ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ 2,475 ਯਾਤਰੀਆਂ ਦਾ ਜਥਾ ਪਹੁੰਚਿਆ ਹੈ ਪਾਕਿਸਤਾਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ 2,475 ਯਾਤਰੀਆਂ ਦਾ ਜਥਾ ਭਾਰਤ ਤੋਂ ਪਾਕਿਸਤਾਨ ਪੁੱਜ ਗਿਆ ਹੈ। ਇਸ ਜਥੇ ਦਾ ਸਵਾਗਤ ਪਾਕਿਸਤਾਨ ਔਕਾਫ ਬੋਰਡ ਦੇ ਅਧਿਕਾਰੀਆਂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ, ਡਾ. ਮਹੀਪਾਲ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ ਤੇ ਸਤਵੰਤ ਸਿੰਘ ਅਤੇ ਔਕਾਫ ਬੋਰਡ ਦੇ ਵਧੀਕ ਸਕੱਤਰ ਰਾਣਾ ਸ਼ਾਹੀਦ ਸਲੀਮ, ਇਮਰਾਨ ਗੋਂਦਲ ਤੇ ਹੋਰ ਸ਼ਾਮਲ ਸਨ। ਇਸ ਮੌਕੇ ਵਿਸ਼ੇਸ਼ ਬੱਸਾਂ ਰਾਹੀਂ ਸ਼ਰਧਾਲੂਆਂ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਪਹੁੰਚਾਇਆ ਗਿਆ। ਧਿਆਨ ਰਹੇ ਕਿ ਭਾਰਤ ਤੋਂ 2,475 ਮੈਂਬਰੀ ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਅਟਾਰੀ-ਵਾਹਗਾ ਸਰਹੱਦ ਰਸਤੇ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ ਸੀ।
ਜਥੇ ਦੇ ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਅਟਾਰੀ ਸਰਹੱਦ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਨੇ ਦੱਸਿਆ ਸੀ ਕਿ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ 14 ਅਪਰੈਲ ਨੂੰ ਖਾਲਸੇ ਦਾ ਸਾਜਣਾ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਖੁੱਲ੍ਹਦਿਲੀ ਨਾਲ ਵੀਜ਼ੇ ਦੇਣੇ ਚਾਹੀਦੇ ਹਨ। ਜਾਣਕਾਰੀ ਅਨੁਸਾਰ ਗੁਰੂ ਘਰਾਂ ਦੇ ਦਰਸ਼ਨ ਕਰਨ ਉਪਰੰਤ 18 ਅਪਰੈਲ ਨੂੰ ਇਹ ਜਥਾ ਵਾਹਗਾ-ਅਟਾਰੀ ਸਰਹੱਦ ਰਸਤੇ ਵਾਪਸ ਪਰਤੇਗਾ।
ਇਮਰਾਨ ਖ਼ਾਨ ਨੇ ਫਿਰ ਕੀਤੀ ਪ੍ਰਧਾਨ ਮੰਤਰੀ ਮੋਦੀ ਤੇ ਭਾਰਤ ਦੀ ਤਾਰੀਫ਼
ਅੰਮ੍ਰਿਤਸਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ ਵਾਰ ਫਿਰ ਭਾਰਤ ਦੀ ਤਾਰੀਫ਼ ਕੀਤੀ ਹੈ। ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਭਾਰਤ ਦੀ ਵਿਦੇਸ਼ ਨੀਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਰਤ ਵਾਂਗ ਅਸੀਂ ਵੀ ਰੂਸ ਤੋਂ ਤੇਲ ਖ਼ਰੀਦਣਾ ਚਾਹੁੰਦੇ ਸੀ, ਪਰ ਅਸੀਂ ਨਹੀਂ ਖ਼ਰੀਦ ਸਕੇ ਕਿਉਂਕਿ ਸਾਡੀ ਸਰਕਾਰ ਡਿੱਗ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੀਟੀਆਈ ਪਾਰਟੀ ਦੀ ਸਰਕਾਰ ਵੀ ਭਾਰਤ ਦੀ ਤਰਜ਼ ‘ਤੇ ਆਜ਼ਾਦ ਵਿਦੇਸ਼ ਨੀਤੀ ਚਾਹੁੰਦੀ ਸੀ ਅਤੇ ਇਸ ‘ਤੇ ਕੰਮ ਕਰ ਰਹੀ ਸੀ। ਉੱਧਰ, ਪੈਟਰੋਲੀਅਮ ਰਾਜ ਮੰਤਰੀ ਮੁਸਾਦਿਕ ਮਲਿਕ ਨੇ ਦਾਅਵਾ ਕੀਤਾ ਹੈ ਕਿ ਰੂਸ ਤੋਂ ਸਸਤੇ ਤੇਲ ਦੀ ਪਹਿਲੀ ਖੇਪ ਇਸ ਮਹੀਨੇ ਦੇ ਅੰਤ ਤੱਕ ਪਾਕਿਸਤਾਨ ਪਹੁੰਚ ਜਾਵੇਗੀ। ਉਨ੍ਹਾਂ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਪਾਕਿ ਅਤੇ ਰੂਸ ਵਿਚਾਲੇ ਸੌਦਾ ਹੋ ਚੁੱਕਾ ਹੈ। ਇਸ ਤਹਿਤ ਸਸਤੇ ਤੇਲ ਦੀ ਪਹਿਲੀ ਖੇਪ ਜਲਦੀ ਹੀ ਇਸਲਾਮਾਬਾਦ ਪਹੁੰਚੇਗੀ। ਦੱਸਿਆ ਜਾ ਰਿਹਾ ਹੈ ਕਿ ਸਾਲ 2022 ਤੋਂ ਤੇਲ ਦੀਆਂ ਕੀਮਤਾਂ ‘ਚ ਭਾਰੀ ਵਾਧੇ ਕਾਰਨ ਪਾਕਿ ਦੇ ਲੋਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।