Breaking News
Home / ਕੈਨੇਡਾ / ਮਝੈਲਾਂ ਦੀ ਪਿਕਨਿਕ ਵਿਚ ਲੱਗੀਆਂ ਖੂਬ ਰੌਣਕਾਂ

ਮਝੈਲਾਂ ਦੀ ਪਿਕਨਿਕ ਵਿਚ ਲੱਗੀਆਂ ਖੂਬ ਰੌਣਕਾਂ

Majha Picnic 1 copy copyਮੈਂਬਰ ਪਾਰਲੀਮੈਂਟ ਰਮੇਸ਼ ਸੰਘਾ, ਸਾਬਕਾ ਐੱਮ.ਪੀ. ਗੁਰਬਖ਼ਸ਼ ਸਿੰਘ ਮੱਲ੍ਹੀ ਤੇ ਕਈ ਹੋਰਨਾਂ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
‘ਮਾਝਾ ਪਿਕਨਿਕ ਐਂਡ ਸਪੋਰਟਸ ਕਲੱਬ’ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਮਾਝਾ ਪਿਕਨਿਕ’ 24 ਜੁਲਾਈ ਦਿਨ ਐਤਵਾਰ ਨੂੰ ‘ਵਾਈਲਡਵੁੱਡ  ਪਾਰਕ’ ਵਿਖੇ ਬੜੀ ਧੂਮ-ਧਾਮ ਨਾਲ ਮਨਾਈ ਗਈ। ਭਾਵੇਂ ਸਵੇਰੇ ਗਿਆਰਾਂ ਕੁ ਵਜੇ ਤੋਂ ਹੀ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ ਪਰ ਜ਼ਿਆਦਾ ਰੌਣਕ ਬਾਅਦ ਦੁਪਹਿਰ ਹੀ ਹੋਈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਜਲੇਬੀਆਂ, ਪਕੌੜਿਆਂ, ਚਾਹ-ਪਾਣੀ, ਜੂਸ, ਖ਼ਰਬੂਜ਼ੇ, ਹਦਵਾਣਿਆਂ, ਬਾਰ-ਬੀ-ਕਿੳ, ਮੱਕੀ ਦੀਆਂ ਛੱਲੀਆਂ ਅਤੇ ਖਾਣ-ਪੀਣ ਦੀਆਂ ਹੋਰ ਕਈ ਵਸਤਾਂ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ ਸੀ ਅਤੇ ਲੋਕ ਵੀ ਲਾਈਨਾਂ ਵਿੱਚ ਲੱਗ ਕੇ ਬੜੇ ਆਰਾਮ ਨਾਲ ਆਪਣੀ ਵਾਰੀ ਸਿਰ ਇਹ ਪਕਵਾਨ ਲੈ ਰਹੇ ਸਨ।
ਉਧਰ ਦੂਸਰੇ ਬੰਨੇ ਸਟੇਜ ਤੋਂ ਸੰਚਾਲਕ ਵੱਲੋਂ ਆਏ ਹੋਏ ਮਹਿਮਾਨਾਂ ਦਾ ਸੁਆਗ਼ਤ ਕੀਤਾ ਜਾ ਰਿਹਾ ਸੀ। ਕਮਿਊਨਿਟੀ ਦੀਆਂ ਮੰਨੀਆਂ-ਪ੍ਰਮੰਨੀਆਂ ਸ਼ਖ਼ਸੀਅਤਾਂ ਵੱਲੋਂ ਵਾਰੀ-ਵਾਰੀ ਸਟੇਜ ‘ਤੇ ਆ ਕੇ ਪ੍ਰਬੰਧਕਾਂ ਦੇ ਇਸ ਖ਼ੂਬਸੂਰਤ ਉਪਰਾਲੇ ਅਤੇ ਸੁਚੱਜੇ ਪ੍ਰਬੰਧ ਦੀ ਸਰਾਹਨਾ ਕੀਤੀ ਜਾ ਰਹੀ ਸੀ ਅਤੇ ਵਿੱਚ-ਵਿੱਚ ਗਾਇਕਾਂ ਅਤੇ ਕਵੀਆਂ ਵੱਲੋਂ ਗੀਤਾਂ ਅਤੇ ਕਵਿਤਾਵਾਂ ਰਾਹੀਂ ਲੋਕਾਂ ਦਾ ਮਨੋਰੰਜਨ ਵੀ ਕੀਤਾ ਜਾ ਰਿਹਾ ਸੀ। ਬੱਚਿਆਂ ਦੀਆਂ ਦੌੜਾਂ, ਵਾਲੀਬਾਲ ਦਾ ਮੈਚ, ਔਰਤਾਂ ਦੀ ‘ਚਮਚਾ-ਰੇਸ’ ਅਤੇ ਮਿਊਜ਼ੀਕਲ ‘ਕੁਰਸੀ ਦੌੜ’ ਵਰਗੀਆਂ ਦਿਲਚਸਪ ਖੇਡਾਂ ਵੀ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਸਾਵਣ ਦਾ ਮਹੀਨਾ ਹੋਣ ਕਰਕੇ ਬੀਬੀਆਂ ਨੇ ਗਿੱਧੇ ਦਾ ਪਿੜ ਬੰਨ੍ਹ ਕੇ ਖ਼ੂਬ ਬੋਲੀਆਂ ਅਤੇ ਗਿੱਧਾ ਪਾਇਆ। ਅਖ਼ੀਰ ਵਿੱਚ ਸ਼ਾਮ ਦੇ ਛੇ ਕੁ ਵਜੇ ਕੜ੍ਹੀ-ਚੌਲ, ਛੋਲਿਆਂ ਤੇ ਪੂਰੀਆਂ ਦਾ ਲੰਗਰ ਚੱਲਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ, ਸਾਬਕਾ ਐੱਮ.ਪੀ. ਗੁਰਬਖ਼ਸ਼ ਸਿੰਘ ਮੱਲ੍ਹੀ, ਉੱਘੇ ਲੇਖਕ ਤੇ ਪੱਤਰਕਾਰ ਬਲਬੀਰ ਸਿੰਘ ਮੋਮੀ, ‘ਸਿੱਖ ਸਪੋਕਸਮੈਨ’ ਤੋਂ ਮਲੂਕ ਸਿੰਘ ਕਾਹਲੋਂ ਤੇ ਡਾ. ਸੁਖਦੇਵ ਸਿੰਘ ਝੰਡ, ‘ਪੰਜਾਬੀ ਆਵਾਜ਼’ ਤੋਂ ਗੁਰਦਿਆਲ ਬੱਲ, ‘ਕੈਨੇਡੀਅਨ ਸਮੇਂ’ ਤੋਂ ਕੰਵਲਜੀਤ ਸਿੰਘ ਕੰਵਲ, ਰੇਡੀਓ ‘ਪੰਜਾਬੀ ਦੁਨੀਆਂ’ ਤੋਂ ਹਰਜੀਤ ਗਿੱਲ, ਰੇਡੀਓ ‘ਰੰਗਲਾ ਪੰਜਾਬ’ ਤੋਂ ਦਿਲਬਾਗ ਚਾਵਲਾ  ਰੇਡੀਓ-ਪੱਤਰਕਾਰ ਅੰਕਲ ਦੁੱਗਲ ਅਤੇ ਕਈ ਹੋਰਨਾਂ ਨੇ ਪਿਕਨਿਕ ਦੇ ਪ੍ਰਬੰਧਕਾਂ ਹਰਦਿਆਲ ਸਿੰਘ ਸੰਧੂ, ਪਰਮਜੀਤ ਸਿੰਘ ਸੰਧੂ, ਪਰਮਜੀਤ ਸਿੰਘ ਗਿੱਲ, ਸੁਖਦੇਵ ਸਿੰਘ ਸੋਹੀ ਤੇ ਹੋਰਨਾਂ ਨੂੰ ਸੁਚੱਜੇ ਪ੍ਰਬੰਧ ਲਈ ਮੁਬਾਰਕਬਾਦ ਦਿੱਤੀ ਅਤੇ ਅੱਗੋਂ ਵੀ ਅਜਿਹੇ ਪ੍ਰੋਗਰਾਮ ਅੱਗੋਂ ਵੀ ਕਰਦੇ ਰਹਿਣ ਲਈ ਪ੍ਰੇਰਨਾ ਦਿੱਤੀ ਕਿਉਂਕਿ ਇਹ ਨਵੀਂ ਪੀੜ੍ਹੀ ਨੂੰ ਮਹਾਨ ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਜੋੜਨ ਅਤੇ ਇਸ ਨੂੰ ਅਗਲੀਆਂ ਪੀੜ੍ਹੀਆਂ ਤੀਕਰ ਲਿਜਾਣ ਲਈ ਅਤੀ ਜ਼ਰੂਰੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …