ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ, ਸਟੇਸੀ ਕੈਪੈਰਿਸ ਤੇ ਕਈ ਹੋਰ ਪਤਵੰਤੇ ਸਮਾਗਮ ਵਿਚ ਸ਼ਾਮਲ ਹੋਏ
ਬਰੈਂਪਟਨ/ਡਾ. ਝੰਡ : ਟੀ.ਪੀ.ਏ.ਆਰ. ਕਲੱਬ ਵੱਲੋਂ ਆਪਣੇ ਸਰਗਰਮ ਮੈਂਬਰ ਧਿਆਨ ਸਿੰਘ ਸੋਹਲ ਜਿਨ੍ਹਾਂ ਨੇ 11 ਅਕਤੂਬਰ ਨੂੰ ਬੋਸਟਨ ਵਿਖੇ ਹੋਈ ਵਿਸ਼ਵ-ਪੱਧਰੀ ਮੈਰਾਥਨ ਵਿਚ ਸਫਲਤਾ ਪੂਰਵਕ ਹਿੱਸਾ ਲੈ ਕੇ ਪੰਜਾਬੀ ਕਮਿਊਨਿਟੀ ਦਾ ਨਾਂ ਸਾਰੀ ਦੁਨੀਆਂ ਵਿਚ ਮਾਣ ਵਧਾਇਆ ਹੈ, ਨੂੰ ਸਨਮਾਨਿਤ ਕਰਨ ਲਈ ਲੰਘੇ ਸ਼ੁਕਰਵਾਰ 22 ਅਕਤੂਬਰ ਨੂੰ ਗਰੇਟਰ ਟੋਰਾਂਟੋ ਮੌਰਟਗੇਜਜ਼ ਦੇ ਦਫ਼ਤਰ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਮਿਆਰੀ ਮੈਰਾਥਨ ਵਿਚ ਖੁੱਲ੍ਹੀ ਦਾੜ੍ਹੀ ਵਾਲੇ ਦਸਤਾਰਧਾਰੀ ਧਿਆਨ ਸਿੰਘ ਇਕੱਲੇ ਹੀ ਦੌੜਾਕ ਸਨ ਅਤੇ ਇਸ ਸਿੱਖੀ ਸਰੂਪ ਸਦਕਾ ਉਹ ਮੈਰਾਥਨ ਦੌੜ ਦੇ ਸੜਕੀ ਰੂਟ ਦੇ ਦੋਹੀਂ ਪਾਸੀਂ ਇਕੱਤਰ ਹੋਏ ਲੱਖਾਂ ਲੋਕਾਂ ਦੇ ਧਿਆਨ ਤੇ ਖਿੱਚ ਦਾ ਕੇਂਦਰ-ਬਿੰਦੂ ਬਣੇ ਹੋਏ ਸਨ।
ਲੋਕ ਧਿਆਨ ਸਿੰਘ ਦੀ ਟੀ-ਸ਼ਰਟ ਉੱੋਤੇ ਅੰਗਰੇਜ਼ੀ ਵਿਚ ਵੱਡੇ ਅੱਖਰਾਂ ਵਿਚ ਛਪੇ ਹੋਏ ਨਾਂ ਨੂੰ ਵੇਖ ਕੇ ”ਗੋ ਧਿਆਨ, ਗੋ ਧਿਆਨ” ਦੇ ਨਾਅਰਿਆਂ ਨਾਲ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ।
ਸਮਾਗਮ ਵਿਚ ਸ਼ਾਮਲ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕੌਂਸਲਰ ਹਰਕੀਰਤ ਸਿੰਘ, ਮੈਟਾਕੋਰ ਕੰਪਨੀ ਦੀ ਮੈਨੇਜਿੰਗ ਡਾਇਰੈਕਟਰ ਸਟੇਸੀ ਕੈਪੈਰਿਸ, ਸਮਾਜ-ਸੇਵੀ ਭਜਨ ਸਿੰਘ ਥਿੰਦ, ਬਲਜਿੰਦਰ ਲੇਲਣਾ, ਸੁਭਾਸ਼ ਸ਼ਰਮਾ, ઑਜਗਦੀਸ਼ ਗਰੇਵਾਲ, ਬੋਸਟਨ, ਨਿਊਯੌਰਕ, ਬਰਲਿਨ ਤੇ ਕਈ ਹੋਰ ਕਈ ਮਿਆਰੀ ਮੈਰਾਥਨਾਂ ਦੇ ਦੌੜਾਕ ਸੂਰਤ ਸਿੰਘ ਚਾਹਲ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿਚ ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਇੰਜੀ. ਈਸ਼ਰ ਸਿੰਘ ਵੱਲੋਂ ਸੋਨੇ ਦਾ ਮੈਡਲ ਧਿਆਨ ਸਿੰਘ ਸੋਹਲ ਦੇ ਗਲ਼ ਵਿਚ ਪਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ਮੰਚ-ਸੰਚਾਲਕ ਨਰਿੰਦਰਪਾਲ ਬੈਂਸ ਵੱਲੋਂ ਬੜੇ ਭਾਵਪੂਰਤ ਸ਼ਬਦਾਂ ਵਿਚ ਕਲੱਬ ਦੇ ਮੈਂਬਰ ਜਸਵਿੰਦਰ ਜੱਸੀ ਵੜੈਚ ਦੇ ਬੀਤੇ ਦਿਨੀਂ ਹੋਏ ਅਚਾਨਕ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸਾਰਿਆਂ ਵੱਲੋਂ ਇਕ ਮਿੰਟ ਦਾ ਮੌਨ ਰੱਖਿਆ ਗਿਆ।
ਉਪਰੰਤ, ਮੇਅਰ ਪੈਟ੍ਰਿਕ ਬਰਾਊਨ ਨੂੰ ਸਨਮਾਨਿਤ ਕਰਨ ਲਈ ਉਨ੍ਹਾਂ ਨੂੰ ਬੋਸਟਨ ਮੈਰਾਥਨ ਵਿਚ ਧਿਆਨ ਸਿੰਘ ਸੋਹਲ ਵੱਲੋਂ ਪਹਿਨੀ ਗਈ ਟੀ-ਸ਼ਰਟ ਦੇ ਰੂਪ ਦਾ ਸ਼ਾਨਦਾਰ ਮੋਮੈਂਟੋ ਜਿਸ ਉੱਪਰ ਸਪਾਂਸਰਾਂ ਦੇ ਲੋਗੋ ਪ੍ਰਿੰਟ ਕੀਤੇ ਗਏ ਸਨ, ਸਭਾ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਧਿਆਨ ਸਿੰਘ ਸੋਹਲ ਵੱਲੋਂ ਭੇਂਟ ਕੀਤਾ ਗਿਆ।
ਆਪਣੇ ਸੰਬੋਧਨ ਵਿਚ ਮੇਅਰ ਬਰਾਊਨ ਨੇ ਕਲੱਬ ਦੀਆਂ ਸਰਗਰਮੀਆਂ ਦੀ ਸਰਾਹਨਾ ਕਰਦਿਆਂ ਹੋਇਆਂ ਧਿਆਨ ਸਿੰਘ ਨੂੰ ਉਨ੍ਹਾਂ ਦੀ ਇਸ ਵੱਡੀ ਪ੍ਰਾਪਤੀ ‘ਤੇ ਹਾਰਦਿਕ ਵਧਾਈ ਦਿੱਤੀ। ਇਸ ਮੌਕੇ ਆਪਣੇ ਸੰਬੋਧਨਾਂ ਵਿਚ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕੌਂਸਲਰ ਹਰਕੀਰਤ ਸਿੰਘ, ਮੈਟਕੋਰ ਕੰਪਨੀ ਦੀ ਮੈਨੇਜਿੰਗ ਡਾਇਰੈਕਟਰ ਮਿਸ ਸਟੇਸੀ ਕੈਪੈਰਿਸ, ਇਸ ਕੰਪਨੀ ਵਿਚ ਕੰਮ ਕਰ ਰਹੇ ਧਿਆਨ ਸਿੰਘ ਦੇ ਸੁਪਰਵਾਈਜ਼ਰ ਰਾਜ ਅਤੇ ਪੱਤਰਕਾਰ ਸੱਤਪਾਲ ਜੌਹਲ ਵੱਲੋਂ ਵੀ ਧਿਆਨ ਸਿੰਘ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਕੋਚ ਕਰਮਜੀਤ ਸਿੰਘ ਅਤੇ ਕਲੱਬ ਦੇ ਸਮੂਹ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਗਈ।
ਪਰਿਵਾਰਕ ਮੈਂਬਰਾਂ ਵਿਚੋਂ ਇਸ ਸਮੇਂ ਧਿਆਨ ਸਿੰਘ ਦੀ ਪਤਨੀ ਗੁਰਦੇਵ ਕੌਰ ਅਤੇ ਉਨ੍ਹਾਂ ਦੀ ਨੂੰਹ ਗੁਰਜੀਤ ਕੌਰ ਹਾਜ਼ਰ ਸਨ, ਜਦਕਿ ਕੋਚ ਕਰਮਜੀਤ ਸਿੰਘ ਕਿਸੇ ਪਰਿਵਾਰਕ ਰੁਝੇਵੇਂ ਕਾਰਨ ਸਮਾਗਮ ਵਿਚ ਸ਼ਾਮਲ ਨਾ ਹੋ ਸਕੇ। ਸਮਾਗਮ ਦੌਰਾਨ ਬੋਸਟਨ ਮੈਰਾਥਨ ਵਿਚ ਧਿਆਨ ਸਿੰਘ ਸੋਹਲ ਦੀ ਸ਼ਮੂਲੀਅਤ ਨੂੰ ਸਪਾਂਸਰ ਕਰਨ ਵਾਲੇ ਸਪਾਂਸਰਾਂ ਲੀਜੈਂਡ ਟਾਇਰਜ਼, ਰੈੱਡ ਰੌਕ, ਕੌਨੈੱਕਸ ਇੰਸ਼ੋਰੈਂਸ ਬਰੋਕਰਜ਼, ਬਰੈਂਪਟਨ ਪੇਂਟਿੰਗ, ਜੀ.ਟੀ.ਐੱਮ., ਦੇਸੀ ਚੱਕੀ ਮਿੱਲਟ ਫਲੋਰ ਅਤੇ ਐੱਨਲਾਈਟ ਕਿੱਡਜ ਨੂੰ ਵੀ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਉਪਰੰਤ, ਸਮਾਗਮ ਵਿਚ ਹਾਜ਼ਰ ਸਾਰੇ ਮੈਂਬਰਾਂ ਅਤੇ ਮਹਿਮਾਨਾਂ ਨੇ ਮਿਲ ਕੇ ਸ਼ਾਨਦਾਰ ਲੰਚ ਦਾ ਅਨੰਦ ਮਾਣਿਆਂ। ਇੱਥੇ ਇਹ ਵੀ ਵਰਨਣਯੋਗ ਹੈ ਕਿ ਧਿਆਨ ਸਿੰਘ ਸੋਹਲ ਦੇ ਨਾਲ ਬਰੈਂਪਟਨ ਦੇ ਇਕ ਹੋਰ ਮੈਰਾਥਨ ਰੱਨਰ ਸਵਰਨ ਸਿੰਘ ਵੱਲੋਂ ਵੀ 11 ਅਕਤੂਬਰ ਨੂੰ ਹੋਈ ਬੋਸਟਨ ਮੈਰਾਥਨ ਵਿਚ ਹਿੱਸਾ ਲਿਆ ਗਿਆ। ਇਨ੍ਹਾਂ ਦੋਹਾਂ ਦੌੜਾਕਾਂ ਦੀ ਹੌਸਲਾ-ਅਫ਼ਜ਼ਾਈ ਲਈ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਦੋ ਹੋਰ ਮੈਂਬਰ ਜਗਤਾਰ ਸਿੰਘ ਗਰੇਵਾਲ ਅਤੇ ਅਵਤਾਰ ਸਿੰਘ ਪਿੰਕੀ ਵੀ ਉਨ੍ਹਾਂ ਦੇ ਨਾਲ ਗਏ ਸਨ। ਇਸ ਮੌਕੇ ਧਿਆਨ ਸਿੰਘ ਸੋਹਲ ਵੱਲੋਂ ਇਸ ਮੌਕੇ ਪਹਿਨੀ ਗਈ ਲਾਲ ਰੰਗ ਦੀ ਟੀ-ਸ਼ਰਟ ਦੇ ਸਾਹਮਣੇ ਪਾਸੇ ਮੋਟੇ ਅੱਖਰਾਂ ਵਿਚ ਕੈਨੇਡਾ, ਟੀਪੀਏਆਰ ਕਲੱਬ ਤੇ ਬੋਸਟਨ ਮੈਰਾਥਨ ਦੇ ਲੋਗੋ, ਪਿਛਲੇ ਪਾਸੇ ਫ਼ਲਾਵਰ ਸਿਟੀ ਬਰੈਂਪਟਨ ਸਮੇਤ 10 ਸਪਾਂਸਰਾਂ ਦੇ ਲੋਗੋ ਪ੍ਰਿੰਟ ਕੀਤੇ ਗਏ ਸਨ।