ਅਗਲੇ 25 ਸਾਲਾਂ ਦੌਰਾਨ ਭਾਰਤ ਤੇ ਅਮਰੀਕਾ ਦੀ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ: ਤਰਨਜੀਤ ਸੰਧੂ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ ਦੇ ਅਗਲੇ 25 ਸਾਲਾਂ ਦੇ ਸਫ਼ਰ ਦੌਰਾਨ ਅਮਰੀਕਾ ਅਹਿਮ ਭਾਈਵਾਲ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ ਤੇ ਦੁਵੱਲੇ ਰਿਸ਼ਤੇ ਦੋਵਾਂ ਮੁਲਕਾਂ ਤੇ ਪੂਰੀ ਦੁਨੀਆ ਲਈ ਫੈਸਲਾਕੁਨ ਹੋਣਗੇ। ਸੰਧੂ ਨੇ ਵਾਸ਼ਿੰਗਟਨ ‘ਚ ਇੰਡੀਆ ਹਾਊਸ ਵਿਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਿਹਾ ਕਿ ਭਾਰਤ ਜਿਵੇਂ-ਜਿਵੇਂ ਅੱਗੇ ਵਧ ਰਿਹਾ ਹੈ, ਅਗਲੀਆਂ ਪੀੜ੍ਹੀਆਂ ਦੀਆਂ ਇੱਛਾਵਾਂ ਦੀ ਪੂਰਤੀ ਲਈ ਹੋਰ ਜ਼ਿਆਦਾ ਕੰਮ ਕਰਨ ਦੀ ਲੋੜ ਵੀ ਵਧ ਰਹੀ ਹੈ। ਇਸ ਮੌਕੇ ਦੂਤਾਵਾਸ ਦਾ ਸਟਾਫ਼ ਤੇ ਭਾਰਤੀ ਭਾਈਚਾਰਾ ਹਾਜ਼ਰ ਸੀ।
ਐਟਲਾਂਟਾ, ਹਿਊਸਟਨ, ਸ਼ਿਕਾਗੋ, ਨਿਊਯਾਰਕ ਤੇ ਸਾਨਫਰਾਂਸਿਸਕੋ ਦੇ ਦੂਤਾਵਾਸਾਂ ਵਿਚ ਵੀ ਆਜ਼ਾਦੀ ਦਿਹਾੜਾ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ 25 ਸਾਲਾਂ ਨੂੰ ਭਾਰਤ ਲਈ ਬੇਹੱਦ ਮਹੱਤਵਪੂਰਨ ਕਰਾਰ ਦਿੱਤਾ ਹੈ। ਸੰਧੂ ਨੇ ਕਿਹਾ ਕਿ ਮੋਦੀ ਤੇ ਰਾਸ਼ਟਰਪਤੀ ਬਾਇਡਨ ਦੀ ਅਗਵਾਈ ਵਿਚ ਭਾਰਤ-ਅਮਰੀਕਾ ਦੀ ਭਾਈਵਾਲੀ ਨਵੀਆਂ ਸਿਖ਼ਰਾਂ ਛੂਹ ਰਹੀ ਹੈ।
ਆਲਮੀ ਸ਼ਾਂਤੀ, ਸਥਿਰਤਾ, ਟਿਕਾਊ ਮਨੁੱਖੀ ਵਿਕਾਸ ਲਈ ਦੋਵੇਂ ਮੁਲਕ ਮਿਲ ਕੇ ਕੰਮ ਕਰ ਰਹੇ ਹਨ। ਰਾਜਦੂਤ ਨੇ ਕਿਹਾ ਕਿ ਭਾਰਤੀ-ਅਮਰੀਕੀ ਭਾਈਚਾਰੇ ਦਾ ਵੀ ਇਸ ਸਫ਼ਰ ਵਿਚ ਅਹਿਮ ਯੋਗਦਾਨ ਹੋਵੇਗਾ।
ਇਸ ਮੌਕੇ ਭਾਰਤੀ ਮੂਲ ਦੇ ਵਿਦਿਆਰਥੀਆਂ ਨੇ ਕਈ ਪ੍ਰੋਗਰਾਮ ਪੇਸ਼ ਕਰਕੇ ਹਾਜ਼ਰ ਸ਼ਖ਼ਸੀਅਤਾਂ ਦਾ ਮਨੋਰੰਜਨ ਕੀਤਾ। ਅਮਰੀਕਾ ਭਰ ਤੋਂ ਸਿਆਸੀ ਆਗੂਆਂ, ਸੈਨੇਟ ਦੇ ਸੀਨੀਅਰ ਮੈਂਬਰਾਂ ਤੇ ਵੱਖ-ਵੱਖ ਖੇਤਰਾਂ ਦੀਆਂ ਹਸਤੀਆਂ ਨੇ ਭਾਰਤੀ ਭਾਈਚਾਰੇ ਨੂੰ ਆਜ਼ਾਦੀ ਦਿਹਾੜੇ ਮੌਕੇ ਮੁਬਾਰਕਬਾਦ ਦਿੱਤੀ। ਸੰਧੂ ਨੇ ਕਿਹਾ ਕਿ ਭਾਰਤ ਤਕਨੀਕ ਨੂੰ ਤਰਜੀਹ ਦੇ ਰਿਹਾ ਹੈ, ਦੁਨੀਆ ਦੀ 40 ਪ੍ਰਤੀਸ਼ਤ ਡਿਜੀਟਲ ਅਦਾਇਗੀ ਭਾਰਤ ਵਿਚ ਹੋ ਰਹੀ ਹੈ। ਇਸ ਮੌਕੇ ਪੈੱਨਸਿਲਵੇਨੀਆ ਦੇ ਗਵਰਨਰ ਟੌਮ ਵੌਲਫ਼, ਅਮਰੀਕੀ ਰੱਖਿਆ ਬਲਾਂ ਦੇ ਅਧਿਕਾਰੀ, ਉੱਘੇ ਭਾਰਤੀ-ਅਮਰੀਕੀ ਕਾਰੋਬਾਰੀ ਤੇ ਅਮਰੀਕਾ ਦੀਆਂ ਰਸੂਖ਼ਵਾਨ ਹਸਤੀਆਂ ਹਾਜ਼ਰ ਸਨ।
‘ਆਲਮੀ ਸ਼ਾਂਤੀ ਤੇ ਸਥਿਰਤਾ ਲਈ ਭਾਰਤ-ਅਮਰੀਕਾ ਦੀ ਭੂਮਿਕਾ ਅਹਿਮ’
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਮੰਨਣਾ ਹੈ ਕਿ ਆਲਮੀ ਸਥਿਰਤਾ, ਸ਼ਾਂਤੀ ਤੇ ਆਰਥਿਕ ਵਿਕਾਸ ਵਿਚ ਭਾਰਤ-ਅਮਰੀਕਾ ਦੇ ਰਿਸ਼ਤਿਆਂ ਦੀ ਅਹਿਮ ਭੂਮਿਕਾ ਹੈ। ਰਾਸ਼ਟਰਪਤੀ ਦੇ ਚੋਟੀ ਦੇ ਵਪਾਰ ਪ੍ਰਤੀਨਿਧੀ ਕੈਥਰੀਨ ਟੇਈ ਨੇ ਕਿਹਾ ਕਿ ਦੋਵੇਂ ਮੁਲਕ ਹੁਣ ਮੁਸ਼ਕਲ ਮੁੱਦਿਆਂ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੇ ਆਗੂ ਹਰ ਚੁਣੌਤੀ ਦਾ ਸਾਹਮਣਾ ਮਿਲ ਕੇ ਕਰਨ ਪ੍ਰਤੀ ਵਚਨਬੱਧ ਹਨ।