ਕਿਹਾ : ਮੈਂ ਕੰਮ ਕਰਨ ਵਿਚ ਵਿਸ਼ਵਾਸ ਰੱਖਦਾ ਪਬਲੀਸਿਟੀ ਵਿਚ ਨਹੀਂ
ਜਲੰਧਰ/ਬਿਊਰੋ ਨਿਊਜ਼ : ਸਾਬਕਾ ਕ੍ਰਿਕਟਰ ਅਤੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਨੇ ਰਾਜ ਸਭਾ ’ਚ ਉਨ੍ਹਾਂ ਦੀ ਹਾਜ਼ਰੀ ਨੂੰ ਲੈ ਕੇ ਸਵਾਲ ਚੁੱਕਣ ਵਾਲਿਆਂ ਨੂੰ ਲਿਆ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਰਾਜ ਸਭਾ ’ਚ ਉਨ੍ਹਾਂ ਦੀ ਹਾਜ਼ਰੀ 60 ਫੀਸਦੀ ਤੋਂ ਜ਼ਿਆਦਾ ਹੈ। ਉਨ੍ਹਾਂ ਪੰਜਾਬ ਦੇ ਕਈ ਮੁੱਦਿਆਂ ਨੂੰ ਸਦਨ ’ਚ ਉਠਾਇਆ ਵੀ ਹੈ। ਹਰਭਜਨ ਸਿੰਘ ਨੇ ਹਾਜ਼ਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਦੇਖਣ। ਭੱਜੀ ਨੇ ਦਾਅਵਾ ਕੀਤਾ ਕਿ ਸ਼ਾਇਦ ਉਹ ਪਹਿਲੇ ਰਾਜ ਸਭਾ ਮੈਂਬਰ ਹੋਣਗੇ ਜਿਨ੍ਹਾਂ ਆਪਣਾ ਲਗਭਗ ਸਾਰਾ ਐਮਪੀ ਲੈਡ ਫੰਡ ਡੀਸੀ ਰਾਹੀਂ ਵਿਕਾਸ ਕਾਰਜਾਂ ’ਚ ਲਗਾ ਦਿੱਤਾ ਹੈ। ਭਜੀ ਨੇ ਅੱਗੇ ਕਿਹਾ ਕਿ ਉਨ੍ਹਾਂ ਵਿਚ ਸਿਰਫ਼ ਇਕ ਹੀ ਕਮੀ ਹੈ ਕਿ ਉਹ ਆਪਣੀ ਪਬਲੀਸਿਟੀ ਨਹੀਂ ਕਰਦਾ। ਭੱਜੀ ਅੱਗੇ ਬੋਲੇ ਕਿ ਮੈਨੂੰ ਮੇਰੇ ਪ੍ਰਮਾਤਮਾ ਨੇ ਮੇਰੀ ਔਕਾਤ ਨਾਲੋਂ ਕਿਤੇ ਜ਼ਿਆਦਾ ਦਿੱਤਾ ਹੈ ਇਸ ਲਈ ਮੈਨੂੰ ਪਬਲੀਸਿਟੀ ਦੀ ਜ਼ਰੂਰਤ ਨਹੀਂ। ਮੈਂ ਸਿਰਫ਼ ਕੰਮ ਕਰਨ ’ਚ ਵਿਸ਼ਵਾਸ ਰੱਖਦਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਜਿੱਥੋਂ ਵੀ ਕੋਈ ਚਿੱਠੀ ਆਉਂਦੀ ਹੈ ਜਾਂ ਕੋਈ ਮੈਨੂੰ ਆ ਕੇ ਮਿਲਦਾ ਹੈ ਅਤੇ ਕਹਿੰਦਾ ਹੈ ਕਿ ਵਿਕਾਸ ਕਾਰਜ ਦੇ ਲਈ ਪੈਸਾ ਚਾਹੀਦਾ ਹੈ ਤਾਂ ਆਪਣੀ ਟੀਮ ਨੂੰ ਭੇਜੇ ਉਥੇ ਵੈਰੀਫਾਈ ਕਰਵਾਉਂਦਾ ਹੈ ਅਤੇ ਬਾਅਦ ਵਿਚ ਕੰਮ ਲਈ ਫੰਡ ਜਾਰੀ ਕਰਦਾ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਦਾ ਪੈਸਾ ਹੈ ਅਤੇ ਇਸ ਨੂੰ ਸਿਰਫ਼ ਲੋਕਾਂ ’ਤੇ ਹੀ ਖਰਚ ਕੀਤਾ ਜਾਵੇਗਾ।