ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਕਈ ਵਿਦਿਆਰਥੀਆਂ ਲਈ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਕੁਝ ਸਕੂਲ ਬੋਰਡਜ਼ ਨੇ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ। ਬਲੂਵਾਟਰ ਡਿਸਟ੍ਰਿਕਟ ਸਕੂਲ ਬੋਰਡ, ਦ ਡਿਸਟ੍ਰਿਕਟ ਸਕੂਲ ਬੋਰਡ ਆਫ ਨਾਇਗਰਾ ਤੇ ਹਾਲਟਨ ਡਿਸਟ੍ਰਿਕਟ ਸਕੂਲ ਬੋਰਡ ਸਮੇਤ ਕੁੱਝ ਹੋਰ ਬੋਰਡਜ਼ ਵੱਲੋਂ ਵੀਰਵਾਰ ਤੋਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ।
ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵਰਗੇ ਕੁੱਝ ਹੋਰ ਬੋਰਡਜ਼ ਵੱਲੋਂ ਵੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਇਹ ਤੀਜਾ ਸਕੂਲ ਵਰ੍ਹਾ ਹੈ ਜਿਹੜਾ ਕੋਵਿਡ-19 ਮਹਾਂਮਾਰੀ ਕਾਰਨ ਪ੍ਰਭਾਵਿਤ ਹੋਣ ਜਾ ਰਿਹਾ ਹੈ। ਉਨਟਾਰੀਓ ਦੇ ਸਿੱਖਿਆ ਮੰਤਰਾਲੇ ਵੱਲੋਂ ਸਕੂਲਾਂ ਨੂੰ ਭੇਜੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਟਾਫ ਤੇ ਵਿਦਿਆਰਥੀਆਂ ਨੂੰ ਕੋਵਿਡ-19 ਲਈ ਸੈਲਫ ਸਕਰੀਨਿੰਗ ਤੇ ਇੰਡੋਰ ਵਿੱਚ ਮਾਸਕ ਪਾਉਣ ਦੀ ਸ਼ਰਤ ਰੱਖੀ ਗਈ ਹੈ।ਇਸ ਲਈ ਮਹਾਂਮਾਰੀ ਕਾਰਨ ਇਨ ਪਰਸਨ ਤੌਰ ਉੱਤੇ ਕਲਾਸਾਂ ਨਾ ਲਾ ਸਕਣ ਵਾਲੇ ਵਿਦਿਆਰਥੀਆਂ ਲਈ ਆਨਲਾਈਨ ਲਰਨਿੰਗ ਦਾ ਬਦਲ ਵੀ ਰੱਖਿਆ ਗਿਆ ਹੈ।