀ ਬੀਬੀ ਬਾਦਲ ਵੱਲੋਂ ਅਗਲੀ ਚੋਣ ਵੀ ਬਠਿੰਡਾ ਹਲਕੇ ਤੋਂ ਹੀ ਲੜੇ ਜਾਣ ਦਾ ਇਸ਼ਾਰਾ ਕਰਦੀ ਹੈ। ਇਹ ਯਾਤਰਾ ਵਿਸ਼ੇਸ਼ ਤੌਰ ‘ਤੇ ਮਾਵਾਂ-ਧੀਆਂ ਅਤੇ ਨੂੰਹਾਂ-ਸੱਸਾਂ ਲਈ ਹੈ।
ਦੱਸਣਯੋਗ ਹੈ ਕਿ ‘ਨੰਨ੍ਹੀ ਛਾਂ’ ਪ੍ਰਾਜੈਕਟ ਪਹਿਲਾਂ ਧੀਆਂ ਦੇ ਸਨਮਾਨ, ਬੂਟੇ ਵੰਡਣ ਅਤੇ ਸਿਲਾਈ ਸੈਂਟਰ ਖੋਲ੍ਹਣ ਤੱਕ ਸੀਮਤ ਸੀ ਜਦੋਂਕਿ ਹੁਣ ਇਸ ਤਹਿਤ ਤੀਰਥ ਯਾਤਰਾ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਤੱਕ ਬਠਿੰਡਾ- ਮਾਨਸਾ ਦੇ ਪਿੰਡਾਂ ਵਿੱਚੋਂ 12 ਬੱਸਾਂ ਭੇਜੀਆਂ ਜਾ ਚੁੱਕੀਆਂ ਹਨ ਅਤੇ ਕਰੀਬ 850 ਔਰਤਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਜਾ ਚੁੱਕੇ ਹਨ। ਮਿਲੇ ਵੇਰਵਿਆਂ ਅਨੁਸਾਰ ਨੰਨ੍ਹੀ ਛਾਂ ਪ੍ਰਾਜੈਕਟ ਤਹਿਤ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ 62 ਪਿੰਡਾਂ ਵਿੱਚ ਸਿਲਾਈ ਸੈਂਟਰ ਖੋਲ੍ਹੇ ਗਏ ਹਨ ਜਿਨ੍ਹਾਂ ਵਿੱਚ ਲੜਕੀਆਂ ਨੂੰ ਛੇ ਮਹੀਨਿਆਂ ਦਾ ਕੋਰਸ ਕਰਵਾਇਆ ਜਾਂਦਾ ਹੈ ਅਤੇ ਸਰਟੀਫਿਕੇਟ ਦਿੱਤਾ ਜਾਂਦਾ ਹੈ। ਨੰਨ੍ਹੀ ਛਾਂ ਪ੍ਰਾਜੈਕਟ ਤਹਿਤ ਹੀ ਇਨ੍ਹਾਂ ਸੈਂਟਰਾਂ ਵਿੱਚ ਅਧਿਆਪਕ ਰੱਖੇ ਗਏ ਹਨ।
ਹੁਣ ਜੋ ਤੀਰਥ ਯਾਤਰਾ ਸ਼ੁਰੂ ਕੀਤੀ ਗਈ ਹੈ, ਉਸ ਵਿੱਚ ਹਰ ਪਿੰਡ ਦੇ ਸਿਲਾਈ ਸੈਂਟਰ ਵਿੱਚ ਕੋਰਸ ਕਰ ਰਹੀਆਂ ਅਤੇ ਕੋਰਸ ਕਰ ਚੁੱਕੀਆਂ ਲੜਕੀਆਂ ਨੂੰ ਉਨ੍ਹਾਂ ਦੀਆਂ ਮਾਵਾਂ ਜਾਂ ਸੱਸਾਂ ਸਮੇਤ ਤੀਰਥ ਯਾਤਰਾ ‘ਤੇ ਲਿਜਾਂਦਾ ਜਾ ਰਿਹਾ ਹੈ। ਇਹ ਯਾਤਰਾ ਨਿਰੋਲ ਔਰਤਾਂ ਲਈ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਹਲਕੇ ਤੋਂ ਤੀਸਰੀ ਵਾਰ ਮੈਦਾਨ ਵਿੱਚ ਉਤਰਨ ਦੇ ਆਸਾਰ ਹਨ। ਤੀਰਥ ਯਾਤਰਾ ਸ਼ੁਰੂ ਕਰਕੇ ਉਨ੍ਹਾਂ ਨੇ ਅੰਦਰੋਂ ਅੰਦਰੀ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਮਾਨਸਾ ਦੇ ਪਿੰਡ ਮਲਕਪੂਰ, ਉਭਾ, ਤਾਮਕੋਟ, ਬਰੇਟਾ ਮੰਡੀ ਤੇ ਗੁਰਨੇ ਕਲਾਂ ਤੋਂ ਇਲਾਵਾ ਬਠਿੰਡਾ ਦੇ ਰਾਮਾਂ ਮੰਡੀ, ਕਲਿਆਣ ਸੁੱਖਾ ਤੇ ਗੋਬਿੰਦਪੁਰਾ ਆਦਿ ਪਿੰਡਾਂ ਵਿੱਚੋਂ ਤੀਰਥ ਯਾਤਰਾ ਲਈ ਬੱਸਾਂ ਜਾ ਚੁੱਕੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਵਿੱਚ ਇਨ੍ਹਾਂ ਤੀਰਥ ਯਾਤਰੀਆਂ ਲਈ ਇੱਕ ਏ.ਸੀ. ਹਾਲ ਬਾਕਾਇਦਾ ਪੱਕੇ ਤੌਰ ‘ਤੇ ਬੁੱਕ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਰਹੂਮ ਬੀਬੀ ਸੁਰਿੰਦਰ ਕੌਰ ਬਾਦਲ ਵੀ ਹਲਕਾ ਪੱਧਰ ‘ਤੇ ਸ਼ਰਧਾਲੂਆਂ ਦੀਆਂ ਬੱਸਾਂ ਭਰ ਕੇ ਅੰਮ੍ਰਿਤਸਰ ਲਿਜਾਂਦੇ ਰਹੇ ਹਨ। ਹੁਣ ਉਨ੍ਹਾਂ ਦੀ ਨੂੰਹ ਹਰਸਿਮਰਤ ਨੇ ਸ਼ਰਧਾ ਦਿਖਾਈ ਹੈ। ਹਲਕਾ ਲੰਬੀ ਵਿੱਚੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੀਰਥ ਯਾਤਰਾ ਲਈ ਪਿੰਡਾਂ ਵਿੱਚੋਂ ਬੱਸਾਂ ਭੇਜ ਰਹੇ ਹਨ। ਗੱਠਜੋੜ ਸਰਕਾਰ ਸਮੇਂ ਵੀ ਸਰਕਾਰੀ ਖ਼ਜ਼ਾਨੇ ਨਾਲ ਤੀਰਥ ਯਾਤਰਾ ਚੱਲਦੀ ਰਹੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਗੋਬਿੰਦਪੁਰਾ ਵਿੱਚ ਤੀਰਥ ਯਾਤਰਾ ਵਾਲੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਵਿੱਚ ਕਰੀਬ 60 ਔਰਤਾਂ ਸਨ। ਪਿੰਡ ਗੋਬਿੰਦਪੁਰਾ ਦੇ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ, ਮੀਤ ਪ੍ਰਧਾਨ ਹਰਮਿੰਦਰ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ ਤੇ ਜਗਸੀਰ ਕਲਿਆਣ ਨੇ ਇਸ ਦੌਰਾਨ ਬੀਬੀ ਬਾਦਲ ਦਾ ਸਨਮਾਨ ਕੀਤਾ। ਸੂਤਰ ਦੱਸਦੇ ਹਨ ਕਿ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆਉਣਗੀਆਂ, ਇਸ ਤੀਰਥ ਯਾਤਰਾ ਦਾ ਘੇਰਾ ਵਧਾਇਆ ਜਾਵੇਗਾ। ਉੱਧਰ, ਅਕਾਲੀ ਦਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਤੀਰਥ ਯਾਤਰਾ ਦਾ ਕੋਈ ਸਿਆਸੀ ਮਕਸਦ ਨਹੀਂ ਹੈ, ਬਲਕਿ ਨਿਰੋਲ ਸ਼ਰਧਾ ਹੈ।
ਨੰਨ੍ਹੀ ਛਾਂ ਦੇ ਚੰਗੇ ਨਤੀਜੇ ਨਿਕਲੇ : ਹਰਸਿਮਰਤ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਨੰਨ੍ਹੀ ਛਾਂ ਪ੍ਰਾਜੈਕਟ ਦੇ ਬਠਿੰਡਾ ਤੇ ਮਾਨਸਾ ਵਿੱਚ ਚੰਗੇ ਨਤੀਜੇ ਨਿਕਲੇ ਹਨ। ਇਸ ਨਾਲ ਜਿੱਥੇ ਭਰੂਣ ਹੱਤਿਆ ਰੁਕੀ ਹੈ ਉੱਥੇ ਹੀ ਧੀਆਂ ਦੀ ਗਿਣਤੀ ਵਧੀ ਹੈ। ਉਨ੍ਹਾਂ ਕਿਹਾ ਕਿ 27 ਅਗਸਤ ਨੂੰ ਨੰਨ੍ਹੀ ਛਾਂ ਪ੍ਰਾਜੈਕਟ ਦੇ 10 ਵਰ੍ਹੇ ਪੂਰੇ ਹੋਣੇ ਹਨ। ਹੁਣ ਇਸ ਪ੍ਰਾਜੈਕਟ ਤਹਿਤ ਦਾਜ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਜਾਵੇਗੀ, ਜਿਸ ਦੀ ਸ਼ੁਰੂਆਤ ਵੱਡਾ ਸਮਾਗਮ ਕਰਕੇ ਕੀਤੀ ਜਾਵੇਗੀ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …