ਬਰੈਂਪਟਨ/ਰਮਿੰਦਰ ਵਾਲੀਆ : ਅੰਤਰਰਾਸ਼ਟਰੀ ਸਾਹਿਤਕ ਸਾਂਝਾ ਬਰੈਂਪਟਨ ਕੈਨੇਡਾ ਵੱਲੋਂ ਮਹੀਨਾਵਾਰ ਅੰਤਰਰਾਸ਼ਟਰੀ ਆਨਲਾਈਨ ਪ੍ਰੋਗਰਾਮ (ਸਿਰਜਣਾ ਦੇ ਆਰ ਪਾਰ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਰਮਿੰਦਰ ਰੰਮੀ ਦੀ ਯੋਗ ਅਗਵਾਈ ਵਿੱਚ 27 ਅਪਰੈਲ ਦਿਨ ਐਤਵਾਰ ਨੂੰ 10 ਵਜੇ ਸਵੇਰੇ ਕੈਨੇਡਾ ਅਤੇ 7/30 ਸ਼ਾਮ ਭਾਰਤ ਵਿਚ ਕਰਵਾਇਆ ਗਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ (ਸਿਰਜਣਾ ਦੇ ਆਰ ਪਾਰ) ਪ੍ਰੋਗਰਾਮ ਵਿੱਚ ਇਸ ਵਾਰ ਪ੍ਰਸਿੱਧ ਕਵਿਤਰੀ ਡਾ. ਗੁਰਮਿੰਦਰ ਕੌਰ ਸਿੱਧੂ ਨੂੰ ਬਤੌਰ ਮਹਿਮਾਨ ਬੁਲਾਇਆ ਗਿਆ। ਅੰਤਰਰਾਸ਼ਟਰੀ ਸਾਹਤਿਕ ਸਾਂਝਾਂ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਵਾਲੀਆ ਰੰਮੀ ਦੇ ਵਿਸ਼ੇਸ਼ ਯਤਨਾਂ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦੇ ਵਿੱਚ ਡਾ. ਗੁਰਮਿੰਦਰ ਕੌਰ ਸਿੱਧੂ ਨੇ ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ। ਪ੍ਰੋਗਰਾਮ ਦੇ ਆਰੰਭ ਵਿੱਚ ਰਿੰਟੂ ਭਾਟੀਆ ਨੇ ਸਭ ਦਾ ਸਵਾਗਤ ਕੀਤਾ ਤੇ ਗੁਰਮਿੰਦਰ ਸਿੱਧੂ ਦਾ ਇੱਕ ਗੀਤ ਗਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਸ਼ੁਰੂ ਵਿੱਚ ਰਮਿੰਦਰ ਵਾਲੀਆ ਰੰਮੀ ਨੇ ਡਾ . ਗੁਰਮਿੰਦਰ ਕੌਰ ਸਿੱਧੂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਦੇ ਮੋਡਰੇਟਰ ਪ੍ਰੋਫੈਸਰ ਕੁਲਜੀਤ ਕੌਰ ਸੀ. ਮੀਤ ਪ੍ਰਧਾਨ ਨੇ ਡਾ . ਗੁਰਮਿੰਦਰ ਸਿੱਧੂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਜੀਵਨ ਸਫਰ ਬਾਰੇ ਬੜੀ ਭਾਵਪੂਰਤ ਜਾਣਕਾਰੀ ਉਹਨਾਂ ਤੋਂ ਪ੍ਰਾਪਤ ਕੀਤੀ। ਇਹ ਵਰਨਣਯੋਗ ਹੈ ਕਿ ਡਾਕਟਰ ਗੁਰਮਿੰਦਰ ਸਿੱਧੂ ਨੇ ਪੰਜਾਬੀ ਸਾਹਿਤ ਜਗਤ ਵਿੱਚ ਬਹੁਤ ਸਾਰੀਆਂ ਰਚਨਾਵਾਂ ਨਾਲ ਆਪਣੀ ਪਛਾਣ ਬਣਾਈ ਹੈ। ਉਹਨਾਂ ਨੇ ਡਾਕਟਰੀ ਕਿੱਤੇ ਵਿੱਚ ਰਹਿੰਦਿਆਂ ਪਹਿਲੀ ਵਾਰ ਭਰੂਣ ਹੱਤਿਆ ਦੇ ਵਿਰੁੱਧ ਸੰਜੀਦਗੀ ਨਾਲ ਆਮ ਜਨਤਾ ਨੂੰ ਜਾਗਰੂਕ ਕੀਤਾ।
ਉਹਨਾਂ ਦੀ ਇੱਕ ਪੁਸਤਕ ‘ਨਾ ਮੰਮੀ ਨਾ’ ਪਹਿਲੀ ਵਾਰ ਇੱਕ ਅਣਜੰਮੀ ਧੀ ਦੀ ਪੁਕਾਰ ਦੇ ਤੌਰ ‘ਤੇ ਸਭ ਪੰਜਾਬੀ ਪਾਠਕਾਂ ਵੱਲੋਂ ਸਲਾਹੀ ਗਈ ਸੀ ਤੇ ਭਰੂਣ ਹੱਤਿਆ ਦੇ ਖਿਲਾਫ ਆਵਾਜ਼ ਬੁਲੰਦ ਕਰਨ ਤੇ ਉਹਨਾਂ ਦੇ ਵਿਸ਼ੇਸ਼ ਯੋਗਦਾਨ ਨੂੰ ਵੇਖਦੇ ਹੋਏ ਉਹਨਾਂ ਨੂੰ ‘ਸੱਤਿਆਮੇਵ ਜਯਤੇ’ ਸਟਾਰ ਪਲੱਸ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਸੀ।
ਔਰਤ ਅੰਦਰ ਜਿਊਣ ਤੇ ਜੂਝਣ ਦਾ ਜੋਸ਼ ਭਰਦੀਆਂ ਦੋ ਕਿਤਾਬਾਂ ‘ਕਹਿ ਦਿਓ ਉਸ ਕੁੜੀ ਨੂੰ’ ਤੇ ‘ਧੀਆਂ ਨਾਲ ਜੱਗ ਵਸੇਂਦਾ’ ਨੇ ਕੁੜੀਆਂ ਅੰਦਰ ਬਹੁਤ ਜੋਸ਼ ਭਰਿਆ ਹੈ। ਵਿਆਹਾਂ ਦੇ ਕਾਰਡ ਪੰਜਾਬੀ ਵਿਚ ਛਪਵਾਉਣ ਲਈ ਉਤਸ਼ਾਹਿਤ ਕਰਦੀ ਉਹਦੀ ਕਿਤਾਬ ‘ਚੌਮੁਖੀਆ ਇਬਾਰਤਾਂ’, ਜਿਸ ਵਿਚ ਸਵਾਗਤੀ ਸਮਾਰੋਹ, ਜਨਮ-ਦਿਨ, ਨਵਾਂ ਸਾਲ, ਦੀਵਾਲੀ, ਲੋਹੜੀ, ਹੋਲੀ ਵਰਗੇ ਤਿਉਹਾਰਾਂ ਲਈ ਸ਼ੁਭ-ਇਛਾਵਾਂ ਤੇ ਕਾਰਡਾਂ ਦੇ ਨਮੂਨੇ ਵੀ ਹਨ, ਇੰਟਰਨੈਟ ‘ਤੇ ਬਹੁਤ ਚਰਚਿਤ ਹੋਈ ਹੈ, ਜਿਹਨਾਂ ਨੂੰ ਪੰਜਾਬੀ ਪ੍ਰੇਮੀ ਫੇਸਬੁਕ ਜਾਂ ਵਟਸ ਐਪ ਰਾਹੀਂ ਸੁਨੇਹੇ ਭੇਜਣ ਲਈ ਵਰਤ ਰਹੇ ਹਨ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬਚਪਨ ਬਹੁਤ ਹੀ ਸਧਾਰਨ ਪਰਿਵਾਰ ‘ਚ ਬੀਤਿਆ। ਉਹਨਾਂ ਦੇ ਪਿਤਾ ਕੈਪਟਨ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ ਪਰ ਜਦੋਂ ਉਹ ਛੋਟੇ ਸਨ ਤਾਂ ਉਹਨਾਂ ਦੇ ਪਿਤਾ ਉਹਨਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਦੇ ਹੁੰਦੇ ਸਨ। ਉਹਨਾਂ ਦੇ ਦਾਦਾ ਵੀ ਹਮੇਸ਼ਾਂ ਉਹਨਾਂ ਨੂੰ ਇਸ ਗੱਲ ਦੀ ਆਸ਼ੀਰਵਾਦ ਦਿੰਦੇ ਕਿ ਉਹ ਲਿਖਣ ਪੜ੍ਹਨ ਤੇ ਆਪਣੇ ਸ਼ਖਸੀਅਤ ਦੀ ਉਸਾਰੀ ਕਰਨ। ਉਹਨਾਂ ਨੂੰ ਘਰੇਲੂ ਮਾਹੌਲ ਇਸ ਤਰ੍ਹਾਂ ਦਾ ਮਿਲਿਆ ਜਿੱਥੇ ਉਹਨਾਂ ਦੀ ਸ਼ਖਸੀਅਤ ਦਾ ਵਿਕਾਸ ਹੋ ਸਕਿਆ। ਮੈਡੀਕਲ ਕਿੱਤੇ ਦੀ ਪੜ੍ਹਾਈ ਕਰਦਿਆਂ ਕਰਦਿਆਂ ਹੀ ਉਹਨਾਂ ਨੇ ਕਾਵਿ ਰਚਨਾਵਾਂ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ ਉਸ ਸਮੇਂ ਬਹੁਤ ਸਾਰੇ ਮੈਗਜ਼ੀਨ ਉਨ੍ਹਾਂ ਦੇ ਘਰ ਵਿੱਚ ਆਉਂਦੇ ਸਨ ਜਿਨ੍ਹਾਂ ਨੂੰ ਪੜ੍ਹ ਕੇ ਉਹਨਾਂ ਨੂੰ ਲਿਖਣ ਦੀ ਪ੍ਰੇਰਨਾ ਮਿਲਦੀ ਤੇ ਅੱਠਵੀਂ ਕਲਾਸ ਵਿੱਚ ਉਹਨਾਂ ਨੇ ਪਹਿਲੀ ਵਾਰ ਆਪਣੀ ਕਵਿਤਾ ਲਿਖੀ ਸੀ। ਮੈਡੀਕਲ ਕਾਲਜ ਤੱਕ ਪਹੁੰਚਦਿਆਂ ਪਹੁੰਚਦਿਆਂ 18 ਦੇ ਕਰੀਬ ਉਹਨਾਂ ਦੀਆਂ ਕਵਿਤਾਵਾਂ ਛਪ ਚੁੱਕੀਆਂ ਸਨ ਜਿਨ੍ਹਾਂ ਨੇ ਉਹਨਾਂ ਨੂੰ ਪ੍ਰੇਰਨਾ ਦਿੱਤੀ। ਉਹਨਾਂ ਨੇ ਕੁਝ ਜ਼ਿਕਰ ਸਾਂਝੇ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਦਾ ਜੀਵਨ ਬੜਾ ਸਾਦਗੀ ਭਰਪੂਰ ਸੀ ਜਿੱਥੇ ਵੱਡਿਆਂ ਵੱਲੋਂ ਦਿੱਤੇ ਜਾਂਦੇ ਅਸ਼ੀਰਵਾਦ ਨਾਲ ਬੱਚੇ ਅੱਗੇ ਵਧਦੇ ਸਨ ਤੇ ਉਹ ਉਹਨਾਂ ਦੇ ਪਤੀ ਡਾਕਟਰ ਬਲਦੇਵ ਸਿੰਘ ਖਹਿਰਾ ਨੇ ਵੀ ਉਹਨਾਂ ਦਾ ਹੌਸਲਾ ਵਧਾਇਆ ਤੇ ਉਹਨਾਂ ਨੂੰ ਪੁਸਤਕਾਂ ਲਿਖਣ ਲਈ ਤੇ ਆਪਣੇ ਸ਼ੌਂਕ ਪੂਰੇ ਕਰਨ ਦਾ ਪੂਰਾ ਮੌਕਾ ਦਿੱਤਾ। ‘ਚੰਦ ਦੀ ਬਰਫੀ’ ਵਰਗੀ ਬਾਲ-ਕਵਿਤਾ, ਜਿਸਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸ੍ਰੀ ਗੁਰੂ ਹਰਕਿਸ਼ਨ ਪੁਰਸਕਾਰ ਮਿਲ ਚੁੱਕਾ ਹੈ, ਨੇ ਬਾਲ-ਪ੍ਰੇਮੀ ਪਾਠਕਾਂ ਦੇ ਮਨ ਨੂੰ ਛੂਹਿਆ।
‘ਰੁੱਖਾਂ ਦੀ ਅੰਤਾਕਸ਼ਰੀ’ ਸਕੂਲਾਂ ਲਈ ਪ੍ਰਵਾਨਿਤ ਹੋ ਕੇ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਦੀ ਹੈ, ਜਦਕਿ ‘ਬੋਹੜ ਦਾ ਦਰੱਖਤ’ ਹਿੰਦੀ ਤੋਂ ਪੰਜਾਬੀ ਵਿੱਚ ਕੀਤਾ ਗਿਆ ਅਨੁਵਾਦ, ਸਾਂਝੀ ਸੰਸਕ੍ਰਿਤੀ ਨੂੰ ਪੋਸ਼ਣ ਦੇਣ ਵਾਲੀ ਕੋਸ ਿਹੈ। ਵਾਰਤਕ ਰਚਨਾਵਾਂ ‘ਧੀਆਂ ਨਾਲ ਜੱਗ ਵਸੇਂਦਾ’, ‘ਨਾ! ਮੰਮੀ ਨਾ’ ਅਤੇ ‘ਚੇਤਿਆਂ ਦਾ ਸੰਦੂਕ’ – ਜਿਸਨੂੰ ਭਾਸ਼ਾ ਵਿਭਾਗ ਵੱਲੋਂ ਪੁਰਸਕਾਰ ਵੀ ਮਿਲ ਚੁੱਕਾ ਹੈ – ਸਮਾਜਕ ਸੰਵੇਦਨਸ਼ੀਲਤਾ ਅਤੇ ਮਨੁੱਖੀ ਸੰਬੰਧਾਂ ਦੀ ਅੰਤਰਯਾਤਰਾ ਨੂੰ ਸਮਰਪਿਤ ਹਨ। ਹੰਝੂ ਭਿੱਜਿਆ ਮੌਸਮ ਤਾਰਿਆਂ ਦੀ ਛਾਵੇਂ, ਮੱਸਿਆ ਤੇ ਗੁਲਾਬੀ ਲੋਅ, ਬੁੱਕਲ ਵਿਚਲੇ ਸੂਰਜ, ਚੌਮੁਖੀਆ ਇਬਾਰਤਾਂ (1) ਹੁਣ ਅਲਵਿਦਾ ਹੁੰਦੇ ਨੇ ਖ਼ਤ, ਕਹਿ ਦਿਓ ਉਸ ਕੁੜੀ ਨੂੰ ਆਦਿ ਪੁਸਤਕਾਂ ਵਿਸ਼ੇਸ਼ ਤੌਰ ‘ਤੇ ਸਾਲਾਹੁਣਯੋਗ ਹਨ। ਡਾਕਟਰ ਗੁਰਮਿੰਦਰ ਸਿੱਧੂ ਨੇ ਆਪਣੀਆਂ ਰਚਨਾਵਾਂ ਵੀ ਸੁਣਾਈਆਂ ਜਿਨ੍ਹਾਂ ਵਿੱਚ ਉਹਨਾਂ ਨੇ ਵਿਸ਼ਵ ਅਮਨ ਦੀ ਗੱਲ ਕੀਤੀ।
ਅਜੋਕੇ ਦੌਰ ਵਿੱਚ ਧਰਮ ਦੇ ਨਾਂ ‘ਤੇ ਹੋਣ ਵਾਲੇ ਮਾਨਵੀ ਹੱਕਾਂ ਦੇ ਘਾਣ ਬਾਰੇ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ। ਇਸ ਪ੍ਰੋਗਰਾਮ ਵਿੱਚ ਸ਼ਾਮਲ ਦਰਸ਼ਕਾਂ ਨੇ ਵੀ ਆਪਣੀਆਂ ਟਿੱਪਣੀਆਂ ਕੀਤੀਆਂ, ਜਿਨ੍ਹਾਂ ਵਿੱਚ ਡਾਕਟਰ ਕੰਵਲਜੀਤ ਕੌਰ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਵਰਤਮਾਨ ਸਮੇਂ ਨਾਰੀ ਦੀ ਸਥਿਤੀ ਬਾਰੇ ਕੁਝ ਵਿਚਾਰ ਤੇ ਗੁਰਮਿੰਦਰ ਸਿੱਧੂ ਦੀ ਰਚਨਾਵਾਂ ਵਿੱਚ ਨਾਰੀ ਬਾਰੇ ਗੱਲ ਕੀਤੀ ਤੇ ਭਰੂਣ ਹੱਤਿਆ ਨਾਲ ਸੰਬੰਧਿਤ ਚੁਣੌਤੀਆਂ ਦੇ ਬਾਰੇ ਵੀ ਚਰਚਾ ਕੀਤੀ। ਪ੍ਰੋ. ਨਵਰੂਪ ਕੌਰ ਵਾਈਸ ਪ੍ਰਿੰਸੀਪਲ ਐਚ ਐਮ ਵੀ ਕਾਲਜ ਜਲੰਧਰ ਨੇ ਵੀ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਹਨਾਂ ਤੋਂ ਇਲਾਵਾ ਮੀਤਾ ਖੰਨਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਡਾਕਟਰ ਬਲਜੀਤ ਕੌਰ ਰਿਆੜ ਕਨਵੀਨਰ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਤੇ ਅਸਿਸਟੈਂਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਡਾਕਟਰ ਗੁਰਮਿੰਦਰ ਕੌਰ ਸਿੱਧੂ ਦੀ ਕਵਿਤਾ ਨੂੰ ਸੰਵੇਦਨਾ ਭਰਪੂਰ ਕਿਹਾ ਜਿਹੜੀ ਮਾਨਵੀ ਹੱਕਾਂ ਵਾਸਤੇ ਸਾਨੂੰ ਸੁਚੇਤ ਕਰਦੀ ਹੈ। ਇਹਨਾਂ ਤੋਂ ਇਲਾਵਾ ਹੋਰ ਵੀ ਕਈ ਦਰਸ਼ਕਾਂ ਨੇ ਆਪਣੇ ਕਮੈਂਟ ਤੇ ਟਿੱਪਣੀਆਂ ਲਿਖੀਆਂ ਪ੍ਰੋਗਰਾਮ ਦੇ ਅੰਤ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚੇਅਰਮੈਨ ਸਰਦਾਰ ਪਿਆਰਾ ਸਿੰਘ ਕੁੱਦੋਵਾਲ ਨੇ ਡਾਕਟਰ ਗੁਰਮਿੰਦਰ ਕੌਰ ਸਿੱਧੂ ਦੀ ਲਿਖਤ ਨੂੰ ਜਿੱਥੇ ਨਾਰੀ ਸ਼ਕਤੀ ਦੇ ਭਰੋਸੇ ਦੇ ਵਿਸ਼ਵਾਸ ਦਾ ਪ੍ਰਤੀਕ ਦੱਸਿਆ ਉਥੇ ਨਾਲ ਹੀ ਸਮਾਜਿਕ ਸਰੋਕਾਰਾਂ ਭਰਪੂਰ ਵਿਸ਼ਿਆਂ ਵਿੱਚ ਉਹਨਾਂ ਦੀ ਖਾਸੀਅਤ ਦੀ ਗੱਲ ਕੀਤੀ।
ਉਹਨਾਂ ਨੇ ਕਿਹਾ ਕਿ ਡਾਕਟਰ ਗੁਰਮਿੰਦਰ ਕੌਰ ਸਿੱਧੂ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤ ਨਾਲ ਜੁੜੇ ਹਨ ਤੇ ਨਿਰੰਤਰ ਕਾਰਜਸ਼ੀਲ ਹਨ ਤੇ ਭਵਿੱਖ ਵਿੱਚ ਵੀ ਇਹਨਾਂ ਤੋਂ ਬਹੁਤ ਸਾਰੀਆਂ ਉਮੀਦਾਂ ਕਰ ਸਕਦੇ ਹਾਂ। ਉਹਨਾਂ ਨੇ ਪ੍ਰੋਫੈਸਰ ਕੁਲਜੀਤ ਕੌਰ ਦੇ ਪ੍ਰਸ਼ਨ ਪੁੱਛਣ ਦੇ ਅੰਦਾਜ਼ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਇਸ ਅੰਦਾਜ ਨਾਲ ਪੁੱਛਦੇ ਹਨ ਕਿ ਵਿਸ਼ੇਸ਼ ਮਹਿਮਾਨ ਆਪਣੇ ਮਨ ਦੀਆਂ ਗੱਲਾਂ ਬੇਝਿਜਕ ਹੋ ਕੇ ਕਰੀ ਜਾਂਦਾ ਹੈ। ਉਹਨਾਂ ਨੇ ਗੁਰਮਿੰਦਰ ਸਿੱਧੂ ਦੀ ਇੱਕ ਰਚਨਾ ਨੂੰ ਗਾ ਕੇ ਮਾਹੌਲ ਮੰਤਰ ਮੁਗਧ ਕਰ ਦਿੱਤਾ ਤੇ ਸਭ ਦਾ ਧੰਨਵਾਦ ਕੀਤਾ। ਇਸ ਪ੍ਰਕਾਰ ਇਹ ਪ੍ਰੋਗਰਾਮ ਆਪਣੀਆਂ ਵਿਸ਼ੇਸ਼ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਪਿਆਰਾ ਸਿੰਘ ਕੁੱਦੋਵਾਲ ਨੇ ਡਾ ਗੁਰਮਿੰਦਰ ਸਿੱਧੂ ਦੀ ਸ਼ਖਸੀਅਤ ਨੂੰ ਸਾਰਿਆਂ ਵਾਸਤੇ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਦੱਸਿਆ। ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਦਰਸ਼ਕ ਜੁੜੇ ਸਨ ਤੇ ਫੇਸਬੁਕ ਲਾਈਵ ਰਾਹੀ ਦਰਸ਼ਕਾਂ ਨੇ ਆਪਣੀਆਂ ਟਿੱਪਣੀਆਂ ਕੀਤੀਆਂ ਤੇ ਚੈਟ ਬਾਕਸ ਵਿਚ ਵੀ ਆਪਣੇ ਮੈਸੇਜ ਸ਼ੇਅਰ ਕੀਤੇ । ਮੁੱਖ ਤੌਰ ‘ਤੇ ਸ਼ਾਮਲ ਦਰਸ਼ਕਾਂ ਵਿੱਚ ਗੁਰਚਰਨ ਸਿੰਘ ਜੋਗੀ, ਪੋਲੀ ਬਰਾੜ, ਗਿਆਨ ਸਿੰਘ ਘਈ, ਮਲੂਕ ਸਿੰਘ ਕਾਹਲੋਂ, ਡਾ . ਪੁਸ਼ਪਿੰਦਰ ਕੌਰ ਖੋਖਰ, ਹਰਦਿਆਲ ਸਿੰਘ ਝੀਤਾ, ਡਾ . ਗੁਰਜੰਟ ਸਿੰਘ, ਦਲਬੀਰ ਸਿੰਘ ਰਿਆੜ, ਮੀਤ ਪ੍ਰਧਾਨ ਸਤਬੀਰ ਸਿੰਘ, ਅੰਮ੍ਰਿਤ ਦਰਸ਼ਨ, ਜਗਦੀਪ ਮਾਂਗਟ ਅਤੇ ਜਨਰਲ ਸਕੱਤਰ ਡਾ . ਅਮਰ ਜੋਤੀ ਮਾਂਗਟ, ਹਰਭਜਨ ਗਿੱਲ, ਹਰਜੀਤ ਬਮਰਾ, ਹਰਜੀਤ ਕੌਰ, ਮਹਿੰਦਰ ਸਿੰਘ ਜੱਗੀ, ਹਰਦੀਪ ਕੌਰ, ਸੋਹਣ ਸਿੰਘ ਗੈਦੂ, ਰਿਪੂ ਦਮਨ ਆਦਿ ਸ਼ਾਮਿਲ ਸਨ। ਇਹ ਰਿਪੋਰਟ ਪ੍ਰੋ. ਕੁਲਜੀਤ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ। ਧੰਨਵਾਦ ਸਹਿਤ।
ਰਮਿੰਦਰ ਵਾਲੀਆ ਫ਼ਾਊਂਡਰ ਅਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।