Breaking News
Home / ਕੈਨੇਡਾ / ਪਰਿਵਾਰਕ ਤਸਵੀਰ ਨੇ ਮੈਨੂੰ ਸੋਚੀਂ ਪਾਇਆ : ਰੂਬੀ ਸਹੋਤਾ

ਪਰਿਵਾਰਕ ਤਸਵੀਰ ਨੇ ਮੈਨੂੰ ਸੋਚੀਂ ਪਾਇਆ : ਰੂਬੀ ਸਹੋਤਾ

ਬਰੈਂਪਟਨ ਨੌਰਥ ਦੇ ਨਿਵਾਸੀਆਂ ਦੀ ਰਿਣੀ ਹਾਂ, ਜਿਨ੍ਹਾਂ ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਸਿਖਾਇਆ
ਪਿਛਲੇ ਦਿਨੀਂ ਫ਼ੇਸਬੁੱਕ ‘ਤੇ ਝਾਤੀ ਮਾਰ ਰਹੀ ਸੀ ਕਿ ਪੰਜ ਸਾਲ ਪੁਰਾਣੀ ਇਕ ਪਰਿਵਾਰਕ ਤਸਵੀਰ ਸਾਹਮਣੇ ਆ ਗਈ ਜਿਸ ਨੇ ਮੈਨੂੰ ਸੋਚੀਂ ਪਾ ਦਿੱਤਾ। ਕਿੰਨਾ ਵਧੀਆ ਤੇ ਜਾਦੂਮਈ ਲੱਗਦਾ ਹੈ, ਆਪਣੇ ਬੇਟੇ ਨੂੰ ਵੱਧਦਿਆ-ਫੁਲਦਿਆਂ, ਨਵੀਆਂ ਗੱਲਾਂ ਸਿੱਖਦਿਆਂ ਅਤੇ ਜਵਾਨੀ ਵੱਲ ਕਦਮ ਵਧਾਉਦਿਆਂ ਨੂੰ ਵੇਖ ਕੇ। ਇਕ ਪਲ ਲਈ ਤਾਂ ਇਹ ਨਾ ਮੁੱਕਣ ਵਾਲਾ ਲੰਮਾ ਸਫ਼ਰ ਲੱਗਦਾ ਹੈ; ਜਾਗਦੀਆਂ ਰਾਤਾਂ ਤੇ ਚੀਖ਼ੋ-ਪੁਕਾਰ, ਪਰ ਅਗਲੇ ਹੀ ਪਲ ਅੱਖ ਝਪਕਦਿਆਂ ਇਹ ਸੱਭ ਗਾਇਬ ਹੋ ਜਾਂਦਾ ਹੈ। ਮੈਂ ਇਸ ਸਫ਼ਰ ਦੇ ਹਰੇਕ ਪੜਾਅ ਦੀ ਸ਼ਲਾਘਾ ਕਰਦੀ ਹਾਂ, ਪਰ ਇਸ ਤਸਵੀਰ ਨੂੰ ਵੇਖ ਕੇ ਮੈਂ ਆਪਣੇ ਬੇਟੇ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਉਸ ਨੂੰ ਘੁੱਟ ਕੇ ਪਿਆਰ ਕਰਨ ਨੂੰ ਬਹੁਤ ਮਿੱਸ ਕਰਦੀ ਹਾਂ। ਅਲਬੱਤਾ, ਜਦੋਂ ਮੈਂ ਆਪਣੇ ਬੇਟੇ ਨੂੰ ਵੱਡੇ ਹੁੰਦਿਆਂ ਵੇਖਦੀ ਹਾਂ ਤਾਂ ਮਹਿਸੂਸ ਕਰਦੀ ਹਾਂ ਕਿ ਕੇਵਲ ਬੱਚੇ ਹੀ ਵੱਡੇ ਨਹੀਂ ਹੋ ਰਹੇ, ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਨਾਲ ਵੱਡੇ ਹੋ ਰਹੇ ਹਨ। ਜਦੋਂ ਇਹ ਤਸਵੀਰ ਲਈ ਗਈ ਸੀ, ਉਸ ਸਮੇਂ ਮੈਂ ਸੋਚ ਰਹੀ ਸੀ ਕਿ ਮੇਰੇ ਜੀਵਨ ਦਾ ਅਗਲਾ ਪੜਾਅ ਕੀ ਹੋਵੇਗਾ। ਕੀ ਮੈਂ ਆਪਣੀ ਲਾੱਅ ਦੀ ਪ੍ਰੈਕਟਿਸ ਵੱਲ ਪਰਤਾਂਗੀ ਜਾਂ ਰਾਜਨੀਤੀ ਵਿਚ ਕੋਈ ਨਵਾਂ ਮਾਅਰਕਾ ਮਾਰਾਂਗੀ? ਲੋਕਾਂ ਲਈ ਵਕਾਲਤ ਕਰਨ ਦੀ ਇੱਛਾ ਮੇਰੇ ਸਾਰੇ ਜੀਵਨ ਵਿਚ ਪ੍ਰਬਲ ਰਹੀ ਹੈ ਅਤੇ ਇਹ ਦੋਵੇਂ ਰਸਤੇ ਹੀ ਮੈਨੂੰ ਇੰਜ ਕਰਨ ਦੀ ਭਰਪੂਰ ਗਵਾਹੀ ਭਰ ਰਹੇ ਸਨ। ਵਕਾਲਤ ਦੇ ਆਫ਼ਿਸ ਜਾਣਾ ਮੁਸ਼ਕਲ ਫ਼ੈਸਲਾ ਸੀ ਕਿਉਂਕਿ ਮੈਂ ਉਸ ਸਮੇਂ ਜਵਾਨ-ਮਾਂ ਸੀ। ਰਾਜਨੀਤੀ ਦੇ ਖ਼ੇਤਰ ਵਿਚ ਮੈਨੂੰ ਬਹੁਤ ਸਾਰਾ ਸਮਾਂ ਲੋਕਾਂ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਬਿਤਾਉਣਾ ਪੈਣਾ ਸੀ। ਪ੍ਰੰਤੂ, ਮੈਂ ਸੋਚਦੀ ਸੀ ਕਿ ਮੇਰਾ ਬੇਟਾ ਵੀ ਮੇਰੇ ਨਾਲ ਇਹ ਸੱਭ ਵੇਖੇਗਾ। ਉਹ ਵੇਖੇਗਾ ਕਿ ਉਸ ਦੀ ਮਾਂ ਲੋਕਾਂ ਲਈ ਕਿਵੇਂ ਭੱਜ-ਨੱਸ ਕਰ ਰਹੀ ਹੈ ਅਤੇ ਉਹ ਉਸ ਦੇ ਸੁਪਨਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰੇਗਾ। ਉਹ ਜੋ ਆਪਣੇ ਵਿਸ਼ਵਾਸ ਉੱਪਰ ਪਹਿਰਾ ਦਿੰਦੀ ਹੈ ਅਤੇ ਦੂਸਰਿਆਂ ਦੇ ਜੀਵਨ ਤੇ ਹਲਾਤ ਲਈ ਸੁਹਿਰਦ ਤੇ ਫ਼ਿਕਰਮੰਦ ਹੈ। ਫਿਰ ਵੀ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਰਾਜਨੀਤੀ ਦੇ ਇਸ ਖ਼ੇਤਰ ਵਿਚ ਆਪਣੇ ਆਪ ਨਹੀਂ ਆਈ। ਮੇਰੇ ਕੋਲ ਪਰਿਵਾਰਿਕ ਮੈਂਬਰਾਂ, ਦੋਸਤਾਂ-ਮਿੱਤਰਾਂ ਅਤੇ ਵਾਲੰਟੀਅਰਾਂ ਦੀ ਤਕੜੀ ਟੀਮ ਸੀ ਜਿਸ ਨੂੰ ਮੇਰੇ ਉੱਪਰ ਪੂਰਾ ਭਰੋਸਾ ਸੀ ਅਤੇ ਉਨ੍ਹਾਂ ਨੇ ਮੇਰੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਮੇਰੀ ਜੀਅ-ਜਾਨ ਨਾਲ ਮਦਦ ਕੀਤੀ ਹੈ। ਇਸ ਲਈ ਮੈਂ ਆਸ ਕਰਦੀ ਹਾਂ ਕਿ ਮੇਰਾ ਬੇਟਾ ਚੰਗੇ ਅਤੇ ਸੁਹਿਰਦ ਲੋਕਾਂ ਦੀ ਸੰਗਤ ਵਿਚ ਚੰਗਾ ਹੀ ਸਿੱਖੇਗਾ। ਜੀਵਨ ਵਿਚ ਇਕ ਦੂਸਰੇ ਨਾਲ ਮੇਲ-ਜੋਲ ਬੜਾ ਮਹੱਤਵ-ਪੂਰਵਕ ਹੈ ਅਤੇ ਕੋਈ ਵੀ ਸ਼ਖ਼ਸ ‘ਜਜ਼ੀਰਾ’ ਨਹੀਂ ਹੈ।
ਮੈਂ ਬਰੈਂਪਟਨ ਨੌਰਥ ਦੇ ਵਾਸੀਆਂ ਦੀ ਰਿਣੀ ਹਾਂ ਕਿ ਉਨ੍ਹਾਂ ਨੇ ਮੈਨੂੰ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਹੈ। ਬਰੈਂਪਟਨ ਨੌਰਥ ਦੇ ਲੋਕਾਂ ਨੇ ਮੈਨੂੰ ਉਤਸ਼ਾਹਿਤ ਕੀਤਾ ਹੈ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਵੱਲ ਸਿਖਾਇਆ ਹੈ। ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਨ੍ਹਾਂ ਨੇ ਮੈਨੂੰ ਕਈ ਤਰੀਕਿਆਂ ਨਾਲ ਅੱਗੇ ਵੱਧਣਾ ਸਿਖਾਇਆ ਹੈ ਪਰ ਮੇਰੇ ਪੁੱਤਰ ਨੂੰ ਸਮੇਂ ਨਾਲ ਇਸ ਬਾਰੇ ਪਤਾ ਜ਼ਰੂਰ ਲੱਗ ਜਾਏਗਾ। ਉਸ ਨੇ ਆਪਣੀ ਮਾਂ ਨੂੰ ਇਕ ਆਗੂ ਵਜੋਂ ਬਰੈਂਪਟਨ ਦੀ ਕਮਿਊਨਿਟੀ ਦੀ ਸੇਵਾ ਕਰਦਿਆਂ, ਉਨ੍ਹਾਂ ਦੀ ਵਕਾਲਤ ਕਰਦਿਆਂ ਅਤੇ ਦੇਸ਼ ਦੀ ਸੱਭ ਤੋਂ ਉਚੇਰੀ ਸਰਕਾਰ ਵਿਚ ਉਨ੍ਹਾਂ ਦੀ ਨੁਮਾਂਇੰਦਗੀ ਕਰਦਿਆਂ ਵੇਖਿਆ ਹੈ। ਜਦੋਂ ਤੁਸੀਂ ਪਰਿਵਾਰਕ-ਦਿਵਸ ਮਨਾ ਰਹੇ ਹੋ, ਜਿੱਥੇ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਸ਼ਲਾਘਾ ਕਰਨ ਲਈ ਵੀ ਕੁਝ ਪਲ ਕੱਢਗੇੋ, ਉੱਥੇ ਦੂਸਰਿਆਂ ਦੇ ਕੰਮ ਆਉਣ ਲਈ ਆਪਣੇ ਆਪ ਦੀ ਸਰਾਹਨਾ ਵੀ ਕਰੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …