ਟੋਰਾਂਟੋ/ਬਿਊਰੋ ਨਿਊਜ਼ : ਕੰਸਰਵੇਟਿਵ ਆਗੂ ਐਰਿਨ ਓਟੂਲ ਨੇ ਉਮੀਦਵਾਰਾਂ ਤੇ ਸਮਰਥਕਾਂ ਨੂੰ ਇੱਕੋ ਸੁਨੇਹਾ ਦਿੱਤਾ ਕਿ ਗੰਨਜ਼ ਬਾਰੇ ਉਨ੍ਹਾਂ ਦੀ ਪਾਰਟੀ ਨੇ ਆਪਣੀ ਨੀਤੀ ਬਦਲ ਲਈ ਹੈ। ਇੱਕ ਦਿਨ ਪਹਿਲਾਂ ਹੀ ਓਟੂਲ ਨੇ ਪਲੇਟਫਾਰਮ ਵਿੱਚ ਕੀਤਾ ਵਾਅਦਾ ਤੋੜਦਿਆਂ ਮਈ 2020 ਵਿੱਚ ਲਿਬਰਲਾਂ ਵੱਲੋਂ ਹਥਿਆਰਾਂ ਦੀਆਂ 1500 ਕਿਸਮਾਂ ਉੱਤੇ ਲਾਈ ਪਾਬੰਦੀ ਨੂੰ ਬਰਕਰਾਰ ਰੱਖਣ ਦਾ ਵਾਅਦਾ ਕੀਤਾ। ਕੰਸਰਵੇਟਿਵ ਉਮੀਦਵਾਰ ਰੌਬ ਮਰੀਸਨ, ਜੋ ਕਿ ਬ੍ਰਿਟਿਸ ਕੋਲੰਬੀਆ ਦੇ ਕੂਟਨੇ-ਕੋਲੰਬੀਆ ਹਲਕੇ ਤੋਂ ਚੋਣ ਲੜ ਰਹੇ ਹਨ, ਨੇ ਆਖਿਆ ਕਿ ਲਿਬਰਲਾਂ ਵੱਲੋਂ ਲਾਈ ਪਾਬੰਦੀ ਨੂੰ ਮਨਸੂਖ ਕਰਨ ਦੇ ਵਾਅਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸ ਦੌਰਾਨ ਓਟੂਲ ਨੇ ਆਖਿਆ ਕਿ ਲੀਡਰ ਉਹ ਹਨ ਤੇ ਜੇ ਉਹ ਚੁਣੇ ਜਾਂਦੇ ਹਨ ਤਾਂ ਪਹਿਲਾਂ ਵਾਂਗ ਹੀ ਲਿਬਰਲ ਪਾਬੰਦੀ ਜਾਰੀ ਰਹੇਗੀ। ਇਸ ਉੱਤੇ ਕੁੱਝ ਗਰੁੱਪਜ਼ ਵੱਲੋਂ ਇਸ ਉੱਤੇ ਇਤਰਾਜ਼ ਪ੍ਰਗਟਾਇਆ ਗਿਆ। ਗਰੁੱਪਜ਼ ਨੇ ਇਹ ਵੀ ਆਖਿਆ ਕਿ ਇਸ ਤਰ੍ਹਾਂ ਅਚਾਨਕ ਪਾਲਿਸੀ ਬਦਲੇ ਜਾਣ ਤੋਂ ਉਹ ਖੁਸ਼ ਨਹੀਂ ਹਨ। ਪਰ ਓਟੂਲ ਨੇ ਆਖਿਆ ਕਿ ਸਾਰੇ ਗਰੁੱਪਾਂ ਦੀ ਰਾਇ ਲਈ ਜਾਵੇਗੀ।