ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਲੰਘੇ ਦਿਨੀਂ 3 ਅਕਤੂਬਰ ਨੂੰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਇਸ ਦੇ ਮੀਤ-ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਵਿਚ ਐਸ਼ ਬਰਿੱਜ ਪਾਰਕਵੇਅ ਬੀਚ ਦੇ ਟੂਰ ਦਾ ਆਯੋਜਨ ਕੀਤਾ ਗਿਆ। ਇਹ ਇਸ ਕਲੱਬ ਦਾ ਇਸ ਸੀਜ਼ਨ ਦਾ ਦੂਸਰਾ ਟੂਰ ਸੀ। ਉਹ ਸਵੇਰੇ ਦਸ ਵਜੇ ਦੋ ਬੱਸਾਂ ਵਿਚ ਸਵਾਰ ਹੋ ਕੇ ਟੂਰ ਲਈ ਚੱਲ ਪਏ। ਅਸਮਾਨ ਵਿਚ ਬੱਦਲਵਾਈ ਛਾਈ ਹੋਈ ਸੀ ਅਤੇ ਕਦੇ-ਕਦੇ ਮੀਂਹ-ਕਣੀ ਵੀ ਹੋ ਰਹੀ ਸੀ। ਬੱਸਾਂ ਗਾਰਡੀਨਰ ਐੱਕਸਪ੍ਰੈੱਸ ‘ਤੇ ਜਾ ਰਹੀਆਂ ਸਨ। ਅੱਗੇ ਕੋਈ ਐਕਸੀਡੈਂਟ ਹੋ ਜਾਣ ਕਾਰਨ ਸੜਕੀ ਆਵਾਜਾਈ ਬੰਦ ਸੀ। ਇਸ ਲਈ ਬੱਸ ਡਰਾਈਵਰਾਂ ਨੇ ਰੂਟ ਬਦਲ ਕੇ ਓਲਡ ਇੰਡੀਆ ਬਾਜ਼ਾਰ ਵਿੱਚੋਂ ਦੀ ਹੁੰਦੇ ਹੋਏ ਐਸ਼ ਬਰਿੱਜ ਪਾਰਕਵੇਅ ‘ਤੇ ਪਹੁੰਚਾਇਆ। ਓਦੋਂ ਤੱਕ ਛੋਟੀ-ਮੋਟੀ ਮੀਂਹ-ਕਣੀ ਵੀ ਬੰਦ ਹੋ ਚੁੱਕੀ ਸੀ। ਇਸ ਸੁਹਾਵਣੇ ਮੌਸਮ ਦਾ ਸਾਰਿਆਂ ਨੇ ਤਕਰੀਬਨ ਇਕ ਘੰਟਾ ਸਾਈਡ-ਵਾਕ ‘ਤੇ ਘੁੰਮ ਫਿਰ ਕੇ ਭਰਪੂਰ ਅਨੰਦ ਮਾਣਿਆ ਅਤੇ ਇਸ ਦਾ ਚਾਅ ਅਤੇ ਖੇੜਾ ਸੱਭਨਾਂ ਦੇ ਚਿਹਰਿਆਂ ‘ਤੇ ਸਾਫ਼ ਦਿਖਾਈ ਦੇ ਰਿਹਾ ਸੀ। ਪਾਰਕ ਵਿਚ ਬਣੇ ਹੋਏ ਦੋ ਸ਼ੈੱਡਾਂ ਵਿਚ ਬੈਠਣ ਲਈ ਕਾਫ਼ੀ ਜਗ੍ਹਾ ਸੀ ਅਤੇ ਉੱਥੇ ਬੈਠ ਕੇ ਸਾਰਿਆਂ ਨੇ ਆਪਣੇ ਨਾਲ ਲਿਆਂਦਾ ਭੋਜਨ ਰਲ਼ ਮਿਲ਼ ਕੇ ਛਕਿਆ। ਇੱਥੇ ਹੀ ਬੀਬੀਆਂ ਨੇ ਆਪਣਾ ਗਿੱਧੇ ਦਾ ਪਿੜ ਬਣਾ ਲਿਆ ਅਤੇ ਬੋਲੀਆਂ ਪਾ ਪਾ ਕੇ ਨੱਚ ਕੇ ਭਰਪੂਰ ਮਨੋਰੰਜਨ ਕੀਤਾ। ਪੁਰਸ਼ ਮੈਂਬਰਾਂ ਨੇ ਫਿਰ ਤੁਰ ਕੇ ਆਪਸ ਵਿਚ ਗੱਲਾਂ-ਬਾਤਾਂ ਸਾਂਝੀਆਂ ਕਰਕੇ ਆਪਣਾ ਵਧੀਆ ਸਮਾਂ ਗੁਜ਼ਾਰਿਆ। ਤਿੰਨ ਕੁ ਵਜੇ ਸਾਰਿਆਂ ਨੂੰ ਕਾਫ਼ੀ ਪਿਲਾਈ ਗਈ ਅਤੇ ਫਿਰ ਚਾਰ ਵਜੇ ਵਾਪਸੀ ਸਫਰ ਦੀ ਤਿਆਰੀ ਆਰੰਭ ਕਰ ਦਿੱਤੀ ਗਈ। ਇਸ ਟੂਰ ਨੂੰ ਸਫ਼ਲ ਬਣਾਉਣ ਲਈ ਮਹਿੰਦਰ ਕੌਰ ਪੱਡਾ, ਬਲਜੀਤ ਕੌਰ ਸੇਖੋਂ, ਪ੍ਰਕਾਸ਼ ਕੌਰ, ਅਮਰਜੀਤ ਸਿੰਘ, ਸ਼ਿਵਦੇਵ ਸਿੰਘ ਰਾਏ, ਗੁਰਬਿੰਦਰ ਸਿੰਘ ਰਾਏ ਅਤੇ ਜੋਗਿੰਦਰ ਸਿੰਘ ਪੱਡਾ ਨੇ ਭਰਪੂਰ ਯੋਗਦਾਨ ਪਾਇਆ। ਉਨ੍ਹਾਂ ਦੀ ਹਿੰਮਤ ਅਤੇ ਸਹਿਯੋਗ ਸਦਕਾ ਇਹ ਟੂਰ ਵੀ ਕਲੱਬ ਦੇ ਪਿਛਲੇ ਟੂਰ ਵਾਂਗ ਕਾਫ਼ੀ ਸਫਲ ਰਿਹਾ। ਕਲੱਬ ਦੇ ਸਕੱਤਰ ਕੁਲਵੰਤ ਸਿੰਘ ਵੱਲੋਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।