4 ਨੌਜਵਾਨ ਹਸਪਤਾਲ ‘ਚ ਭਰਤੀ, ਇਕ ਗੰਭੀਰ; ਸਨੌਰ ਥਾਣੇ ਦਾ ਆਰੋਪੀ ਏਐਸਆਈ ਮੁਅੱਤਲ
ਪਟਿਆਲਾ : ਸਨੌਰ ਥਾਣੇ ਦੀ ਪੁਲਿਸ ਨੇ ਐਤਵਾਰ ਰਾਤ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਛੋਟੀ ਜਿਹੀ ਗੱਲ ‘ਤੇ ਇਕ ਇੰਜੀਨੀਅਰਿੰਗ ਦੇ ਵਿਦਿਆਰਥੀ ਅਤੇ ਉਸਦੇ 6 ਦੋਸਤਾਂ ਨੂੰ ਨੰਗਾ ਕਰਕੇ ਪੁਲਿਸ ਨੇ ਉਨ੍ਹਾਂ ਕੋਲੋਂ ਉਨ੍ਹਾਂ ਦੇ ਹੀ ਨਿੱਜੀ ਅੰਗ ਫੜਾ ਕੇ ਥਾਣੇ ਵਿਚ ਅਸ਼ਲੀਲਤਾ ਦਾ ਅਜਿਹਾ ਖੇਡ ਖੇਡਿਆ ਕਿ ਚਾਰ ਵਿਦਿਆਰਥੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਰਾਤ ਭਰ ਕੁੱਟਣ ਤੋਂ ਬਾਅਦ ਸੋਮਵਾਰ ਸਵੇਰੇ 7.00 ਵਜੇ ਐਚਐਚਓ ਦੇ ਆਉਣ ਤੋਂ ਪਹਿਲਾਂ ਸਾਰੇ ਲੜਕਿਆਂ ਨੂੰ ਧਮਕਾਉਂਦੇ ਹੋਏ ਥਾਣੇ ਵਿਚੋਂ ਭਜਾ ਦਿੱਤਾ। ਇਨ੍ਹਾਂ ਵਿਚੋਂ ਇਕ ਨੌਜਵਾਨ ਦੀ ਹਾਲਤ ਨਾਜ਼ੁਕ ਹੈ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਆਰੋਪੀ ਏਐਸਆਈ ਨਰਿੰਦਰ ਸਿੰਘ ਨੂੰ ਮੁਅੱਤਲ ਕਰਕੇ ਮਾਮਲੇ ਦੀ ਜਾਂਚ ਐਸਪੀ ਸਿਟੀ ਨੂੰ ਸੌਂਪ ਦਿੱਤੀ ਗਈ ਹੈ।
ਦਰਿੰਦਗੀ ਕਿਉਂ? ਕਾਗਜ਼ ਗੁੰਮ ਹੋਣ ‘ਤੇ ਏਐਸਆਈ ਕੋਲੋਂ ਪੁੱਛਿਆ ਕਿ ਤੁਹਾਡੇ ਕੋਲ ਤਾਂ ਨਹੀਂ ਹਨ
ਕੀਰਤਨ ਸੁਣਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਜਾ ਰਹੇ 7 ਲੜਕਿਆਂ ਨੂੰ ਨਾਕੇ ‘ਤੇ ਏਐਸਆਈ ਨਰਿੰਦਰ ਸਿੰਘ ਨੇ ਰੋਕਿਆ। 7 ਨੌਜਵਾਨ ਤਿੰਨ ਮੋਟਰ ਸਾਈਕਲਾਂ ‘ਤੇ ਸਵਾਰ ਸਨ। ਇਕ ਮੋਟਰ ਸਾਈਕਲ ‘ਤੇ ਤਿੰਨ ਲੜਕੇ ਬਿਨਾ ਹੈਲਮਟ ਤੋਂ ਸਵਾਰ ਸਨ। ਏਐਸਆਈ ਨੇ ਇਸ ਮੋਟਰ ਸਾਈਕਲ ਦਾ ਚਲਾਨ ਕੱਟ ਦਿੱਤਾ। ਇਸ ਦੌਰਾਨ ਥਾਪਰ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੇ ਮੋਟਰ ਸਾਈਕਲ ਦੇ ਪਲਿਊਸ਼ਨ ਸਰਟੀਫਿਕੇਟ ਅਤੇ ਇੰਸੋਰੈਂਸ ਹਨੇਰੇ ਵਿਚ ਕਿਤੇ ਗੁੰਮ ਹੋ ਗਈ। ਉਸ ਨੇ ਏਐਸਆਈ ਕੋਲੋਂ ਪੁੱਛਿਆ ਕਿ ਕੀ ਇਹ ਦਸਤਾਵੇਜ਼ ਤੁਹਾਡੇ ਕੋਲ ਤਾਂ ਨਹੀਂ ਰਹਿ ਗਏ, ਇਸ ‘ਤੇ ਏਐਸਆਈ ਨੇ ਗਾਲੀ ਗਲੋਚ ਕਰਦਿਆਂ ਉਸਦੇ ਥੱਪੜ ਮਾਰ ਦਿੱਤਾ ਅਤੇ ਕਿਹਾ ਕਿ ਤੂੰ ਉਸ ਨੂੰ ਚੋਰ ਸਮਝਦਾ। ਇਸ ਵਿਚਕਾਰ ਦੂਜੇ ਨੌਜਵਾਨ ਨੇ ਮੋਬਾਇਲ ਨਾਲ ਫੇਸਬੁੱਕ ਲਾਈਵ ਹੋ ਕੇ ਮੌਕੇ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ‘ਤੇ ਏਐਸਆਈ ਹੋਰ ਭੜਕ ਗਿਆ। ਉਸ ਨੇ ਫੋਨ ਕਰਕੇ ਦੋ ਹੋਰ ਪੁਲਿਸ ਵਾਲੇ ਬੁਲਾ ਲਏ। ਇੱਧਰ, ਇਕ ਨੌਜਵਾਨ ਨੇ ਵੀ ਪੁਲਿਸ ਕੰਟਰੂਮ ਦੇ 100 ਨੰਬਰ ‘ਤੇ ਫੋਨ ਕਰਕੇ ਏਐਸਆਈ ਦੀ ਸ਼ਿਕਾਇਤ ਕਰ ਦਿੱਤੀ। ਫਿਰ ਏਐਸਆਈ ਨੇ ਨੌਜਵਾਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਕਾਰ ਵਿਚ ਦੋ ਹੋਰ ਪੁਲਿਸ ਵਾਲੇ ਪਹੁੰਚ ਗਏ। ਸੱਤਾਂ ਨੌਜਵਾਨਾਂ ਨੂੰ ਆਲਟੋ ਕਾਰ ਦੀ ਪਿਛਲੀ ਸੀਟ ‘ਤੇ ਸੁੱਟ ਕੇ ਸਨੌਰ ਥਾਣੇ ਲੈ ਗਏ। ਹਸਪਤਾਲ ਵਿਚ ਦਾਖਲ ਨੌਜਵਾਨਾਂ ਨੇ ਦੱਸਿਆ ਕਿ ਏਐਸਆਈ ਨੇ ਉਨ੍ਹਾਂ ਸਾਰਿਆਂ ਦੇ ਕੱਪੜੇ ਉਤਰਵਾ ਕੇ ਨੰਗਾ ਕਰ ਦਿੱਤਾ। ਸਾਰਿਆਂ ਦਾ ਗੋਲ ਚੱਕਰ ਬਣਾ ਕੇ ਇਕ ਦੂਜੇ ਦਾ ਪ੍ਰਾਈਵੇਟ ਪਾਰਟ ਫੜ ਕੇ ਖਿੱਚਣ ਨੂੰ ਕਿਹਾ ਗਿਆ। ਏਐਸਆਈ ਬੋਲਿਆ-ਜਿਹੜਾ ਨੌਜਵਾਨ ਪਹਿਲਾਂ ਡਿੱਗੇਗਾ, ਉਸਦੀ ਕੁਟਾਈ ਹੋਵੇਗੀ। ਜੋ ਪਹਿਲਾਂ ਡਿੱਗਿਆ, ਏਐਸਆਈ ਨੇ ਉਸ ਨੂੰ ਥੱਪੜ ਮਾਰਕੇ ਉਸਦੀ ਪਗੜੀ ਉਤਾਰ ਦਿੱਤੀ। ਅਮਰਦੀਪ ਸਿੰਘ ਨੇ ਇਤਰਾਜ਼ ਕੀਤਾ ਤਾਂ ਉਸ ਨੂੰ ਕੇਸਾਂ ਤੋਂ ਫੜ ਕੇ ਹੇਠਾਂ ਸੁੱਟ ਕੇ ਉਸਦੀ ਗਰਦਨ ‘ਤੇ ਪੈਰ ਰੱਖਿਆ। ਇਸ ਵਿਚਕਾਰ ਅਮਰਦੀਪ ਬੇਹੋਸ਼ ਹੋ ਗਿਆ ਤਾਂ ਪੁਲਿਸ ਵਾਲਿਆਂ ਦੇ ਹੱਥ ਪੈਰ ਫੁੱਲ ਗਏ। ਉਸ ਨੂੰ ਸਨੌਰ ਦੇ ਇਕ ਪ੍ਰਾਈਵੇਟ ਡਾਕਟਰ ਦੇ ਘਰ ਲਿਜਾ ਕੇ ਦਵਾਈ ਦਿਵਾ ਕੇ ਦੁਬਾਰਾ ਥਾਣੇ ਲਿਆਂਦਾ ਗਿਆ। ਸਾਰੀ ਰਾਤ ਨੌਜਵਾਨਾਂ ਨੂੰ ਹਵਾਲਾਤ ਵਿਚ ਰੱਖਿਆ ਗਿਆ। ਸਵੇਰੇ ਕਰੀਬ 7 ਵਜੇ ਐਚਐਚਓ ਦੇ ਥਾਣੇ ਆਉਣ ਤੋਂ ਪਹਿਲਾਂ ਸੱਤਾਂ ਨੌਜਵਾਨਾਂ ਨੂੰ ਘਰ ਭੇਜ ਦਿੱਤਾ। ਇੱਧਰ, ਥਾਣਾ ਸਨੌਰ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਆਪਣੇ ਸਟਾਫ ‘ਤੇ ਲੱਗੇ ਸਾਰੇ ਆਰੋਪਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਟਾਫ ਨੇ ਨਾ ਤਾਂ ਸ਼ਰਾਬ ਪੀਤੀ ਹੋਈ ਸੀ ਅਤੇ ਨਾ ਹੀ ਕਿਸੇ ਨੌਜਵਾਨਾਂ ਨੂੰ ਡਿਗਰੀ ਟਾਰਚਰ ਕੀਤਾ ਹੈ।
ਸਨੌਰ ‘ਚ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ ‘ਚ ਰੱਖ ਕੇ ਕੁੱਟਮਾਰ ਕਰਨ ਦੇ ਮਾਮਲੇ ‘ਚ ਏਐਸਆਈ ‘ਤੇ ਕੇਸ ਦਰਜ
ਪਰਨੀਤ ਕੌਰ ਤੇ ਸੁਰਜੀਤ ਰੱਖੜਾ ਨੇ ਜ਼ਖ਼ਮੀ ਅਮਰਜੀਤ ਸਿੰਘ ਦਾ ਹਾਲਚਾਲ ਪੁੱਛਿਆ
ਪਟਿਆਲਾ : ਪਟਿਆਲਾ ਜ਼ਿਲ੍ਹੇ ਵਿਚ ਪੈਂਦੇ ਸਨੌਰ ਥਾਣੇ ਵਿਚ ਲੰਘੇ ਦਿਨੀਂ 7 ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ ਵਿਚ ਰੱਖ ਕੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਏਐਸਆਈ ਨਰਿੰਦਰ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਪਟਿਆਲਾ ਦੇ ਐਸਐਸਪੀ ਨੇ ਏਐਸਆਈ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਸੀ। ਏਐਸਆਈ ਨਰਿੰਦਰ ਸਿੰਘ ਖਿਲਾਫ ਕੇਸ ਦਰਜ ਕਰਨ ਦੀ ਪੁਸ਼ਟੀ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਕਰ ਦਿੱਤੀ ਹੈ। ਐਸਐਸਪੀ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਡੀਸੀ ਪਟਿਆਲਾ ਦੇ ਹੁਕਮਾਂ ‘ਤੇ ਮੈਜਿਸਟਰੇਟੀ ਜਾਂਚ ਚੱਲ ਰਹੀ ਹੈ। ਪੁਲਿਸ ਦੀ ਮਾਰਕੁੱਟ ਨਾਲ ਜ਼ਖ਼ਮੀ ਨੌਜਵਾਨ ਅਮਰਦੀਪ ਸਿੰਘ, ਜਿਹੜਾ ਕਿ ਰਾਜਿੰਦਰਾ ਹਸਪਤਾਲ ਵਿਚ ਜੇਰੇ ਇਲਾਜ ਹੈ, ਨੂੰ ਮਿਲਣ ਅੱਜ ਮਹਾਰਾਣੀ ਪਰਨੀਤ ਕੌਰ ਅਤੇ ਸੁਰਜੀਤ ਸਿੰਘ ਰੱਖੜਾ ਵੀ ਪਹੁੰਚੇ।
ਪੁਲਿਸ ਤਸ਼ੱਦਦ ਦਾ ਸ਼ਿਕਾਰ ਸਿੱਖ ਨੌਜਵਾਨ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ‘ਚ ਮਿਲਣ ਪਹੁੰਚੇ ਅਕਾਲ ਤਖਤ ਸਾਹਿਬ ਦੇ ਜਥੇਦਾਰ
ਪਟਿਆਲਾ : ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਅੱਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਅਮਰਦੀਪ ਸਿੰਘ ਨੂੰ ਮਿਲਣ ਗਏ। ਇਸ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪਟਿਆਲਾ ਪੁਲਿਸ ਨੇ ਸਨੌਰ ਦੇ ਜਿਨ੍ਹਾਂ 7 ਨੌਜਵਾਨਾਂ ‘ਤੇ ਅਣਮਨੁੱਖੀ ਤਸ਼ੱਦਦ ਕੀਤਾ ਹੈ ਉਸ ਮਾਮਲੇ ਨੂੰ ਹੁਣ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਜ਼ੁਲਮ ਸਹਿਣ ਤੋਂ ਬਾਅਦ ਨੌਕਰੀਆਂ ਨਹੀਂ ਬਲਕਿ ਇਨਸਾਫ ਚਾਹੀਦਾ ਹੈ। ਨੌਕਰੀਆਂ ਤੇ ਮਾਲੀ ਮਦਦ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪੇ ਦੇ ਦੇਵੇਗੀ। ਚੇਤੇ ਰਹੇ ਕਿ ਲੰਘੇ ਦਿਨੀ ਆਮ ਆਦਮੀ ਪਾਰਟੀ ਨਵੇਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਤੇਜ ਤਰਾਰ ਆਗੂ ਸੁਖਪਾਲ ਸਿੰਘ ਖਹਿਰਾ ਵੀ ਪਿਛਲੇ ਦਿਨੀਂ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਆਗੂਆਂ ਨੂੰ ਮਿਲਣ ਲਈ ਪਹੁੰਚੇ ਹਨ।
Home / ਪੰਜਾਬ / ਗੁਰਦੁਆਰੇ ਜਾ ਰਹੇ ਸਨ 7 ਦੋਸਤ, ਚਲਾਨ ਦੀ ਵੀਡੀਓ ਬਣਾਈਤਾਂ ਪੁਲਿਸ ਨੇ ਨਿਰਵਸਤਰ ਕਰਕੇ ਅਸ਼ਲੀਲਤਾ ਦੀਆਂ ਟੱਪੀਆਂ ਹੱਦਾਂ
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …