ਕਈ ਸਾਲਾਂ ਤੋਂ ਕੌਂਸਲਰ, ਐਮ ਪੀ ਪੀ ਅਤੇ ਟਰੱਸਟੀਜ਼ ਰਹਿ ਚੁੱਕੇ ਜੌਹਨ ਹੇਸਟਿੰਗਜ਼ ਨੂੰ ਹਰਾਇਆ
ਟੋਰਾਂਟੋ : ਜੁਲਾਈ 25, 2016, ਦਿਨ ਸੋਮਵਾਰ ਨੂੰ ਈਟੋਬੀਕੋਕ ਵਾਰਡ ਨੰਬਰ 1 ਤੋਂ ਹੋਈਆਂ ਸਕੂਲ ਟਰਸੱਟੀਜ਼ ਦੀਆਂ ਵੋਟਾਂ ਵਿੱਚ ਖੜ੍ਹੇ ਇਪੱਕੋ-ਇੱਕ ਪੰਜਾਬੀ ਉਮੀਦਵਾਰ ਅਵਤਾਰ ਮਿਨਹਾਸ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਟੋਰਾਂਟੋ ਦੇ ਇਤਿਹਾਸ ਵਿੱਚ ਉਹ ਦੂਸਰੇ ਪੰਜਾਬੀ ਹਨ ਜਿਹਨਾਂ ਸਕੂਲ ਟਰਸੱਟੀਜ਼ ਬਣ ਕੇ ਇਤਿਹਾਸ ਸਿਰਜਿਆ ਹੈ। ਉਹਨਾਂ ਨੇ ਜੌਹਨ ਹੇਸਟਿੰਗਜ਼ ਨੂੰ ਹਰਾਇਆ ਜੋ ਕਿ ਸਿਟੀ ਕੌਂਸਲਰ, ਐਮ ਪੀ ਪੀ ਅਤੇ ਸਕੂਲ ਟਰੱਸਟੀਜ ਰਹਿ ਚੁੱਕੇ ਹਨ।
ਇਸ ਕੰਪੇਨ ਵਿੱਚ ਅਵਤਾਰ ਮਿਨਹਾਸ ਜੀ ਦੇ ਭੈਣਾਂ-ਭਰਾਵਾਂ, ਨੇੜੇ-ਦੂਰ ਦੇ ਰਿਸ਼ਤੇਦਾਰਾਂ, ਯਾਰਾਂ-ਦੋਸਤਾਂ ਨੇ ਪੂਰਾ ਸਹਿਯੋਗ ਦਿੱਤਾ। ਇਹਨਾਂ ਦੀ ਧਰਮ ਪਤਨੀ ਅਤੇ ਬੱਚਿਆਂ ਨੇ ਖੁਦ ਦਰਵਾਜ਼ੇ ਖੜਕਾ ਕੇ ਪ੍ਰਚਾਰ ਕੀਤਾ ਅਤੇ ਜਿੱਤ ਦੁਆਉਣ ਵਿੱਚ ਪੂਰੀ ਮੱਦਦ ਕੀਤੀ। ਜਿੱਤਣ ਤੋਂ ਅਵਤਾਰ ਜੀ ਨੇਂ ਕਿਹਾ, ”ਜਦੋਂ ਮੈਂ ਛੋਟਾ ਬੱਚਾ ਸੀ ਤਾਂ ਮੇਰੇ ਦਾਦਾ ਜੀ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਤੂੰ ਵੱਡਾ ਹੋ ਕੇ ਲੀਡਰ ਬਣੇਗਾ ਅਤੇ ਮੈਂ ਆਪਣੇਂ ਦਾਦਾ ਜੀ ਦਾ ਇਹ ਸੁਪਨਾ ਸਾਕਾਰ ਹੁੰਦਾ ਦੇਖ ਕੇ ਬਹੁਤ ਖੁਸ਼ ਹਾਂ।”
ਅਵਤਾਰ ਜੀ ਦੇ ਕੰਪੇਨ ਆਫਿਸ 680 ਰੈਕਸਡੇਲ ਰੋਡ ਵਿਖੇ ਜਦੋਂ ਵੋਟਾਂ ਦੇ ਨਤੀਜੇ ਆ ਰਹੇ ਸਨ ਅਵਤਾਰ ਜੀ ਦੇ ਵੋਟਰ, ਲੀਡਰ ਅਤੇ ਵਾਲੰਟੀਅਰਾਂ ਦੀ ਮੌਜੂਦਗੀ ਵਿੱਚ ਬੜਾ ਸੰਜੀਦਗੀ ਦਾ ਮਾਹੌਲ ਬਣਿਆ ਹੋਇਆ ਸੀ। ਜਿਉਂ ਹੀ ਨਤੀਜੇ ਆਉਣੇ ਸ਼ੁਰੂ ਹੋਏ ਤਾੜੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਅਤੇ ਅਵਤਾਰ ਜੀ ਦੀ ਲੀਡ ਵਧਦੀ ਗਈ। ਫਿਰ ਜਿਉਂ-ਜਿਉਂ ਵੋਟਾਂ ਦੇ ਨੰਬਰ ਵਧਦੇ ਗਏ ਸਾਰਿਆਂ ਵਿੱਚ ਖੁਸ਼ੀਆਂ ਵੀ ਵਧਦੀਆਂ ਗਈਆਂ। ਭਾਵੇਂ ਕਿ ਜ਼ਿਆਦਾਤਰ ਅਵਤਾਰ ਜੀ ਲੀਡ ਕਰ ਰਹੇ ਸਨ ਪਰ ਵਿੱਚ-ਵਿੱਚ ਵਿਰੋਧੀ ਉਮੀਦਵਾਰ ਦੀ ਲੀਡ ਤੋਂ ਭੀੜ ਵਿੱਚ ਨਰਾਜ਼ਗੀ ਵੀ ਬਣੀ ਰਹੀ। ਜਦੋਂ 58 ਵਿੱਚੋਂ 50 ਵੋਟ ਬੂਥਾਂ ਦੇ ਨਤੀਜੇ ਆਏ ਤਾਂ ਅਵਤਾਰ ਜੀ ਲੀਡ ਵਧਦੀ ਗਈ ਅਤੇ ਜਿੱਤ ਦਾ ਮਾਹੌਲ ਬਣਦਾ ਗਿਆ।
ਅਖੀਰ ਵਿੱਚ ਜਦੋਂ 58 ਵਿੱਚੋਂ 56 ਵੋਟ ਬੂਥਾਂ ਦੇ ਨਤੀਜੇ ਆਏ ਤਾਂ ਅਵਤਾਰ ਜੀ 600 ਤੋਂ ਉੱਪਰ ਵੋਟਾਂ ਨਾਲ ਲੀਡ ਕਰ ਰਹੇ ਸਨ ਜਿਸ ਤੋਂ ਸਾਰਿਆਂ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਅਵਤਾਰ ਜੀ ਦੀ ਜਿੱਤ ਪੱਕੀ ਹੈ। ਆਖਿਰ ਇੰਝ ਹੀ ਹੋਇਆ ਤੇ ਲਗਭੱਗ ਅੱਧੇ ਘੰਟੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅਵਤਾਰ ਜੀ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ। ਅਵਤਾਰ ਮਿਨਹਾਸ ਜੀ ਦੁਆਰਾ ਕੌਂਸਲਰ ਵੋਟਾਂ ਸਮੇਂ ਦੇ ਪੁਰਾਣੇ ਵਾਲੰਟਰੀਆਂ ਨੇ ਵੀ ਹਿੰਮਤ ਨਹੀਂ ਹਾਰੀ ਅਤੇ ਇਸ ਵਾਰ ਹੋਰ ਵੀ ਉਤਸ਼ਾਹ ਨਾਲ ਸੇਵਾ ਕੀਤੀ। ਸੱਭ ਤੋਂ ਜਿਆਦਾ ਖੁਸ਼ੀ ਵਾਲੰਟੀਅਰਾਂ ਦੁਆਰਾ ਮਨਾਈ ਗਈ ਜਿਸ ਦੇ ਲਈ ਉਹ ਪੂਰੇ ਹੱਕਦਾਰ ਸਨ। ਆਖਰ ਇਹਨਾਂ ਵਾਲੰਟੀਅਰਾਂ ਨੇ ਹੀ ਤਪਦੀ ਧੁੱਪ ਦੀ ਪਰਵਾਹ ਨਾਂ
ਕੀਤਿਆਂ ਆਪਣੇਂ ਪੰਜਾਬੀ ਉਮੀਦਵਾਰ ਨੂੰ ਜਿਤਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਦੁਆਰਾ ਹਜ਼ਾਰਾਂ ਘਰਾਂ ਵਿੱਚ ਜਾ ਕੇ ਕਈ ਵਾਰ ਦਰਵਾਜ਼ੇ ਖੜਕਾਏ ਗਏ, ਲਿਟਰੇਚਰ ਵੰਡਿਆ ਗਿਆ ਅਤੇ ਸਾਈਨ ਲਗਾਏ ਗਏ ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਵਿੱਚ ਕਿੰਨੀ ਲਗਨ ਸੀ ਅਤੇ ਕਿੰਨਾ ਜੋਸ਼ ਸੀ। ਕਈ ਵਾਲੰਟੀਅਰ ਤਾਂ ਕੰਮ ਤੋਂ ਆ ਕੇ ਵੀ 11-12 ਵਜੇ ਤੱਕ ਕੰਮ ਕਰਦੇ ਰਹੇ।
ਬਰੈਂਪਟਨ ਈਸਟ ਤੋਂ ਐਮ ਪੀ ਰਾਜ ਗਰੇਵਾਲ ਜੀ ਨੂੰ ਜਿਤਾਉਣ ਵਿੱਚ ਮੁੱਖ ਕੰਪੇਨ ਮੈਨੇਜਰ ਜਸਕਰਨ ਸੰਧੂ, ਅਵਤਾਰ ਜੀ ਦੇ ਦੋਸਤ ਅਤੇ ਰਾਜਨੀਤਿਕ ਐਕਟੀਵਿਸਟ ਪੰਕਜ਼ ਸੰਧੂ, ਐਕਟੀਵਿਸਟ ਡਿੰਪੀ ਬੈਂਸ ਅਤੇ ਅਵਤਾਰ ਜੀ ਦੀ ਭੈਣ ਰਾਜਨੀਤਿਕ ਐਕਟੀਵਿਸਟ ਰਾਜਿੰਦਰ ਜੀ ਨੇ ਆਫਿਸ ਵਿੱਚ ਵਾਲੰਟੀਅਰ ਕਰਕੇ ਅਵਤਾਰ ਜੀ ਨੂੰ ਜਿਤਾਉਣ ਵਿੱਚ ਪੂਰਾ ਸਹਿਯੋਗ ਦਿੱਤਾ। ਵਧਾਈਆਂ ਦੇਣ ਲਈ ਆਏ ਲੋਕਲ ਵੋਟਰਾਂ, ਪਤਵੰਤੇ ਸੱਜਣਾਂ ਵਿੱਚੋਂ ਬਰੈਂਪਟਨ ਵਾਰਡ ਨੰਬਰ 9,10 ਤੋਂ ਕੌਂਸਲਰ ਗੁਰਪ੍ਰੀਤ ਢਿੱਲੋਂ, ਬਰੈਂਪਟਨ ਤੋਂ ਸਕੂਲ ਟਰਸੱਟੀਜ ਹਰਕੀਰਤ ਸਿੰਘ, ਰੈਕਸਡੇਲ ਐਮ ਪੀ ਕ੍ਰਿਸਟੀ ਡੰਕਨ, ਮਿਸੀਸਾਗਾ ਤੋਂ ਐਮ ਪੀ ਸਵੈਨ ਸਪੈਂਜਮੈਨ, ਰੂਬੀ ਕਾਹਲੋਂ ਅਤੇ ਨੀਨਾ ਤਾਂਗੜੀ ਜੀ ਵੀ ਸਪੈਸ਼ਲ ਤੌਰ ਤੇ ਪਹੁੰਚੇ ਹੋਏ ਸਨ। ਕੰਪੇਨ ਦੇ ਦਿਨਾਂ ਦੌਰਾਨ ਪ੍ਰਸਿੱਧ ਰਾਜਨੀਤਿਕ ਹਸਤੀ ਗੁਰਬਖਸ਼ ਸਿੰਘ ਮੱਲੀ ਤੇ ਹੋਰ ਲੋਕਲ ਜੀ ਟੀ ਏ ਦੇ ਲੀਡਰਾਂ ਨੇ ਅਵਤਾਰ ਜੀ ਦਾ ਸਹਿਯੋਗ ਦਿੱਤਾ। ਕੁੱਝ ਲੀਡਰਾਂ ਨੇ ਤਾਂ ਘਰ-ਘਰ ਜਾ ਕੇ ਵੋਟਾਂ ਲਈ ਪ੍ਰਚਾਰ ਵੀ ਕੀਤਾ।
ਚੋਣਾਂ ਜਿੱਤਣ ਤੋਂ ਬਾਅਦ ਅਵਤਾਰ ਜੀ ਨੇ ਸਪੀਚ ਦਿੰਦਿਆਂ, ਸਾਰਿਆਂ ਵੋਟਰਾਂ,ਵਾਲੰਟੀਅਰਾਂ ਦਾ ਧੰਨਵਾਦ ਕੀਤਾ, ਭਾਵੇਂ ਕਿਸੇ ਨੇਂ ਇੱਕ, ਦੋ ਜਾਂ ਜਿਆਦਾ ਵੋਟਾਂ ਪੁਆਈਆਂ। ਇਹ ਉਹਨਾਂ ਵਾਲੰਟਰੀਆਂ ਦਾ ਮਿਹਨਤ ਸਦਕੇ ਹੋ ਸਕਿਆ ਜਿਹਨਾਂ ਪੁਰਜੋਰ ਗਰਮੀਂ ਵਿੱਚ ਚਾਹੇ ਉਹ ਬੱਚੇ ਸਨ ਜਾਂ ਬਜੁਰਗ, ਪੂਰਾ ਜੋਰ ਲਾ ਕੇ ਕੰਮ ਕੀਤਾ। ਬਰੈਂਪਟਨ, ਵਾਰਡ 9 ਅਤੇ 10 ਤੋਂ ਕੋਂਸਲਰ ਗੁਰਪ੍ਰੀਤ ਢਿੱਲੋਂ ਨੇ ਵੀ ਅਵਤਾਰ ਜ਼ੀ ਅਤੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਵੇਂ ਇਹ ਵਾਲੰਟੀਅਰਾਂ, ਆਪਣੇ ਲੋਕਾਂ, ਸਾਰੀ ਟੀਮ ਦੀ ਜਿੱਤ ਹੈ ਪਰ ਫਿਰ ਵੀ ਅਵਤਾਰ ਜੀ ਦੀ ਸ਼ਖਸੀਅਤ ਨੇ ਉਹਨਾਂ ਨੂੰ ਜਿਤਾਇਆ ਹੈ।
ਕੰਪੇਨ ਦੌਰਾਨ ਵੋਟਾਂ ਲਈ ਬੇਨਤੀ ਕਰਨ ਸਮੇਂ ਕੁੱਝ ਵੋਟਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਪਾਰਟੀ ਦੀ ਤਿਆਰੀ ਕਰ ਲਉ ਅਤੇ ਇੰਝ ਹੋਇਆ ਵੀ। ਜਿੱਤ ਤੋਂ ਬਾਅਦ ਤਕਰੀਬਨ 150-200 ਲੋਕਾਂ ਦਾ ਇਕੱਠ ਹੋਇਆ ਅਤੇ ਸੱਭ ਨੇਂ ਇਕੱਠਿਆਂ ਖਾਣੇ ਦਾ ਆਨੰਦ ਮਾਣਿਆ ਜੋ ਕਿ ਕੰਪੇਨ ਆਫਿਸ ਵਾਲੇ ਪਲਾਜ਼ੇ ਵਿੱਚ ਪ੍ਰਸਿੱਧ ਪੰਜਾਬੀ ਸਵੀਟ ਮਹਿਲ ਰੈਸਟੋਰੈਂਟ ਅਤੇ ਮਾਲਟਨ ਦੇ ਪੀਜ਼ਾ ਪੀਜ਼ਾ ਰੈਸਟੋਰੈਂਟ ਦੁਆਰਾ ਤਿਆਰ ਕੀਤਾ ਗਿਆ ਸੀ। ਇਸ ਸਾਰੇ ਪਲਾਜ਼ੇ ਦੇ ਦੂਸਰੇ ਬਿਜ਼ਨਸਾਂ ਵਲੋਂ ਵੀ ਅਵਤਾਰ ਜੀ ਦਾ ਪੂਰਾ-ਪੂਰਾ ਸਹਿਯੋਗ ਦਿੱਤਾ ਗਿਆ। ਜਿੱਤ ਦੀ ਖੁਸ਼ੀ ਵਿੱਚ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ, ਅਵਤਾਰ ਮਿਨਹਾਸ ਜਿੰਦਾਬਾਦ, ਹਿੱਪ ਹਿੱਪ ਹੂੱਰੇ ਦੇ ਨਾਅਰੇ ਲਗਾਏ ਗਏ। ਵਾਲੰਟੀਅਰਾਂ ਦੁਆਰਾ ਅਵਤਾਰ ਜੀ ਨੂੰ ਮੋਢਿਆਂ ਤੇ ਚੁੱਕ ਕੇ ਖੁਸ਼ੀਆਂ ਮਨਾਈਆਂ ਗਈਆਂ ਅਤੇ ਸੱਭ ਦਾ ਮੂੰਹ ਮਿੱਠਾ ਕਰਵਾਇਆ ਗਿਆ। ਸਚਮੁੱਚ, ਅਵਤਾਰ ਜੀ ਦੀ ਜਿੱਤ ਵਿੱਚ ਵਾਲੰਟੀਅਰਾਂ ਦਾ ਅਹਿਮ ਯੋਗਦਾਨ ਰਿਹਾ ਜਿਹਨਾਂ ਕਹਿਰ ਦੀ ਗਰਮੀਂ ਦੇ ਬਾਵਜੂਦ ਰਾਜਨੀਤਿਕ ਗਰਮਜੋਸ਼ੀ ਨੂੰ ਕਾਇਮ ਰੱਖਦਿਆਂ ਅਵਤਾਰ ਜੀ ਨੂੰ ਅਜਿਹੀ ਜਿੱਤ ਦਿਵਾਈ ਜਿਸ ਨੂੰ ਲੰਬੇ ਸਮੇਂ ਤੱਕ ਭੁਲਾਇਆ ਨਹੀਂ ਜਾ ਸਕੇਗਾ। (ਰਿਪੋਰਟ:ਡੇਵਿਡ ਦੇਵ ਝੱਮਟ)
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …