ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ, ਵਿਜੀਲੈਂਸ ਨੂੰ ਸਟੇਟਸ ਰਿਪੋਰਟ ਜਮ੍ਹਾਂ ਕਰਵਾਉਣ ਦੇ ਦਿੱਤੇ ਹੁਕਮ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਵਿਜੀਲੈਂਸ ਨੂੰ ਹੁਕਮ ਦਿੱਤਾ ਕਿ ਇਸ ਪੂਰੇ ਮਾਮਲੇ ਦੀ ਸਟੇਟਸ ਰਿਪੋਰਟ ਜਮ੍ਹਾਂ ਕਰਵਾਈ ਜਾਵੇਗੀ ਅਤੇ ਉਸ ਤੋਂ ਬਾਅਦ ਐਫਆਈਆਰ ਦਰਜ ਕਰਨ ਦਾ ਫੈਸਲਾ ਲਿਆ ਜਾਵੇਗਾ। ਧਿਆਨ ਰਹੇ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਸੰਪਤੀ ਬਣਾਉਣ ਦੇ ਮਾਮਲੇ ਵਿਚ ਭਰਤ ਇੰਦਰ ਚਾਹਲ ਖਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਜਸਟਿਸ ਰਾਜ ਮੋਹਨ ਸਿੰਘ ਨੇ ਭਰਤ ਇੰਦਰ ਚਾਹਲ ਨੂੰ ਕਿਹਾ ਕਿ ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋ ਕੇ ਜੋ ਵੀ ਰਿਕਾਰਡ ਹੈ ਉਹ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਉਣ। ਇਸ ਤੋਂ ਪਹਿਲਾਂ ਭਰਤ ਇੰਦਰ ਚਾਹਲ ਨੂੰ ਵਿਜੀਲੈਂਸ ਨੇ ਸੰਮਨ ਭੇਜ ਕੇ 15 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਸੀ। ਵਿਜੀਲੈਂਸ ਵੱਲੋਂ ਉਨ੍ਹਾਂ ਦੇ ਘਰ ਜਾ ਕੇ ਸਕਿਓਰਿਟੀ ਗਾਰਡ ਨੂੰ ਸੰਮਨ ਸੌਂਪੇ ਸਨ ਅਤੇ ਸਕਿਓਰਿਟੀ ਗਾਰਡ ਨੇ ਵਿਜੀਲੈਂਸ ਟੀਮ ਨੂੰ ਭਰਤ ਇੰਦਰ ਚਾਹਲ ਦੇ ਘਰ ਆਉਣ ਸਮੇਂ ਸੰਮਨ ਸੌਂਪਣ ਦੀ ਗੱਲ ਆਖੀ ਸੀ। ਜਦਕਿ ਵਿਜੀਲੈਂਸ ਚਾਹਲ ਦੇ ਘਰ ਦੇ ਬਾਹਰ ਵੀ ਨੋਟਿਸ ਲਗਾ ਚੁੱਕੀ ਹੈ ਪ੍ਰਤੂ ਭਰਤ ਇੰਦਰ ਚਾਹਲ ਜਾਂਚ ਵਿਚ ਸ਼ਾਮਲ ਹੋਣ ਲਈ ਨਹੀਂ ਪਹੁੰਚੇ ਸਨ।