6.5 C
Toronto
Friday, April 10, 2026
spot_img
Homeਕੈਨੇਡਾ'ਸਿਰਜਣਾ ਦੇ ਆਰ-ਪਾਰ' ਤਹਿਤ ਸੇਵਾ, ਸਮਰਪਣ ਭਰਪੂਰ ਡਾ. ਇੰਦਰਜੀਤ ਕੌਰ ਨਾਲ ਰੂਬਰੂ

‘ਸਿਰਜਣਾ ਦੇ ਆਰ-ਪਾਰ’ ਤਹਿਤ ਸੇਵਾ, ਸਮਰਪਣ ਭਰਪੂਰ ਡਾ. ਇੰਦਰਜੀਤ ਕੌਰ ਨਾਲ ਰੂਬਰੂ

ਬਰੈਂਪਟਨ/ਰਮਿੰਦਰ ਵਾਲੀਆ : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਹੀਨਾਵਾਰ ਪ੍ਰੋਗਰਾਮ ‘ਸਿਰਜਨਾ ਦੇ ਆਰ ਪਾਰ’ ਲੰਘੀ 23 ਮਾਰਚ ਦਿਨ ਸੋਮਵਾਰ ਨੂੰ ਬੜੇ ਉਤਸ਼ਾਹ ਨਾਲ ਇਹ ਪ੍ਰੋਗਰਾਮ ਫਾਊਂਡਰ, ਪ੍ਰਧਾਨ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਨਾਮਵਰ ਅਦਬੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਦੇ ਆਰੰਭ ਵਿੱਚ ਰਮਿੰਦਰ ਰੰਮੀ ਨੇ ਆਏ ਹੋਏ ਮੈਂਬਰਜ਼ ਨੂੰ ਰਸਮੀ ਜੀ ਆਇਆਂ ਕਹਿੰਦਿਆਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਹੋ ਰਹੇ ਪ੍ਰੋਗਰਾਮਾਂ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ। ਸੁਰਜੀਤ ਕੌਰ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਰਮਿੰਦਰ ਰਮੀ ਦੀ ਅਗਵਾਈ ਹੇਠ ‘ਸਿਰਜਣਾ ਦੇ ਆਰ-ਪਾਰ’ ਪ੍ਰੋਗਰਾਮ ਤਹਿਤ ਪ੍ਰੋ. ਕੁਲਜੀਤ ਕੌਰ ਵੱਲੋਂ ਪਿੰਗਲਵਾੜਾ ਪਰਿਵਾਰ ਦੀ ਮੁਖੀ ਡਾ. ਇੰਦਰਜੀਤ ਕੌਰ ਨਾਲ ਵਿਸ਼ੇਸ਼ ਰੂਬਰੂ ਕਰਵਾਇਆ ਗਿਆ।
ਇਹ ਉਹਨਾਂ ਦਾ ਪੰਜਾਹਵਾਂ ਰੂਬਰੂ ਸੀ, ਜੋ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਸਾਬਤ ਹੋਇਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੱਭ ਮੈਂਬਰਜ਼ ਵੱਲੋਂ ਰਮਿੰਦਰ ਵਾਲੀਆ ਨੂੰ ਉਹਨਾਂ ਦੇ ਜਨਮ ਦਿਨ ਤੇ ਮਿਲ ਰਹੇ ਸਨਮਾਨਾਂ ਦੀ ਵਧਾਈ ਦਿੱਤੀ ।
ਪੇਸ਼ੇ ਵਜੋਂ ਡਾਕਟਰ ਹੋਣ ਦੇ ਨਾਲ-ਨਾਲ ਡਾ. ਇੰਦਰਜੀਤ ਕੌਰ ਪਿੰਗਲਵਾੜੇ ਵਿੱਚ ਬੇਸਹਾਰਾ ਲੋਕਾਂ ਦੀ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਹੀਆਂ ਹਨ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਸੇਵਾ ਦੀ ਪ੍ਰੇਰਨਾ ਉਹਨਾਂ ਨੂੰ ਘਰੇਲੂ ਮਾਹੌਲ ਤੋਂ ਮਿਲੀ। ਪਿਤਾ ਹਰਬੰਸ ਸਿੰਘ ਆਯੁਰਵੈਦਿਕ ਡਾਕਟਰ ਸਨ ਅਤੇ ਮਾਂ ਬੀਬੀ ਰਣਜੀਤ ਕੌਰ ਵੀ ਨੇਕਦਿਲ ਰੂਹ ਸਨ। ਨਿਮਰਤਾ ਅਤੇ ਨੀਵਿਆਂ ਨੂੰ ਉੱਚਾ ਚੁੱਕਣ ਦੀ ਸੋਚ ਨਾਲ ਉਹ ਸੇਵਾ ਦੇ ਰਾਹ ‘ਤੇ ਤੁਰ ਰਹੇ ਹਨ। ਉਨ੍ਹਾਂ ਨੇ ਤਿੰਨ ਪੁਸਤਕਾਂ ਵੀ ਲਿਖੀਆਂ।
ਉਹਨਾਂ ਨੇ ਦੱਸਿਆ ਕਿ ਪਿਤਾ ਜੀ ਦੀ ਮੌਤ ਤੋਂ ਬਾਅਦ ਉਹ ਭਗਤ ਪੂਰਨ ਸਿੰਘ ਨਾਲ ਜੁੜੀਆਂ। ਭਗਤ ਜੀ ਨੇ ਉਹਨਾਂ ਨੂੰ ਆਪਣੀ ਧੀ ਵਾਂਗ ਮੰਨਿਆ ਅਤੇ ਪਿੰਗਲਵਾੜੇ ਦੀ ਜ਼ਿੰਮੇਵਾਰੀ ਸੌਂਪੀ। ਉਹ ਅੱਜ ਵੀ ਭਗਤ ਪੂਰਨ ਸਿੰਘ ਦੇ ਆਦਰਸ਼ਾਂ ‘ਤੇ ਚੱਲਦਿਆਂ ਸਬਰ ਅਤੇ ਸਿਦਕ ਨਾਲ ਸੇਵਾ ਕਰ ਰਹੀਆਂ ਹਨ। ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਪਿੰਗਲਵਾੜੇ ਦੇ ਮਿਸ਼ਨ ਲਈ ਉਹਨਾਂ ਨੇ ਸਰਕਾਰੀ ਨੌਕਰੀ ਛੱਡੀ ਅਤੇ ਆਪਣੀ ਜ਼ਿੰਦਗੀ ਸਮਾਜ ਸੇਵਾ ਅਤੇ ਪਰਿਵਾਰ ਦੋਵਾਂ ਲਈ ਸਮਰਪਿਤ ਕੀਤੀ।
ਵਾਤਾਵਰਣ ਸੰਭਾਲ ‘ਤੇ ਜ਼ੋਰ ਦਿੰਦਿਆਂ ਉਹਨਾਂ ਨੇ ਕਿਹਾ ਕਿ ਅੱਜ ਦੀ ਸਦੀ ਵਾਤਾਵਰਣ ਬਚਾਉਣ ਦੀ ਸਦੀ ਹੈ। ਉਹਨਾਂ ਨੇ ਪਲਾਸਟਿਕ ਦੀ ਥਾਂ ਕੱਪੜੇ ਦੀ ਵਰਤੋਂ, ਪਾਣੀ ਦੀ ਸੰਭਾਲ, ਦਰੱਖਤ ਲਗਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਜਾਗਰੂਕਤਾ ਦੀ ਲੋੜ ‘ਤੇ ਜ਼ੋਰ ਦਿੱਤਾ। ”ਪਵਣ ਗੁਰੂ, ਪਾਣੀ ਪਿਤਾ” ਦੇ ਸਿਧਾਂਤ ਨੂੰ ਅਮਲ ਵਿੱਚ ਲਿਆਉਣ ਦੀ ਅਪੀਲ ਕੀਤੀ।
ਉਹਨਾਂ ਨੇ ਕਿਹਾ ਕਿ ਪਿੰਗਲਵਾੜਾ ਇੱਕ ਮਾਡਲ ਵਜੋਂ ਕੰਮ ਕਰ ਰਿਹਾ ਹੈ ਅਤੇ ਵਿਦੇਸ਼ਾਂ-ਕੈਨੇਡਾ, ਇੰਗਲੈਂਡ ਅਤੇ ਅਮਰੀਕਾ-ਤੋਂ ਵੀ ਸਹਿਯੋਗ ਮਿਲ ਰਿਹਾ ਹੈ। ਉਹਨਾਂ ਨੇ ਕਿਰਤੀਆਂ ਦੀ ਇੱਜ਼ਤ ਕਰਨ ਅਤੇ ਉਹਨਾਂ ਦੇ ਬਣਾਏ ਸਮਾਨ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਅਤੇ ਕਾਰਪੋਰੇਟ ਸਿਸਟਮ ਦੇ ਨੁਕਸਾਨਾਂ ਵੱਲ ਵੀ ਧਿਆਨ ਦਿਵਾਇਆ।
ਸਿਹਤ ਅਤੇ ਸਮਾਜਕ ਮੁੱਦਿਆਂ ‘ਤੇ ਗੱਲ ਕਰਦਿਆਂ ਉਹਨਾਂ ਨੇ ਸਿੱਖਿਆ ਅਤੇ ਸਿਹਤ ਮਾਫ਼ੀਆ ‘ਤੇ ਚਿੰਤਾ ਜਤਾਈ ਅਤੇ ਸਿਹਤਮੰਦ ਜੀਵਨ ਲਈ ਸਧਾਰਨ ਜੀਵਨ ਜੀਉਣ ਦੀ ਸਲਾਹ ਦਿੱਤੀ। ਉਹਨਾਂ ਨੇ ਨਸ਼ਿਆਂ ਅਤੇ ਕੋਲਡ ਡਰਿੰਕਸ ਤੋਂ ਦੂਰ ਰਹਿਣ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ।
ਡਾ. ਕੁਲਜੀਤ ਕੌਰ ਵੱਲੋਂ ਡਾ. ਇੰਦਰਜੀਤ ਕੌਰ ਦੀ ਪਰਿਵਾਰਿਕ ਜ਼ਿੰਦਗੀ, ਪ੍ਰਾਪਤੀਆਂ ਅਤੇ ਪਦਮ ਭੂਸ਼ਣ ਵਰਗੇ ਸਨਮਾਨਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਕੁਲਜੀਤ ਨੇ ਉਹਨਾਂ ਦੇ ਸਨਮਾਨਾਂ ਦੀ ਇੱਕ ਡਾਕੂਮੇਂਟਰੀ ਬਣਾ ਕੇ ਵੀ ਦਿਖਾਈ ਤੇ ਰਮਿੰਦਰ ਰੰਮੀ ਨੇ ਉਹਨਾਂ ਦੀ ਪੁਰਾਣੀ ਸਾਂਝ ਦੀਆਂ ਤਸਵੀਰਾਂ ਨੂੰ ਵੀ ਸ਼ੇਅਰ ਕੀਤਾ ਅਤੇ ਮਾਰਚ ਮਹੀਨੇ ਦੀ ਸਾਹਿਤਕ ਸਾਂਝਾਂ ਈ ਮੈਗਜ਼ੀਨ ਨੂੰ ਵੀ ਰੀਲੀਜ਼ ਕੀਤਾ ਗਿਆ ।
ਡਾ . ਇੰਦਰਜੀਤ ਕੌਰ ਨੇ ਦੱਸਿਆ ਕਿ ਪਿੰਗਲਵਾੜੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾ ਰਹੇ ਹਨ ਅਤੇ ਮਰੀਜ਼ਾਂ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਮਲੂਕ ਸਿੰਘ ਕਾਹਲੋਂ, ਸਤਬੀਰ ਸਿੰਘ, ਰਾਜਬੀਰ ਗਰੇਵਾਲ, ਗੁਰਚਰਨ ਜੋਗੀ, ਪਰਮਜੀਤ ਢਿੱਲੋਂ, ਅਮਰਜੋਤੀ ਮਾਂਗਟ ਅਤੇ ਅੰਜੂ ਗਰੋਵਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਨੇ ਪ੍ਰੋਗਰਾਮ ਨੂੰ ਸਮਅਪ ਕਰਦੇ ਹੋਏ ਪ੍ਰੋ. ਕੁਲਜੀਤ ਦੇ ਰੂਬਰੂ ਦੀ ਸ਼ਲਾਘਾ ਕੀਤੀ । ਉਹਨਾਂ ਨੇ ਡਾ . ਇੰਦਰਜੀਤ ਕੌਰ ਜੀ ਦੀ ਸੇਵਾ ਸਮਰਪਣ ਦੀ ਭਾਵਨਾ ਦੀ ਗੱਲ ਕੀਤੀ ਤੇ ਉਹਨਾਂ ਦੁਆਰਾ ਦੱਸੇ ਨੁਕਤਿਆਂ ਤੇ ਹਰੇਕ ਨੂੰ ਅਮਲ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਅਤੇ ਸਮੁੱਚੀ ਟੀਮ ਵੱਲੋਂ ਡਾ. ਇੰਦਰਜੀਤ ਕੌਰ ਜੀ ਨੂੰ ਸਤਿਕਾਰ ਭੇਟ ਕੀਤਾ। ਇਹ ਰੂਬਰੂ ਪ੍ਰੋਗਰਾਮ ਮਨੁੱਖਤਾ ਅਤੇ ਸੇਵਾ ਦੇ ਸੱਚੇ ਮੂਲਾਂ ਨੂੰ ਉਜਾਗਰ ਕਰਨ ਵਾਲਾ ਵਿਲੱਖਣ ਅਤੇ ਯਾਦਗਾਰ ਅਨੁਭਵ ਸਾਬਤ ਹੋਇਆ। ਦਰਸ਼ਕਾਂ ਨੂੰ ਸ. ਪਿਆਰਾ ਸਿੰਘ ਕੁੱਦੋਵਾਲ ਨੂੰ ਸੁਨਣਾ ਤੇ ਪ੍ਰੋਗਰਾਮ ਨੂੰ ਸਮਅੱਪ ਕਰਨ ਦਾ ਉਹਨਾਂ ਦੇ ਵਿਲੱਖਣ ਅੰਦਾਜ਼ ਨੂੰ ਬਹੁਤ ਪਸੰਦ ਕਰਦੇ ਹਨ । ਰਮਿੰਦਰ ਰੰਮੀ ਨੇ ਇਕ ਵਾਰ ਫਿਰ ਸੱਭ ਦਾ ਧੰਨਵਾਦ ਕਰਦਿਆਂ ਕਿਹਾ ਕਿ ”ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ”।
ਧੰਨਵਾਦ ਸਹਿਤ। ਇਹ ਰਿਪੋਰਟ ਡਾ. ਪੁਸ਼ਵਿੰਦਰ ਕੌਰ ਖੋਖਰ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ।
ਰਮਿੰਦਰ ਰੰਮੀ ਫਾਊਂਡਰ, ਪ੍ਰਧਾਨ ਅਤੇ ਪ੍ਰਬੰਧਕ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।

RELATED ARTICLES
POPULAR POSTS