ਮਿ੍ਰਤਕਾਂ ਵਿਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਹਮਾਸ ਦੇ ਖਿਲਾਫ ਜੰਗ ਦੇ ਵਿਚਾਲੇ ਇਜ਼ਰਾਈਲ ਨੇ ਸੈਂਟਰਲ ਗਾਜਾ ਵਿਚ ਇਕ ਸਕੂਲ ’ਤੇ ਲੜਾਕੂ ਜਹਾਜ਼ ਨਾਲ ਏਅਰ ਸਟ੍ਰਾਈਕ ਕੀਤੀ ਹੈ। ਇਸ ਹਮਲੇ ਵਿਚ 32 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਮਿ੍ਰਤਕਾਂ ਵਿਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਹਨ। ਉਧਰ ਦੂਜੇ ਪਾਸੇ ਹਮਾਸ ਦੇ ਮੀਡੀਆ ਦਾ ਦੱਸਣਾ ਹੈ ਕਿ ਇਸ ਹਮਲੇ ਵਿਚ 39 ਵਿਅਕਤੀਆਂ ਦੀ ਜਾਨ ਗਈ ਹੈ। ਇਜ਼ਰਾਈਲ ਡਿਫੈਂਸ ਫੋਰਸ ਨੇ ਦਾਅਵਾ ਕੀਤਾ ਹੈ ਕਿ ਇਸ ਸਕੂਲ ਵਿਚ ਹਮਾਸ ਦੀ ਫੋਰਸ ਦੇ ਲੜਾਕਿਆਂ ਨੇ ਪਨਾਹ ਲਈ ਹੋਈ ਸੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਏਅਰ ਸਟ੍ਰਾਈਕ ਵਿਚ ਉਨ੍ਹਾਂ ਲੜਾਕਿਆਂ ਨੂੰ ਹੀ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲ ਡਿਫੈਂਸ ਫੋਰਸ ਨੇ ਕਿਹਾ ਕਿ ਸਕੂਲ ’ਤੇ ਹਮਲੇ ਤੋਂ ਪਹਿਲਾਂ ਇਸਦੇ ਲਈ ਪੂਰੀ ਤਿਆਰੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਗਿਆ ਕਿ ਇੱਥੇ ਮੌਜੂਦ ਆਮ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਸਦੇ ਲਈ ਹਵਾਈ ਰਸਤੇ ਇਸ ਇਲਾਕੇ ਦੀ ਨਿਗਰਾਨੀ ਕੀਤੀ ਗਈ ਸੀ। ਇਸ ਤੋਂ ਇਲਾਵਾ ਉਥੇ ਮੌਜੂਦ ਇਜ਼ਰਾਈਲ ਦੇ ਇੰਟੈਲੀਜੈਂਸ ਸਰੋਤਾਂ ਦੇ ਜ਼ਰੀਏ ਵੀ ਜਾਣਕਾਰੀ ਇਕੱਠੀ ਕੀਤੀ ਗਈ ਸੀ।