ਨਵੰਬਰ 5 ਦਿਨ ਐਤਵਾਰ ਨੂੰ ਬਰੈਂਪਟਨ ਦੇ ਚਿੰਗੂਜੀ ਪਾਰਕ ਵਿੱਚ ਰਾਇਲ ਕੈਨੇਡੀਅਨ ਲੀਜ਼ਨ ਬਰਾਂਚ 609 ਨੇਂ ਰਿਮੈਂਬਰੈਂਸ ਡੇਅ ਪਰੇਡ ਦਾ ਆਯੋਜਨ ਕੀਤਾ ਗਿਆ ਜਿਸ ਦੀ ਨੁਮਾਇੰਦਗੀ ਬਰੈਂਪਟਨ ਮੇਅਰ ਲਿੰਡਾ ਜਾਫਰੀ ਦੁਆਰਾ ਕੀਤੀ ਗਈ। ਪਰੇਡ ਤੋਂ ਬਾਅਦ ਇਸ ਆਯੋਜਨ ਦੌਰਾਨ ਸੱਭ ਤੋਂ ਪਹਿਲਾਂ ਰੈਵਰਨ ਵੇਅਨ ਜੇ ਬਾਸਵਿੱਕ ਨੇਂ ਸ਼ਹੀਦਾਂ ਦੀ ਰੂਹ ਦੀ ਸ਼ਾਂਤੀ ਲਈ ਅਤੇ ਉਹਨਾਂ ਦੇ ਪਰਿਵਾਰਾਂ ਲਈ ਦੁਆ ਕੀਤੀ ਅਤੇ ਪਵਿੱਤਰ ਬਾਈਬਲ ਵਿੱਚੋਂ ਸਮਾਰੋਹ ਨਾਲ ਸਬੰਧਿਤ ਆਇਤਾਂ ਪੜ੍ਹੀਆਂ। ਕੈਨੇਡਾ ਦਾ ਰਾਸ਼ਟਰੀ ਗੀਤ ਓ ਕੈਨੇਡਾ ਗਾਇਆ ਗਿਆ। ਦੋ ਮਿੰਟ ਦਾ ਮੌਨ ਵਰਤ ਵੀ ਰੱਖਿਆ ਗਿਆ। ਲੀਡਰਾਂ ਦੁਆਰਾ ਮਰਹੂਮ ਫੌਜੀਆਂ ਲਈ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਇਸ ਬਹੁਤ ਹੀ ਮਹੱਤਵਪੂਰਨ ਮੌਕੇ ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆ ਸਿੱਧੂ, ਵਾਰਡ 7 ਅਤੇ 8 ਤੋਂ ਸਿਟੀ ਕੌਂਸਲਰ ਪੈਟ ਫੋਰਟੀਨੀ, ਵਾਰਡ 3 ਅਤੇ 4 ਤੋਂ ਸਿਟੀ ਕੌਂਸਲਰ ਜੈੱਫ ਬੋਅਮੈਨ ਵੀ ਉਚੇਚੇ ਤੌਰ ‘ਤੇ ਪੁੱਜੇ। ਐਮ ਪੀ ਰਮੇਸ਼ ਸੰਘਾ ਵੀ ਉਚੇਚੇ ਤੌਰ ‘ਤੇ ਇਸ ਸਮਾਰੋਹ ਵਿੱਚ ਪਹੁੰਚੇ। ਉਹਨਾਂ ਲਈ ਇਸ ਸਮਾਰੋਹ ਵਿੱਚ ਹਿੱਸਾ ਲੈਣਾ ਬਹੁਤ ਮਾਣ ਵਾਲੀ ਗੱਲ ਸੀ ਕਿਉਂ ਕਿ ਬਰੈਂਪਟਨ ਸੈਂਟਰ ਰਾਈਡਿੰਗ ਵਿਖੇ ਸਥਿਤ ਚਿੰਗੂਜੀ ਪਾਰਕ ਵਿੱਚ ਆਯੋਜਿਤ ਇਹ ਸਮਾਰੋਹ ਇੱਕ ਤਾਂ ਉਹਨਾਂ ਦੀ ਬਰੈਂਪਟਨ ਸੈਂਟਰ ਰਾਈਡਿੰਗ ਵਿੱਚ ਆਉਂਦਾ ਹੈ ਅਤੇ ਦੂਸਰਾ ਉਹ ਆਪ ਖੁਦ ਇਸ ਸਮਾਰੋਹ ਨਾਲ ਸਬੰਧਿਤ ਇੰਡੀਅਨ ਏਅਰ ਫੋਰਸ ਦੇ ਬਹੁਤ ਮਹੱਤਵਪੂਰਨ ਅਹੁਦੇ ਤੇ ਬਿਰਾਜਮਾਨ ਰਹਿ ਚੁੱਕੇ ਹਨ। (ਰਿਪੋਰਟ: ਦੇਵ ਝੱਮਟ)