ਬਰੈਂਪਟਨ/ਬਿਊਰੋ ਨਿਊਜ਼
ਲੰਘੇ ਐਤਵਾਰ 30 ਅਕਤੂਬਰ ਨੂੰ ‘ਫੋਰਮ ਫ਼ਾਰ ਜਸਟਿਸ ਐਂਡ ਇਕੁਐਲਿਟੀ’ ਵੱਲੋਂ ਸ਼ਿੰਗਾਰ ਬੈਂਕੁਇਟ ਹਾਲ ਵਿੱਚ ਅਮਨ ਰੈਲੀ ਦਾ ਸਫ਼ਲ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਸੈਂਕੜੇ ਹੀ ਅਮਨ-ਪਸੰਦ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਫ਼ੋਰਮ ਵਿੱਚ ਸ਼ਾਮਲ 10 ਜਥੇਬੰਦੀਆਂ ਤੋਂ ਇਲਾਵਾ ਦਰਜਨਾਂ ਹੀ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸ ਵਿੱਚ ਆਪਣੀ ਹਾਜ਼ਰੀ ਲਵਾਈ ਅਤੇ ਭਵਿੱਖ ਵਿੱਚ ਇਸ ਫੋਰਮ ਦੇ ਭਾਗੀਦਾਰ ਬਣਨ ਦੀ ਇੱਛਾ ਜ਼ਾਹਿਰ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮੈਂਬਰ ਤਲਵਿੰਦਰ ਮੰਡ ਨੇ ਹਾਜ਼ਰੀਨ ਨਾਲ ਫੋਰਮ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਫਿਰ ਟੋਰਾਂਟੋ ਏਰੀਏ ਦੇ ਨਾਮਵਰ-ਗਾਇਕ ਇਕਬਾਲ ਬਰਾੜ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਇੱਕ ਗੀਤ ਪੇਸ਼ ਕੀਤਾ ਜਿਸ ਨੂੰ ਸਰੋਤਿਆਂ ਵੱਲੋਂ ਬੇਹੱਦ ਸਲਾਹਿਆ ਗਿਆ। ਉਪਰੰਤ, ਤਲਵਿੰਦਰ ਮੰਡ ਨੇ ‘ਚੇਤਨਾ ਕਲਚਰਲ ਰੰਗਮੰਚ’ ਦੇ ਨਾਹਰ ਸਿੰਘ ਔਜਲਾ ਦੀ ਜਾਣ-)ਪਛਾਣ ਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਮੰਚ ਸੰਭਾਲਣ ਲਈ ਬੇਨਤੀ ਕੀਤੀ ਜਿਨ੍ਹਾਂ ਨੇ ਇਸ ਫੋਰਮ ਦੀ ਲੋੜ ਅਤੇ ਇਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਵੱਖ-ਵੱਖ ਬੁਲਾਰਿਆਂ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ। ਸੱਭ ਤੋਂ ਪਹਿਲਾਂ ਕਮਿਊਨਿਟੀ ਦੀ ਜਾਣੀ-ਪਛਾਣੀ ਸ਼ਖਸੀਅਤ, ਮੀਡੀਆਕਾਰ ਅਤੇ ਲੇਖਕ ਜਸਵੀਰ ਸ਼ਮੀਲ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਇਸ ਸਮੇਂ ਬਣਿਆ ਹੋਇਆ ਜੰਗ ਵਰਗਾ ਮਾਹੌਲ ਕਨੇਡਾ ਵੱਸਦੇ ਪਰਵਾਸੀ ਲੋਕਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜਦੋਂ ਦੋ ਮੁਲਕ ਹੋਂਦ ਵਿੱਚ ਆ ਹੀ ਚੁੱਕੇ ਹਨ ਤਾਂ ਫਿਰ ਹੁਣ ਇਨ੍ਹਾਂ ਨੂੰ ਜੰਗ ਦੀ ਬਜਾਏ ਅਮਨ-ਅਮਾਨ ਨਾਲ ਰਹਿਣਾ ਚਾਹੀਦਾ ਹੈ। ‘ਸਵਰਾਜ ਅਭਿਆਨ ਗਰੱਪ’ ਦੇ ਡਾ. ਗੁਰਚਰਨ ਗੁਲੇਰੀਆ ਜੋ ਆਪ ਵੀ ਫ਼ੌਜ ਵਿੱਚ ਨੌਕਰੀ ਕਰਦੇ ਰਹੇ ਹਨ, ਨੇ ਕਿਹਾ ਕਿ ਇਹ ਜੰਗ ਵਰਗਾ ਮਾਹੌਲ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਬਹੁਤ ਹੀ ਡੂੰਘਾ ਮਨੋਵਿਗਿਆਨਕ ਪ੍ਰਭਾਵ ਛੱਡਦਾ ਹੈ ਜਿਹੜਾ ਕਿ ਬਹੁਤ ਹੀ ਨੁਕਸਾਨਦੇਹ ਹੈ।
ਪਿਛਲੇ ਲੰਮੇਂ ਸਮੇ ਤੋਂ ਅਮਨ ਦਾ ਪੈਗ਼ਾਮ ਲੈ ਕੇ ਸੰਘਰਸ਼ ਕਰਦੀ ਆ ਰਹੀ ਪ੍ਰਸਿੱਧ ਸ਼ਾਇਰਾ ਤੇ ਰੇਡੀਓ ਹੋਸਟ ਆਰੂਜ਼ ਚੌਧਰੀ ਰਾਜਪੂਤ ਨੇ ਦੁਨੀਆਂ-ਭਰ ਵਿੱਚ ਲੜੀਆਂ ਜਾ ਰਹੀਆਂ ਨਿਹੱਕੀ ਜੰਗਾਂ ਦੀ ਪੁਰਜ਼ੋਰ ਵਿਰੋਧਤਾ ਕੀਤੀ। ਉਸ ਨੇ ਹਿੰਦ-ਪਾਕ ਵਿਚਕਾਰ ਚੰਗੇ ਸਬੰਧ ਬਣਾਏ ਜਾਣ ‘ਤੇ ਜ਼ੋਰ ਦਿੱਤਾ। ‘ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ’ ਦੇ ਹਰਿੰਦਰ ਹੁੰਦਲ ਨੇ ਦੁਨੀਆਂ-ਭਰ ਵਿੱਚ ਲੜੀਆਂ ਜਾ ਰਹੀਆਂ ਜੰਗਾਂ ਦਾ ਸੰਖੇਪ ਵਰਨਣ ਕਰਦਿਆਂ ਅਮਰੀਕੀ ਸਾਮਰਾਜਵਾਦ ਵੱਲੋਂ ਨਿਭਾਏ ਜਾ ਰਹੇ ਰੋਲ ਦੀ ਭਾਰੀ ਨਿੰਦਾ ਕੀਤੀ। ਅੋਰਤਾਂ ਦੀ ਜਥੇਬੰਦੀ ‘ਦਿਸ਼ਾ’ ਦੀ ਸਰਗ਼ਰਮ ਮੈਂਬਰ ਪ੍ਰਸਿੱਧ ਸ਼ਾਇਰਾ ਸੁਰਜੀਤ ਕੌਰ ਨੇ ਸ਼ਾਇਰੀ ਅਤੇ ਵਾਰਤਾਲਾਪ ਦੇ ਸੁਮੇਲ ‘ਚ ਇਸ ਜੰਗ ਵਰਗੇ ਮਾਹੌਲ ਦੀ ਨਿੰਦਾ ਕੀਤੀ ਅਤੇ ਮਨੁੱਖਤਾ ਦੀ ਬੇਹਤਰੀ ਦੀ ਬਾਤ ਪਾਉਂਦੀਆਂ ਕੁਝ ਕਵਿਤਾਵਾਂ ਪੜ੍ਹੀਆਂ। ‘ਸਰੋਕਾਰਾਂ ਦੀ ਆਵਾਜ਼’ ਦੇ ਮੁੱਖ-ਸੰਪਾਦਕ ਹਰਬੰਸ ਸਿੰਘ ਨੇ ਸਾਮਰਾਜਵਾਦੀ ਮੁਲਕਾਂ ਵੱਲੋਂ ਕੌਮਾਂਤਰੀ ਪੱਧਰ ‘ਤੇ ਕਈ ਮਿਲੀਅਨ ਬਿਲੀਅਨ ਡਾਲਰਾਂ ਦੇ ਹਥਿਆਰਾਂ ਦੇ ਕੀਤੇ ਜਾਂਦੇ ਬਿਜ਼ਨੈੱਸ ਦੀ ਬੜੀ ਹੀ ਸਪੱਸ਼ਟ ਤਸਵੀਰ ਪੇਸ਼ ਕੀਤੀ। ਉਨ੍ਹਾਂ ਭਾਰਤ ਸਰਕਾਰ ਦੇ ਹੁਕਮਾਂ ‘ਤੇ ਹਥਿਆਰਬੰਦ ਫ਼ੌਜਾਂ ਵੱਲੋਂ ਆਦੀਵਾਸੀਆਂ ਉੱਪਰ ਕੀਤੇ ਜਾ ਰਹੇ ਅਣਮਨੁੱਖੀ ਜਬਰ ਦੀ ਵੀ ਵਿਰੋਧਤਾ ਕੀਤੀ। ‘ਤਰਕਸ਼ੀਲ ਸੁਸਾਇਟੀ’ ਦੇ ਆਗੂ ਬਲਰਾਜ ਸ਼ੌਕਰ ਨੇ ਸਾਰੇ ਸੰਸਾਰ ਵਿੱਚ ਚੱਲ ਰਹੀਆਂ ਨਿਹੱਕੀ ਜੰਗਾਂ ਦਾ ਮੁੱਖ ਦੋਸ਼ੀ ਸਾਮਰਾਜਵਾਦ ਦੀਆਂ ਗ਼ਲਤ ਨੀਤੀਆਂ ਨੂੰ ਠਹਿਰਾਉਂਦਿਆਂ ਕਿਹਾ ਕਿ ਇਸ ਦਾ ਸਖ਼ਤ ਵਿਰੋਧ ਕੀਤੇ ਬਿਨਾਂ ਅਮਨ ਦੀ ਆਸ ਨਹੀਂ ਰੱਖੀ ਜਾ ਸਕਦੀ।
ਮੀਡੀਏ ਵਿੱਚ ਜਾਣੀ-ਪਛਾਣੀ ਹਸਤੀ ਆਰਿਫ਼ਾ ਮੁਜ਼ੱਫ਼ਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜੰਗ ਦੇ ਬੁਰੇ ਨਤੀਜੇ ਹਮੇਸ਼ਾ ਆਵਾਮ ਨੂੰ ਹੀ ਭੁਗਤਣੇ ਪੈਂਦੇ ਹਨ। ਦੋਹਾਂ ਮੁਲਕਾਂ ਦੇ ਲੀਡਰ ਜੰਗ ਵਰਗਾ ਮਾਹੌਲ ਪੈਦਾ ਕਰਕੇ ਆਪਣੇ ਬਿਜ਼ਨੈੱਸ ਨੂੰ ਹੋਰ ਪ੍ਰਫੁੱਲਤ ਕਰਦੇ ਹਨ। ਫ਼ਿਆਜ਼ ਅਲੀ ਸ਼ੇਖ਼ ਨੇ ਭਾਰਤੀ ਤੇ ਪਾਕਿਸਤਾਨੀ ਲੋਕਾਂ ਦੇ ਆਪਸੀ ਪਿਆਰ ਦੀਆਂ ਕਈ ਬੇਹਤਰੀਨ ਉਦਾਹਰਣਾਂ ਦਿੱਤੀਆਂ। ਉਨ੍ਹਾਂ ਦੇ ਗਰੁੱਪ ਵੱਲੋਂ ਹਿੰਦ-ਪਾਕਿ ਦੋਸਤੀ ਦੇ ਚਿੰਨ੍ਹ ਵਜੋਂ ਵੱਡੇ ਸਾਈਜ਼ ਦਾ ਇੱਕ ਕੇਕ ਪੇਸ਼ ਕੀਤਾ ਗਿਆ ਜਿਸ ਉੱਪਰ ਦੋਹਾਂ ਦੇਸ਼ਾਂ ਦਾ ਦੋਸਤਾਨਾ-ਚਿੰਨ੍ਹ ਉਕਰਿਆ ਹੋਇਆ ਸੀ ਜੋ ਕਿ ਹਾਜ਼ਰੀਨ ਦੇ ਦਿਲਾਂ ਨੂੰ ਟੁੰਬਣ ਵਾਲੀ ਵਿਲੱਖਣ ਪਿਰਤ ਦੇਸ਼-ਭਗਤ ਸਪੋਰਟਸ ਐਂਡ ਕਲਚਰਲ ਸੁਸਾਇਟੀ ਦੇ ਗੁਰਦੇਵ ਸਿੰਘ ਨੇ ਇਸ ਸਾਂਝੇ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਇਸ ਨੂੰ ਭਵਿੱਖ ਵਿੱਚ ਵੀ ਲਗਾਤਾਰ ਚਲਾਉਣ ਦੀ ਇੱਛਾ ਜ਼ਾਹਿਰ ਕੀਤੀ। ਉੱਘੇ ਪੰਜਾਬੀ ਲੇਖਕ ਕੁਲਜੀਤ ਮਾਨ ਨੇ ਸਾਰੇ ਲੇਖਕਾਂ ਨੂੰ ਤਾਹਨਾ ਮਾਰਦਿਆਂ ਕਿਹਾ ਕਿ ਉਹ ਸਮਾਜ ਲਈ ਇੱਕ ਸ਼ੀਸ਼ਾ ਹੁੰਦੇ ਹਨ। ਉਨ੍ਹਾਂ ਨੂੰ ਆਪਣੀ ਜ਼ੁੰਮੇਂਵਾਰੀ ਸਮਝਦਿਆਂ ਹੋਇਆਂ ਇਸ ਜੰਗ ਵਰਗੇ ਮਾਹੌਲ ਦਾ ਡੱਟਵਾਂ ਵਿਰੋਧ ਕਰਨਾ ਚਾਹੀਦਾ ਹੈ ਅਤੇ ਆਵਾਮ ਦੀ ਬੇਹਤਰੀ ਲਈ ਲਿਖਣਾ ਚਾਹੀਦਾ ਹੈ। ਡਾ. ਬਲਜਿੰਦਰ ਸਿੰਘ ਸੇਖੋਂ ਨੇ ਇਰਾਕ, ਸੀਰੀਆ, ਲਿਬੀਆ ਅਤੇ ਅਫ਼ਗਾਨਿਸਤਾਨ ਵਿੱਚ ਚੱਲ ਰਹੀਆਂ ਜੰਗਾਂ ਅਤੇ ਪਾਕਿਸਤਾਨ ਵਿੱਚ ਹੋ ਰਹੇ ਅੱਤਵਾਦੀ ਹਮਲਿਆਂ ਦੀ ਸਿੱਧੇ ਅਤੇ ਅਸਿੱਧੇ ਤੌਰ ‘ਤੇ ਅਮਰੀਕਾ ਨੂੰ ਦੋਸ਼ੀ ਠਹਿਰਾਇਆ। ਉਸ ਨੇ ਕਿਹਾ ਕਿ ਸਾਮਰਾਜਵਾਦ ਆਪਣੇ ਮੁਨਾਫ਼ਿਆਂ ਲਈ ਆਪਣੀਆਂ ਕਠਪੁਤਲੀ ਸਰਕਾਰਾਂ ਨੂੰ ਅਜਿਹੇ ਜੰਗ ਵਰਗੇ ਮਾਹੌਲ ਲਈ ਉਕਸਾਉਂਦਾ ਰਹਿੰਦਾ ਹੈ ਅਤੇ ਲੋਕਾਂ ਨੂੰ ਇਸ ਤੋਂ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ। ‘ਕਲਮਾਂ ਦਾ ਕਾਫ਼ਲਾ’ ਦੇ ਕੋਆਰਡੀਨੇਟਰ ਕੁਲਵਿੰਦਰ ਖਹਿਰਾ ਨੇ ਬੜੀ ਭਾਵੁਕ ਤਕਰੀਰ ਵਿੱਚ ਕਿਹਾ ਕਿ ਦੋਹਾਂ ਹੀ ਦੇਸਾਂ ਦੀਆਂ ਸਰਕਾਰਾਂ ਅਰਬਾਂ-ਖ਼ਰਬਾਂ ਰੁਪਏ ਜੰਗੀ ਹਥਿਆਰਾਂ ਲਈ ਖਰਚਦੀਆਂ ਹਨ ਜਦੋਂ ਕਿ ਦੋਹਾਂ ਹੀ ਮੁਲਕਾਂ ਦੇ ਕਰੋੜਾਂ ਲੋਕ ਭੁੱਖ ਨਾਲ ਵਿਲਕ ਰਹੇ ਹਨ। ਲੋਕਾਂ ਦਾ ਇਹ ਪੈਸਾ ਸਕੂਲਾਂ, ਸਿਹਤ ਸੇਵਾਵਾਂ ਅਤੇ ਰੋਜ਼ਗਾਰ ਪੈਦਾ ਕਰਨ ਲਈ ਵਰਤਣਾ ਚਾਹੀਦਾ ਹੈ। ਬਰੈਂਪਟਨ ਐਕਸ਼ਨ ਕਮੇਟੀ ਦੇ ਨੌਜੁਆਨ ਨੁਮਾਇੰਦਿਆਂ ਨਵੀ ਔਜਲਾ, ਗੁਰਨਿਸ਼ਾਨ ਸਿੰਘ, ਗੁਰਕੀਰਤ ਬਾਠ ਅਤੇ ਸੰਦੀਪ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜੰਗਾਂ ਹਮੇਸ਼ਾ ਤਬਾਹਕੁਨ ਹੀ ਹੁੰਦੀਆਂ ਹਨ। ਇਨ੍ਹਾਂ ਵਿੱਚ ਮਰਨ ਵਾਲੇ ਭਾਵੇਂ ਕਿਸੇ ਵੀ ਧਿਰ ਦੇ ਹੋਣ, ਹੁੰਦੇ ਤਾਂ ਆਖ਼ਰ ਇਨਸਾਨ ਹੀ ਹਨ। ਉਨ੍ਹਾਂ ਨੇ ਦੁਨੀਆਂ-ਭਰ ਵਿੱਚ ਹੋ ਰਹੀਆਂ ਨਾਜਾਇਜ਼ ਅਤੇ ਨਿਹੱਕੀ ਜੰਗਾਂ ਦੀ ਪੁਰਜ਼ੋਰ ਨਿਖੇਧੀ ਕੀਤੀ। ਹਰਜਿੰਦਰਪਾਲ ਸਿੰਘ ਨੇ ਇਸ ਸੁਭ ਕੰਮ ਵਿੱਚ ਹਾਜਰੀ ਲਾਈ।ਅਖ਼ੀਰ ਵਿੱਚ ਫੋਰਮ ਦੇ ਮੈਂਬਰਾਂ ਅਤੇ ਪਾਕਿਸਤਾਨੀ ਮੂਲ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਹੇਠ ਲਿਖੇ ਚਾਰ ਮਤੇ ਪਾਸ ਕੀਤੇ ਗਏ ਜਿਨ੍ਹਾਂ ਨੂੰ ਸਮੂਹ-ਹਾਜ਼ਰੀਨ ਨੇ ਆਪਣੇ ਹੱਥ ਖੜੇ ਕਰਕੇ ਪਾਸ ਕਰਨ ਦੀ ਮਨਜ਼ੂਰੀ ਦਿੱਤੀ। ਇਹ ਇਕੱਠ ਹਿੰਦ ਅਤੇ ਪਾਕਿ ਸਰਕਾਰਾਂ ਦੀਆਂ ਜੰਗਜੂ ਨੀਤੀਆਂ ਦੀ ਭਰਵੀਂ ਨਿੰਦਾ ਕਰਦਾ ਹੈ ਅਤੇ ਉਨ੍ਹਾਂ ਅੰਤਰ-ਰਾਸ਼ਟਰੀ ਤਾਕਤਾਂ ਦੀ ਨਿਖੇਧੀ ਕਰਦਾ ਹੈ ਜੋ ਆਪਣੇ ਮੁਨਾਫ਼ੇ ਲਈ ਸੰਸਾਰਕ ਅਮਨ ਭੰਗ ਕਰਦੀਆਂ ਹਨ, ਅੱਜ ਦਾ ਇਹ ਇਕੱਠ ਸਮੁੱਚੇ ਮੀਡੀਏ ਨੂੰ ਇਨ੍ਹਾਂ ਨਿਹੱਕੀ ਜੰਗਾਂ ਦਾ ਵਿਰੋਧ ਕਰਨ ਅਤੇ ਸਥਾਈ ਅਮਨ ਦੀ ਸਥਾਪਤੀ ਲਈ ਹੋਰ ਸਾਰਥਿਕ ਯਤਨ ਕਰਨ ਲਈ ਪੁਰਜ਼ੋਰ ਅਪੀਲ ਕਰਦਾ ਹੈ, ਇਹ ਇਕੱਠ ਹਿੰਦੋਸਤਾਨ ਅਤੇ ਪਾਕਿਸਤਾਨ ਮੂਲ ਦੇ ਕੈਨੇਡੀਅਨ ਲੋਕਾਂ ਨੂੰ ਜ਼ਾਤਾਂ, ਮਜ਼ਹਬਾਂ, ਫ਼ਿਰਕਿਆਂ ਅਤੇ ਸਰਹੱਦਾਂ ਤੋਂ ਉੱਪਰ ਉੱਠ ਕੇ ਆਪਣੇ ਬਣੇ ਹੋਏ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕਰਦਾ ਹੈ, ਇਹ ਇਕੱਠ ਹਿੰਦ-ਪਾਕਿ ਸਰਕਾਰਾਂ ਤੋਂ ਇਹ ਮੰਗ ਕਰਦਾ ਹੈ ਕਿ ਉਹ ਲੋਕਾਂ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਮਾਰੂ-ਹਥਿਆਰਾਂ ‘ਤੇ ਖ਼ਰਚ ਕਰਨ ਦੀ ਬਜਾਏ ਤਾਲੀਮ, ਸਿਹਤ ਅਤੇ ਰੋਜ਼ਗਾਰ ਦੀ ਬੇਹਤਰੀ ਲਈ ਖ਼ਰਚਣ। ਇਸ ਪ੍ਰੋਗਰਾਮ ਦੀ ਬੇਹਤਰੀਨ ਫ਼ੋਟੋਗਰਾਫ਼ੀ ਦਵਿੰਦਰ ਤੂਰ ਵੱਲੋਂ ਕੀਤੀ ਗਈ। ਅੰਤ ਵਿੱਚ ਨਾਹਰ ਸਿੰਘ ਔਜਲਾ ਵੱਲੋਂ ਸਾਰੇ ਹੀ ਹਾਜ਼ਰੀਨ ਅਤੇ ਸਮੁੱਚੇ ਮੀਡੀਆ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …