Breaking News
Home / ਕੈਨੇਡਾ / ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਵੱਲੋਂ ਦੁਸਹਿਰੇ ਮੌਕੇ ਮੀਟਿੰਗ ਵਿਚ ਭਾਰਤ ਨੂੰ ਜਾਣ ਵਾਲੇ ਮੈਂਬਰਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ

ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਵੱਲੋਂ ਦੁਸਹਿਰੇ ਮੌਕੇ ਮੀਟਿੰਗ ਵਿਚ ਭਾਰਤ ਨੂੰ ਜਾਣ ਵਾਲੇ ਮੈਂਬਰਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ

ਬਰੈਂਪਟਨ/ਡਾ. ਝੰਡ : ਲੰਘੇ ਦਿਨੀਂ ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਵੱਲੋਂ ਬੌਟਮਵੁੱਡ ਪਾਰਕ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਾਰਤ ਨੂੰ ਜਾਣ ਵਾਲੇ ਮੈਂਬਰਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਦੌਰਾਨ ਬੁਲਾਰਿਆਂ ਵੱਲੋਂ ਮੈਂਬਰਾਂ ਨਾਲ ਦੁਸਹਿਰੇ ਦੇ ਤਿਉਹਾਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਵੀ ਚਰਚਾ ਕੀਤੀ ਗਈ।
ਸਮਾਗਮ ਦੇ ਆਰੰਭ ਵਿਚ ਕਲੱਬ ਦੇ ਪ੍ਰਧਾਨ ਪ੍ਰੋ. ਨਿਰਮਲ ਸਿੰਘ ਧਾਰਨੀ ਵੱਲੋਂ ਮੈਂਬਰਾਂ ਨੂੰ ਜੀ-ਆਇਆਂ ਕਹਿੰਦਿਆਂ ਹੋਇਆਂ ਸਮਾਗਮ ਦੀ ਰੂਪ-ਰੇਖਾ ਬਾਰੇ ਦੱਸਿਆ ਗਿਆ। ਸਮਾਗਮ ਦੀ ਬਾਕਾਇਦਾ ਸ਼ੁਰੂਆਤ ਬੀਬੀ ਗੁਰਦੇਵ ਕੌਰ ਵੱਲੋਂ ਗਾਏ ਗਏ ਗੁਰਬਾਣੀ ਦੇ ਸ਼ਬਦ ਦੇ ਗਾਇਨ ਨਾਲ ਕੀਤੀ ਗਈ। ਉਪਰੰਤ, ਕਲੱਬ ਦੇ ਸਾਬਕਾ ਸਕੱਤਰ ਸੱਤਿਆਨੰਦ ਸ਼ਰਮਾ ਵੱਲੋਂ ਦੁਸਹਿਰੇ ਦੇ ਤਿਉਹਾਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਬਲਜਿੰਦਰ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਵਿਤਾ ਪੇਸ਼ ਕੀਤੀ ਗਈ ਅਤੇ ਪ੍ਰਿੰ. ਕੁਲਦੀਪ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸੁਖਦੇਵ ਸਿੰਘ ਬੇਦੀ ਨੇ ਅੱਜ ਦੇ ਔਕੜਾਂ ਭਰੇ ਸਮੇਂ ਵਿਚ ਭਾਰਤ ਜਾਣ ਵਾਲੇ ਕਲੱਬ ਦੇ ਮੈਂਬਰਾਂ ਨੂੰ ਕੋਵਿਡ-19 ਦੇ ਮੱਦੇ-ਨਜ਼ਰ ਹਵਾਈ ਸਫ਼ਰ ਦੇ ਅਜੋਕੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੇ ਆਖਰ ਵਿਚ ਇਕ ਹੋਰ ਸ਼ਬਦ ਦਾ ਗਾਇਨ ਕੀਤਾ ਗਿਆ।
ਪ੍ਰੋ. ਨਿਰਮਲ ਸਿੰਘ ਧਾਰਨੀ ਵੱਲੋਂ ਸਮਾਗਮ ਵਿਚ ਹਾਜ਼ਰ ਵੀਰਾਂ ਤੇ ਭੈਣਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਰੀਜਨਲ ਕੌਂਸਲਰ ਪੈਟ ਫ਼ੋਰਟਿਨੀ ਵੱਲੋਂ ਕਲੱਬ ਨੂੰ 500 ਡਾਲਰ ਦੀ ਵਿੱਤੀ ਸਹਾਇਤਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਸਮਾਗਮ ਦੀ ਸਮਾਪਤੀ ‘ਤੇ ਸਾਰੇ ਮੈਂਬਰਾਂ ਵੱਲੋਂ ਚਾਹ-ਪਾਣੀ ਤੇ ਸਨੈਕਸ ਦਾ ਅਨੰਦ ਮਾਣਿਆ ਗਿਆ। ਚਾਹ ਛਕਾਉਣ ਦੀ ਸੇਵਾ ਕਲੱਬ ਦੇ ਮੀਤ-ਪ੍ਰਧਾਨ ਮਨਜੀਤ ਸਿੰਘ, ਖ਼ਜ਼ਾਨਚੀ ਮੁਖਤਾਰ ਸਿੰਘ, ਡਾਇਰੈੱਕਟਰ ਮਨਜੀਤ ਸਿੰਘ ਅਤੇ ਬੀਬੀ ਸੰਤੋਸ਼ ਸੰਤੋਸ਼ ਸ਼ਰਮਾ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਕੀਤੀ।
ਬੀਬੀ ਰਮੇਸ਼ ਲੂੰਬਾ ਨੇ ਸਮਾਗਮ ਦੀ ਕਾਰਵਾਈ ਨੂੰ ਆਪਣੇ ਕੈਮਰੇ ਵਿਚ ਕੈਦ ਕਰਨ ਦੀ ਸੇਵਾ ਬਾਖ਼ੂਬੀ ਨਿਭਾਈ। ਸਮਾਪਤੈ ਸਮੇਂ ਥੋੜ੍ਹੀ ਜਿਹੀ ਕਿਣਮਿਣ ਵੀ ਸ਼ੁਰੂ ਹੋ ਗਈ ਪਰ ਇਸ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਕੁਝ ਬੀਬੀਆਂ ਨੇ ਗੀਤ ਗਾ ਕੇ ਅਤੇ ਬੋਲੀਆਂ ਪਾ ਕੇ ਗਿੱਧਾ ਪਾਇਆ ਅਤੇ ਆਪਣੇ ਵਲਵਲਿਆਂ ਦਾ ਖ਼ੂਬਸੂਰਤ ਇਜ਼ਹਾਰ ਕੀਤਾ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …