Breaking News
Home / ਦੁਨੀਆ / ਅਮਰੀਕੀ ਰਾਸ਼ਟਰਪਤੀ ਦੀ ਦੌੜ ‘ਚੋਂ ਹਟੀ ਭਾਰਤੀ ਮੂਲ ਦੀ ਕਮਲਾ ਹੈਰਿਸ

ਅਮਰੀਕੀ ਰਾਸ਼ਟਰਪਤੀ ਦੀ ਦੌੜ ‘ਚੋਂ ਹਟੀ ਭਾਰਤੀ ਮੂਲ ਦੀ ਕਮਲਾ ਹੈਰਿਸ

ਫੰਡਾਂ ਦੀ ਘਾਟ ਕਾਰਨ ਮੁਹਿੰਮ ਬੰਦ ਕਰਨ ਦਾ ਕੀਤਾ ਐਲਾਨ
ਵਾਸ਼ਿੰਗਟਨ : ਭਾਰਤੀ ਮੂਲ ਦੀ ਸੰਸਦ ਮੈਂਬਰ ਕਮਲਾ ਹੈਰਿਸ ਅਮਰੀਕਾ ਵਿਚ ਅਗਲੇ ਸਾਲ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵਿਰੋਧੀ ਡੈਮੋਕਰੇਟਿਕ ਪਾਰਟੀ ਵਿਚ ਚੱਲ ਰਹੀ ਉਮੀਦਵਾਰੀ ਦੀ ਦੌੜ ਵਿਚੋਂ ਪਿੱਛੇ ਹਟ ਗਈ ਹੈ। ਉਨ੍ਹਾਂ ਪ੍ਰਚਾਰ ਮੁਹਿੰਮ ਵਿਚ ਫੰਡਾਂ ਦੀ ਘਾਟ ਕਾਰਨ ਇਹ ਕਦਮ ਚੁੱਕਿਆ ਹੈ।
ਹੈਰਿਸ ਨੇ ਇਸ ਦੇ ਨਾਲ ਹੀ ਕਿਹਾ ਕਿ ਅਮਰੀਕਾ ਦੇ ਭਵਿੱਖ ਲਈ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਉਣ ਲਈ ਆਪਣਾ ਸੰਘਰਸ਼ ਜਾਰੀ ਰੱਖੇਗੀ। ਹੈਰਿਸ ਦੇ ਹਟਣ ‘ਤੇ ਟਰੰਪ ਨੇ ਟਵੀਟ ਕੀਤਾ, ਬਹੁਤ ਬੁਰਾ ਹੋਇਆ। ਸਾਨੂੰ ਤੁਹਾਡੀ ਘਾਟ ਰੜਕੇਗੀ।
ਕੈਲੀਫੋਰਨੀਆ ਤੋਂ ਸੰਸਦ ਮੈਂਬਰ 55 ਸਾਲਾ ਹੈਰਿਸ ਨੇ ਟਵਿੱਟਰ ‘ਤੇ ਚਾਰ ਮਿੰਟ ਦੇ ਇਕ ਵੀਡੀਓ ਸੰਦੇਸ਼ ਵਿਚ ਕਿਹਾ, ਇਹ ਮੇਰੇ ਜੀਵਨ ਦੇ ਸਭ ਤੋਂ ਮੁਸ਼ਕਲ ਫੈਸਲਿਆਂ ਵਿਚੋਂ ਇਕ ਹੈ। ਰਾਸ਼ਟਰਪਤੀ ਅਹੁਦੇ ਲਈ ਆਪਣੀ ਮੁਹਿੰਮ ਜਾਰੀ ਰੱਖਣ ਲਈ ਮੇਰੇ ਕੋਲ ਲੋੜੀਂਦੇ ਵਿੱਤੀ ਸਾਧਨ ਨਹੀਂ ਹਨ, ਜਿਸਦੀ ਸਾਨੂੰ ਜ਼ਰੂਰਤ ਹੈ। ਇਹ ਮੇਰੇ ਸਮਰਥਕਾਂ ਲਈ ਬੇਹੱਦ ਅਫਸੋਸਨਾਕ ਹੈ, ਪਰ ਆਪਣੀ ਮੁਹਿੰਮ ਨੂੰ ਬੰਦ ਕਰ ਰਹੀ ਹਾਂ। ਮੈਂ ਕੋਈ ਅਰਬਪਤੀ ਨਹੀਂ ਹਾਂ। ਮੈਂ ਆਪਣੀ ਮੁਹਿੰਮ ਦਾ ਖਰਚਾ ਨਹੀਂ ਚੁੱਕ ਸਕਦੀ। ਡੈਮੋਕਰੇਟਿਕ ਸੰਸਦ ਮੈਂਬਰ ਨੇ ਆਪਣੀ ਮੁਹਿੰਮ ਵਿਚ ਸਹਿਯੋਗ ਲਈ ਆਪਣੇ ਸਮਰਥਕਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਹੈ ਅਤੇ ਅੱਗੇ ਤੋਂ ਵੀ ਆਪਣਾ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਰਾਸ਼ਟਰਪਤੀ ਦੀ ਉਮੀਦਵਾਰੀ ਲਈ ਬਚੇ 17 ਦਾਅਵੇਦਾਰ
ਰਾਸ਼ਟਰਪਤੀ ਚੋਣ ਵਿਚ ਟਰੰਪ ਨੂੰ ਚੁਣੌਤੀ ਦੇਣ ਲਈ ਡੈਮੋਕਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਦੀ ਦੌੜ ਵਿਚ ਹੁਣ 17 ਦਾਅਵੇਦਾਰ ਬਚੇ ਹਨ। ਇਨ੍ਹਾਂ ਵਿਚੋਂ ਸਾਬਕਾ ਉਪ ਰਾਸ਼ਟਰਪਤੀ ਜੇ ਬਿਡੇਨ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ। ਨਿਊਯਾਰਕ ਦੇ ਸਾਬਕਾ ਮੇਅਰ ਮਾਈਕਲ ਬਲੂਮਬਰਗ, ਐਲਜਾਬੈਥ ਵਾਰੇਨ ਅਤੇ ਬਰਨੀ ਸੈਂਡਰਸ ਵੀ ਦਾਅਵੇਦਾਰ ਹਨ।
ਅਮਰੀਕੀ ਸੰਸਦ ਦੀ ਚੋਣ ਲੜਨਗੇ ਭਾਰਤੀ ਮੂਲ ਦੇ ਪੀਟਰ ਮੈਥਿਊ
ਵਾਸ਼ਿੰਗਟਨ : ਭਾਰਤੀ ਮੂਲ ਦੇ ਪੀਟਰ ਮੈਥਿਊ ਨੇ ਐਲਾਨ ਕੀਤਾ ਕਿ ਉਹ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਚੋਣ ਲੜਨਗੇ। ਭਾਰਤ ਵਿਚ ਜਨਮੇ ਮੈਥਿਊ ਦਸ ਸਾਲ ਦੀ ਉਮਰ ਵਿਚ ਆਪਣੇ ਮਾਤਾ-ਪਿਤਾ ਨਾਲ ਅਮਰੀਕਾ ਜਾ ਕੇ ਵਸ ਗਏ ਸਨ। ਉਨ੍ਹਾਂ ਦੇ ਪਿਤਾ ਕੇਰਲ ਅਤੇ ਮਾਂ ਤਾਮਿਲਨਾਡੂ ਤੋਂ ਹਨ। ਮੈਥਿਊ ਕੈਲੀਫੋਰਨੀਆ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਸਾਨੂੰ ਸਵਾਰਥੀ ਅਤੇ ਗੈਰ ਦੂਰਦਰਸ਼ੀ ਨੀਤੀਆਂ ਤੋਂ ਬਚਣਾ ਚਾਹੀਦਾ ਹੈ।

Check Also

ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਸਹੁੰ ਚੁੱਕ ਸਮਾਗਮ ਵਿਚ ਨਵਾਜ਼ ਸ਼ਰੀਫ ਵੀ ਰਹੇ ਹਾਜ਼ਰ ਇਸਲਾਮਾਬਾਦ/ਬਿਊਰੋ ਨਿਊਜ਼ ਸ਼ਾਹਬਾਜ਼ ਸ਼ਰੀਫ਼ ਨੇ 2022 …