ਪੰਜਾਬ ਸਰਕਾਰ ਨੂੰ 80 ਏਕੜ ਜ਼ਮੀਨ ਦੇਣ ਲਈ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼
ਆਖਿਰ ਕਈ ਸਾਲਾਂ ਦੀ ‘ਹਾਂ-ਨਾਂਹ’ ਮਗਰੋਂ ਭਾਰਤੀ ਏਅਰਪੋਰਟ ਅਥਾਰਿਟੀ ਨੇ ਆਦਮਪੁਰ ਵਿਚ ਹਵਾਈ ਅੱਡਾ ਬਣਾਉਣ ‘ਤੇ ਆਪਣੀ ਮੋਹਰ ਲਾ ਦਿੱਤੀ ਹੈ।
ਅਥਾਰਿਟੀ ਨੇ ਇਸ ਬਾਰੇ ਪੰਜਾਬ ਸਰਕਾਰ ਨੂੰ ਬਕਾਇਦਾ ਪੱਤਰ ਲਿਖਦਿਆਂ ਇਸ ਹਵਾਈ ਅੱਡੇ ਦਾ ਕੰਮ ਸ਼ੁਰੂ ਕਰਨ ਲਈ 80 ਏਕੜ ਜ਼ਮੀਨ ਮੰਗ ਲਈ ਹੈ। ਹਵਾਈ ਅੱਡੇ ਦੀ ਉਸਾਰੀ ਲਈ ਅਥਾਰਿਟੀ ਨੇ 62 ਕਰੋੜ ਰੁਪਏ ਲਾਗਤ ਦਾ ਅਨੁਮਾਨ ਲਾਇਆ ਹੈ ਅਤੇ ਕੁੱਲ ਲਾਗਤ ‘ਚੋਂ 50 ਫ਼ੀਸਦੀ ਭਾਵ 31 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਪਾਉਣ ਲਈ ਕਿਹਾ ਹੈ।
ਇਸ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਗੱਲ ਆਖੀ ਗਈ ਹੈ। ਅਥਾਰਿਟੀ ਦੀ ਪ੍ਰਵਾਨਗੀ ਤੋਂ ਪਹਿਲਾਂ ਇਸ ਹਵਾਈ ਅੱਡੇ ਨੂੰ ਹਵਾਈ ਫੌਜ ਅਤੇ ਕੇਂਦਰੀ ਰੱਖਿਆ ਮੰਤਰਾਲੇ ਵੱਲੋਂ ਸਿਧਾਂਤਕ ਪ੍ਰਵਾਨਗੀ ਮਿਲ ਚੁੱਕੀ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਬਠਿੰਡਾ, ਸਾਹਨੇਵਾਲ, ਪਠਾਨਕੋਟ ਅਤੇ ਹਲਵਾਰਾ ਵਿਖੇ ਘਰੇਲੂ ਹਵਾਈ ਅੱਡੇ ‘ਹਾਂ-ਨਾਂਹ’ ਦੀ ਸ਼ਸ਼ੋਪੰਜ ਵਿਚ ਉਲਝੇ ਹੋਏ ਹਨ।
ਹਲਵਾਰੇ ਦੀ ਤਜਵੀਜ਼ ਪੰਜਾਬ ਸਰਕਾਰ ਨੇ ਕੇਂਦਰੀ ਰੱਖਿਆ ਮੰਤਰਾਲੇ ਨੂੰ ਭੇਜੀ ਸੀ, ਪ੍ਰੰਤੂ ਮੰਤਰਾਲੇ ਨੇ ਇਸ ਨੂੰ ਅਜੇ ਪ੍ਰਵਾਨਗੀ ਨਹੀਂ ਦਿੱਤੀ। ਅਥਾਰਿਟੀ ਵਲੋਂ ਪੰਜਾਬ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਲਿਖਿਆ ਪੱਤਰ ਮੀਡੀਆ ਨਾਲ ਸਾਂਝਾ ਕਰਦਿਆਂ ਕੇਂਦਰੀ ਰਾਜ ਮੰਤਰੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਕਿ ਉਪਰੋਕਤ ਅਥਾਰਿਟੀ ਨੇ 3 ਮਹੀਨੇ ਇਸ ਹਵਾਈ ਅੱਡੇ ਦੇ ਆਰਥਿਕ ਅਤੇ ਤਕਨੀਕੀ ਪਹਿਲੂਆਂ ਬਾਰੇ ਸਰਵੇ ਕੀਤਾ ਸੀ, ਜਿਸ ਵਿਚ ਇਹ ਪਤਾ ਲਾਇਆ ਗਿਆ ਸੀ ਕਿ ਜੇ ਆਦਮਪੁਰ ਵਿਚ ਇਹ ਹਵਾਈ ਅੱਡਾ ਬਣਦਾ ਹੈ ਤਾਂ ਇੱਥੋਂ ਸਬੰਧਿਤ ਅਥਾਰਿਟੀਆਂ ਨੂੰ ਮੁਨਾਫ਼ਾ ਹੋਵੇਗਾ ਜਾਂ ਨਹੀਂ। ਉਨ੍ਹਾਂ ਕਿਹਾ ਕਿ ਉਸ ਸਰਵੇਖਣ ਤੋਂ ਬਾਅਦ ਹੀ ਅਥਾਰਿਟੀ ਨੇ ਇਸ ਹਵਾਈ ਅੱਡੇ ਨੂੰ ਪ੍ਰਵਾਨਗੀ ਦਿੱਤੀ ਹੈ।ઠ
ਕੇਂਦਰ ਸਰਕਾਰ ਪੂਰੀ ਲਾਗਤ ਦੇਣ ਲਈ ਰਾਜ਼ੀ : ਵਿਜੇ ਸਾਂਪਲਾ
ਵਿਜੇ ਸਾਂਪਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਪੰਜਾਬ ਆਏ ਸਨ ਤਾਂ ਉਨ੍ਹਾਂ ਇਸ ਬਾਰੇ ਜੇਤਲੀ ਨਾਲ ਗੱਲ ਕੀਤੀ ਸੀ ਕਿ ਹਵਾਈ ਅੱਡੇ ‘ਤੇ ਆਉਣ ਵਾਲੀ 50 ਫ਼ੀਸਦੀ ਲਾਗਤ ਪੰਜਾਬ ਸਰਕਾਰ ਤੋਂ ਪਵਾਉਣ ਦੀ ਬਜਾਇ ਕੇਂਦਰ ਸਰਕਾਰ ਹੀ ਸਾਰੀ ਰਾਸ਼ੀ ਅਦਾ ਕਰੇ। ਸਾਂਪਲਾ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਜੇਤਲੀ ਨੇ ਕਿਹਾ ਕਿ ਸਮੁੱਚੀ ਨਿਰਮਾਣ ਲਾਗਤ ਕੇਂਦਰ ਵੱਲੋਂ ਹੀ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲੰਧਰ, ਹੁਸ਼ਿਆਰਪੁਰ ਪਰਵਾਸੀ ਭਾਰਤੀਆਂ ਨਾਲ ਸਬੰਧਿਤ ਖੇਤਰ ਹੋਣ ਕਰਕੇ ਅਤੇ ਇੱਥੋਂ ਦੇ ਨੌਜਵਾਨਾਂ ਦੇ ਡੁਬਈ ਅਤੇ ਅਰਬ ਦੇਸ਼ਾਂ ‘ਚ ਜਾਣ ਕਰਕੇ ਇਸ ਹਵਾਈ ਅੱਡੇ ਦਾ ਕਾਫੀ ਮਹੱਤਵ ਹੈ ਤੇ ਹਿਮਾਚਲ ਪ੍ਰਦੇਸ਼ ਦੇ ਵਸਨੀਕਾਂ ਲਈ ਵੀ ਇਹ ਅੱਡਾ ਲਾਹੇਵੰਦ ਸਾਬਿਤ ਹੋਵੇਗਾ ਅਤੇ ਇਸਦੇ ਨਾਲ-ਨਾਲ ਹੁਸ਼ਿਆਰਪੁਰ ਫੁੱਲਾਂ ਅਤੇ ਸਬਜ਼ੀਆਂ ਦਾ ਦਰਾਮਦਕਾਰ ਹੋਣ ਕਰਕੇ ਅਤੇ ਜਲੰਧਰ ਇਕ ਵੱਡੀ ਸਨਅਤੀ ਹੱਬ ਹੋਣ ਕਰਕੇ ਇਸ ਨਾਲ ਵਪਾਰ ਨੂੰ ਹੋਰ ਹੁਲਾਰਾ ਮਿਲੇਗਾ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …