5.6 C
Toronto
Friday, April 3, 2026
spot_img
Homeਕੈਨੇਡਾਟੀ.ਪੀ.ਏ.ਆਰ. ਕਲੱਬ ਦਾ 10 ਕਿਲੋਮੀਟਰ ਤੇਜ਼-ਤਰਾਰ ਦੌੜਾਕ - ਨਿਰਮਲ ਗਿੱਲ

ਟੀ.ਪੀ.ਏ.ਆਰ. ਕਲੱਬ ਦਾ 10 ਕਿਲੋਮੀਟਰ ਤੇਜ਼-ਤਰਾਰ ਦੌੜਾਕ – ਨਿਰਮਲ ਗਿੱਲ

ਡਾ. ਸੁਖਦੇਵ ਸਿੰਘ ਝੰਡ
ਖੇਡਾਂ ਸਰੀਰਕ ਤੇ ਮਾਨਸਿਕ ਆਰੋਗਤਾ ਅਤੇ ਸਰੀਰ ਦੀ ਤੰਦਰੁਸਤੀ ਲਈ ਜ਼ਰੂਰੀ ਹਨ। ਇਹ ਸਾਡੇ ਸਰੀਰ ਅਤੇ ਦਿਮਾਗ਼ ਨੂੰ ਚੁਸਤ-ਦਰੁੱਸਤ ਰੱਖਦੀਆਂ ਹਨ। ਅੰਗਰੇਜ਼ੀ ਕਹਾਵਤ “A sound mind in a sound body” ਸਧਾਰਨ ਭਾਸ਼ਾ ‘ਚ ਲਿਖੇ ਗਏ ਇਨ੍ਹਾਂ ਸ਼ਬਦਾਂ ਦੀ ਪ੍ਰੋੜ੍ਹਤਾ ਕਰਦੀ ਹੈ। ਜੀਵਨ ਵਿੱਚ ਖ਼ੁਸ਼ ਰਹਿਣ ਅਤੇ ਖੇਡਣ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਪੰਜਵੇਂ ਗੁਰੂ ਅਰਜਨ ਦੇਵ ਜੀ ਵੱਲੋਂ ਮਨੁੱਖ ਨੂੰ ਹੱਸਣ, ਖੇਡਣ, ਚੰਗਾ ਪਹਿਨਣ ਤੇ ਖਾਣ-ਪੀਣ ਦਾ ਆਦੇਸ਼ ਦਿੱਤਾ ਹੈ ਅਤੇ ਇਸ ਨੂੰ ਮੋਖਸ਼ ਪ੍ਰਾਪਤੀ ਦੀ ਜੁਗਤ ਕਿਹਾ ਹੈ:
ਨਾਨਕ ਸਤਿਗੁਰ ਭੇਟੀਐ ਪੂਰੀ ਹੋਵੈ ਜੁਗਤ ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥
(ਸ੍ਰੀ ਗੁਰੂ ਗਰੰਥ ਸਾਹਿਬ, ਪੰਨਾ-522)
ਅਸੀਂ ਵੇਖਦੇ ਹਾਂ ਕਿ ਸੰਸਾਰ ਪੱਧਰ ‘ਤੇ ਮਸ਼ਹੂਰ ਅਤੇ ਮਹੱਤਵਪੂਰਨ ਖੇਡਾਂ ਹਾਕੀ, ਫੁੱਟਬਾਲ, ਬੇਸਬਾਲ, ਬਾਸਕਟਬਾਲ, ਆਦਿ ਸਾਰੀਆਂ ਖੇਡਾਂ ਦੌੜਨ ਦੇ ਨਾਲ ਸਬੰਧਿਤ ਹਨ। ਦਰਅਸਲ, ਇਨ੍ਹਾਂ ਖੇਡਾਂ ਦਾ ਆਧਾਰ ਹੀ ਦੌੜ ਹੈ ਅਤੇ ਇਨ੍ਹਾਂ ਵਿੱਚ ਤੇਜ਼ ਤੇ ਵਧੀਆ ਤਕਨੀਕ ਨਾਲ ਦੌੜਨ ਵਾਲੇ ਖਿਡਾਰੀ ਹੀ ਕਾਮਯਾਬ ਹੁੰਦੇ ਹਨ। ਦੌੜ ਵਿੱਚ ਸਰੀਰ ਅਤੇ ਮਨ ਦੋਵੇਂ ਹੀ ਸ਼ਾਮਲ ਹੁੰਦੇ ਹਨ। ਉਂਜ ਤਾਂ ਦੌੜਨ ਲੱਗਿਆਂ ਸਰੀਰ ਦੇ ਸਾਰੇ ਹੀ ਅੰਗ ਹਰਕਤ ਵਿੱਚ ਆਉਦੇ ਹਨ ਪਰ ਇਸ ਦੌਰਾਨ ਇਸਦੇ ਸੱਭ ਤੋਂ ਮਹੱਤਵਪੂਰਨ ਅੰਗਾਂ ਦਿਲ ਅਤੇ ਦਿਮਾਗ਼ ਦੋਹਾਂ ਨੂੰ ਹੀ ਵਿਸ਼ੇਸ਼ ਕੰਮ ਕਰਨਾ ਪੈਂਦਾ ਹੈ। ਦੌੜਦੇ ਸਮੇਂ ਦਿਲ ਦੀ ਧੜਕਣ ਵੱਧ ਜਾਂਦੀ ਹੈ ਅਤੇ ਨਾਲ ਹੀ ਦਿਮਾਗ਼ ਉੱਪਰ ਵੀ ਵਧੇਰੇ ਜ਼ੋਰ ਪੈਦਾ ਹੈ। ਦੌੜਾਕ ਨੂੰ ਆਪਣੇ ਪੈਰ ਸੋਚ ਸਮਝ ਕੇ ਅੱਗੇ ਵਧਾਉਣੇ ਪੈਂਦੇ ਹਨ, ਖ਼ਾਸ ਤੌਰ ‘ਤੇ ਜੇਕਰ ਦੌੜ ਦਾ ਮਾਰਗ ਪੱਧਰਾ ਤੇ ਸਾਫ਼ ਹੋਣ ਦੀ ਬਜਾਏ ਉੱਚਾ-ਨੀਵਾਂ ਹੋਵੇ। ਦੌੜਨ ਦੀ ਵਿਸ਼ੇਸ਼ਤਾ ਹੈ ਕਿ ਇਸਦੇ ਲਈ ਕਿਸੇ ਵਿਸ਼ੇਸ਼ ਖੇਡ-ਸਮਾਨ ਦੀ ਲੋੜ ਨਹੀਂ ਹੈ। ਕੋਈ ਵੀ ਦੌੜਾਕ ਇਕੱਲਾ ਜਾਂ ਆਪਣੇ ਹਮ-ਖ਼ਿਆਲ ਸਾਥੀਆਂ ਦੇ ਨਾਲ ਦੌੜ ਸਕਦਾ ਹੈ।
ਅੱਜ ਅਸੀਂ ਜਿਹੜੇ ਦੌੜਾਕ ਦੀ ਗੱਲ ਕਰਨ ਲੱਗੇ ਹਾਂ, ਉਹ ਇਕਹਿਰੇ ਜਿਹੇ ਛੀਟਕੇ ਸਰੀਰ ਦਾ ਮਾਲਕ ਨਿਰਮਲ ਗਿੱਲ ਪ੍ਰਾਇਮਰੀ ਸਕੂਲ ‘ਚ ਪੜ੍ਹਦੇ ਸਮੇਂ ਛੋਟੀਆਂ-ਛੋਟੀਆਂ ਦੌੜਾਂ ਲਾਉਂਦਾ ਰਿਹਾ ਹੈ ਅਤੇ ਦੌੜਦਿਆਂ ਹੋਇਆਂ ਉਹ ਆਪਣੇ ਜਮਾਤੀਆਂ ਤੋਂ ਕਾਫੀ ਨਿਕਲ ਲੰਘ ਜਾਂਦਾ ਸੀ। ਉਸਦਾ ਜਨਮ 15 ਮਾਰਚ 1964 ਨੂੰ ਜ਼ਿਲ੍ਹਾ ਫਰੀਦਕੋਟ (ਹੁਣ ਮੋਗਾ) ਦੇ ਪਿੰਡ ਝੰਡੇਵਾਲ ਵਿਖੇ ਸ. ਬੰਤਾ ਸਿੰਘ ਗਿੱਲ ਅਤੇ ਮਾਤਾ ਗੁਰਦੀਪ ਕੌਰ ਦੇ ਘਰ ਹੋਇਆ ਅਤੇ ਪ੍ਰਾਇਮਰੀ ਤੇ ਹਾਈ ਸਕੂਲ ਪਿੰਡ ਵਿੱਚ ਹੋਣ ਕਰਕੇ ਉਹ ‘ਕੱਚੀ-ਪੱਕੀ’ ਤੋਂ ਲੈ ਕੇ ਦਸਵੀਂ ਤੱਕ ਉਹ ਆਪਣੇ ਪਿੰਡ ਝੰਡੇਵਾਲ ਹੀ ਪੜ੍ਹਿਆ। ਪ੍ਰਾਇਮਰੀ ਸਕੂਲ ਵਿੱਚ ਦੌੜਨ ਸਮੇਂ ਅਧਿਆਪਕਾਂ ਵੱਲੋਂ ਉਸਨੂੰ ‘ਸ਼ਾਬਾਸ਼’ ਤਾਂ ਮਿਲਦੀ ਸੀ ਪਰ ਉਦੋਂ ਪ੍ਰਾਇਮਰੀ ਪੱਧਰ ‘ਤੇ ਖੇਡ-ਮੁਕਾਬਲੇ ਨਾ ਹੋਣ ਕਾਰਨ ਉਹ ਕਿਸੇ ਦੌੜ ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕਿਆ। ਅਲਬੱਤਾ! ਹਾਈ ਸਕੂਲਾਂ ਵਿੱਚ ਉਸ ਸਮੇਂ ਫੁੱਟਵਾਲ, ਕਬੱਡੀ, ਹਾਕੀ, ਵਾਲੀਬਾਲ, ਬੈਡਮਿੰਟਨ ਆਦਿ ਖੇਡਾਂ ਦੇ ਜ਼ੋਨਲ ਅਤੇ ਜ਼ਿਲਾ ਪੱਧਰ ਦੇ ਟੂਰਨਾਮੈਂਟਾਂ ਦੌਰਾਨ ਅਥਲੈਟਿਕਸ ਦੇ ਮੁਕਾਬਲੇ ਵੀ ਹੋਇਆ ਕਰਦੇ ਸਨ। ਹਾਈ ਸਕੂਲ ਵਿੱਚ ਨਿਰਮਲ ਨੇ 100 ਮੀਟਰ ਤੇ 200 ਮੀਟਰ ਦੌੜਾਂ ਅਤੇ ਬੈਡਮਿੰਟਨ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਇਨ੍ਹਾਂ ਵਿੱਚ ਕਈ ਵਾਰ ਉਹ ਪਹਿਲੀਆਂ ਪੋਜ਼ੀਸ਼ਨਾਂ ‘ਤੇ ਆਇਆ। ਦਸੰਬਰ 1980 ਨੂੰ ਉਹ ਆਪਣੇ ਵੱਡੇ ਭਰਾ ਪਰਮਿੰਦਰ ਸਿੰਘ ਗਿੱਲ ਕੋਲ ਮਿਸੀਸਾਗਾ ਆ ਗਿਆ। ਪਰਮਿੰਦਰ ਗਿੱਲ ਆਪਣੇ ਸਮੇਂ ਦਾ ਕਬੱਡੀ ਦਾ ਵਧੀਆ ਖਿਡਾਰੀ ਰਿਹਾ ਹੈ। ਕੈਨੇਡਾ ਆ ਕੇ ਉਸਨੇ ਆਪਣੀ ‘ਓਨਟਾਰੀਓ ਕਬੱਡੀ ਕਲੱਬ’ ਬਣਾਈ ਅਤੇ ਕੈਨੇਡਾ ਦੀ ਕਬੱਡੀ ਫ਼ੈੱਡਰੇਸ਼ਨ ਦੇ ਸਹਿਯੋਗ ਨਾਲ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਬੱਡੀ ਮੁਕਾਬਲੇ ਕਰਵਾਏ। ਵੱਡੇ ਭਰਾ ਦੇ ‘ਵੱਡਾ’ ਆਸਰਾ ਅਤੇ ਹੌਸਲਾ ਹੋਣ ਸਦਕਾ ਨਿਰਮਲ ਨੂੰ ਕੈਨੇਡਾ ਕੇ ਆਮ ਪਰਵਾਸੀਆਂ ਵਾਂਗ ਮੁਸ਼ਕਲਾਂ ਦਾ ਖ਼ਾਸ ਸਾਹਮਣਾ ਨਹੀਂ ਕਰਨਾ ਪਿਆ। ਇੱਥੇ ਉਸਨੂੰ ਰਿਹਾਇਸ਼ ਤੇ ਖਾਣ-ਪੀਣ ਦੀ ਮੁਸ਼ਕਲ ਪੇਸ਼ ਨਹੀਂ ਆਈ ਅਤੇ ਵੱਡੇ ਭਰਾ ਦੀ ਇੱਥੋਂ ਦੇ ਕੰਮਾਂ ਬਾਰੇ ਚੰਗੀ ਜਾਣਕਾਰੀ ਹੋਣ ਸਦਕਾ ਉਸਨੂੰ ਇੱਥੇ ਕੰਮ ਵੀ ਕਾਫ਼ੀ ਆਸਾਨੀ ਨਾਲ ਮਿਲ ਗਿਆ। ਇਸਦੇ ਨਾਲ ਹੀ ਅੱਗੇ ਜਾ ਕੇ 2017 ਵਿੱਚ ਉਸਨੂੰ ਟੀ.ਪੀ.ਏ.ਆਰ. ਕਲੱਬ ਨਾਲ ਜੁੜਨ ਦਾ ਮਸ਼ਵਰਾ ਵੀ ਪਰਮਿੰਦਰ ਕੋਲੋਂ ਹੀ ਮਿਲਿਆ। ਕੈਨੇਡਾ ਆ ਕੇ ਨਿਰਮਲ ਨੇ ਸੋਫ਼ੇ ਬਨਾਉਣ ਵਾਲੀ ਇੱਕ ਕੰਪਨੀ ‘ਬੌਘੋਸ’ ਵਿੱਚ ਸਾਥੀ ਵਰਕਰਾਂ ਨਾਲ ਸੋਫ਼ੇ ਤਿਆਰ ਕਰਨ ਦਾ ਕੰਮ ਕੀਤਾ ਅਤੇ ਸੋਫ਼ੇ ਬਨਾਉਣ ਵਿੱਚ ਚੰਗੀ ਮੁਹਾਰਤ ਹਾਸਲ ਕਰ ਲਈ। ਇੱਥੇ ਹਾਸਲ ਹੋਇਆ ਤਜਰਬਾ ਉਸ ਨੂੰ ਇੱਕ ਵੱਡੇ ਫ਼ਰਨੀਚਰ ਹਾਊਸ ‘ਰੀਜੈਂਸੀ ਸੋਫ਼ਾ’ ਦੀ ਗਾਹਕ-ਸੇਵਾ ਵਿੱਚ ‘ਸੇਲਜ਼ ਪਰਸਨ’ ਵਜੋਂ ਨੌਕਰੀ ਪ੍ਰਾਪਤ ਕਰਨ ਵਿੱਚ ਕਾਫ਼ੀ ਸਹਾਈ ਹੋਇਆ। ਫਿਰ ਸੋਫ਼ੇ ਬਨਾਉਣ ਦੇ ਤਜਰਬੇ ਦਾ ਲਾਭ ਉਠਾਉਦਿਆਂ ਹੋਇਆਂ ਉਸਨੇ ਸੋਫ਼ਿਆਂ ਉੱਪਰ ਕੱਪੜੇ ਚੜ੍ਹਾਉਣ ਦਾ ਆਪਣਾ ਕੰਮ ਆਰੰਭ ਕਰ ਲਿਆ, ਜਿਸ ਨੂੰ ਉਹ ਹੁਣ ਇਸ ਸਮੇ ਬਾਖ਼ੂਬੀ ਕਰ ਰਿਹਾ ਹੈ। ਇਸ ਦੌਰਾਨ ਨਿਰਮਲ ਗਿੱਲ ਨੇ ਸ਼ਾਮ ਨੂੰ ਕੰਮ ਤੋਂ ਆ ਕੇ ਦੌੜਨ ਦਾ ਅਭਿਆਸ ਜਾਰੀ ਰੱਖਿਆ ਅਤੇ ਉਹ ਦੌੜ ਮੁਕਾਬਲਿਆਂ ਵਿੱਚ 5 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜਾਂ ਵਿੱਚ ਹਿੱਸਾ ਲੈਂਦਾ ਰਿਹਾ।
ਉਸ ਨੇ ਕੈਨੇਡਾ ਵਿੱਚ ਹਰ ਸਾਲ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ’ ਵੱਲੋਂ ਕਰਵਾਈ ਜਾਂਦੀ ‘ਇੰਸਪੀਰੇਸ਼ਨਲ ਸਟੈੱਪਸ-2015’ ਵਿੱਚ ਪਹਿਲੀ ਵਾਰ ਮੈਰਾਥਨ ਦੌੜ ਵਿੱਚ ਭਾਗ ਲਿਆ। ਇਸ ਦੌਰਾਨ ਹੋਈ ਦਿਲਚਸਪ ਹੱਡ-ਬੀਤੀ ਬਾਰੇ ਉਸਨੇ ਦੱਸਿਆ ਕਿ ਉਦੋਂ ਤੱਕ ਉਹ 10-12 ਕਿਲੋਮੀਟਰ ਦੌੜ ਤਾਂ ਬੜੀ ਆਸਾਨੀ ਨਾਲ ਲਗਾ ਲੈਂਦਾ ਸੀ ਪਰ ਇਸ ਤੋਂ ਲੰਮੀ ਦੌੜ ਦਾ ਉਸਦਾ ਅਭਿਆਸ ਨਹੀਂ ਸੀ। ਨਿਰਮਲ ਨੇ ਦੱਸਿਆ ਕਿ ਇਸ ‘ਇੰਸਪੀਰੇਸ਼ਨਲ ਸਟੈੱਪਸ-2015’ ਵਿੱਚ ਉਸਨੇ ਆਪਣਾ ਨਾਂ ‘ਫੁੱਲ ਮੈਰਾਥਨ’ ਲਈ ਰਜਿਸਟਰ ਕਰਵਾ ਲਿਆ ਜੋ ਸਕਾਰਬਰੋ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਕਈ ਵੱਖ-ਵੱਖ ਗੁਰਦੁਆਰਿਆਂ ਤੋਂ ਹੁੰਦੀ ਹੋਈ ਡਿਕਸੀ ਗੁਰੂਘਰ ਆ ਕੇ ਸਮਾਪਤ ਹੋਣੀ ਸੀ। ਇਸ ਦੌੜ ਦੇ ਅੱਧ ਕੁ ਤੱਕ ਤਾਂ ਉਹ ਬੜੇ ਆਰਾਮ ਨਾਲ ਦੌੜਦਾ ਗਿਆ ਪਰ ਫਿਰ ਬਾਅਦ ਵਿੱਚ ਉਸ ਦੀਆਂ ਲੱਤਾਂ ਫੁੱਲਣੀਆਂ ਸ਼ੁਰੂ ਹੋ ਗਈ ਅਤੇ ਸਾਹ ਵੀ ਕਾਫ਼ੀ ਚੜ੍ਹਨ ਲੱਗਿਆ। ਉਸਦੇ ਨਾਲ-ਨਾਲ ਦੌੜ ਰਹੇ ਸਾਥੀ ਤੇਜਿੰਦਰ ਗਰੇਵਾਲ ਦਾ ਵੀ ਏਹੀ ਹਾਲ ਸੀ। ਦੋਹਾਂ ਨੇ ਪਹਿਲਾਂ ਇਹ ਦੌੜ ਅੱਧ-ਵਿਚਾਲੇ ਹੀ ਛੱਡਣ ਬਾਰੇ ਸੋਚਿਆ ਪਰ ਥੋੜ੍ਹਾ ਜਿਹਾ ਸਾਹ ਲੈਣ ਤੋਂ ਬਾਅਦ ਉਹ ਫਿਰ ਚੱਲ ਪਏ ਅਤੇ ਬਾਕੀ ਰਹਿੰਦੀ ਦੌੜ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਹੌਲ਼ੀ-ਹੌਲ਼ੀ ਚੱਲ ਕੇ ਮਸਾਂ ਹੀ ਪੂਰੀ ਕੀਤੀ। ਇਸ ਤੋਂ ਬਾਅਦ ਨਿਰਮਲ ਗਿੱਲ ਨੇ ‘ਫੁੱਲ-ਮੈਰਾਥਨ’ ਦੌੜ ਵੱਲ ਮੂੰਹ ਨਹੀ ਕੀਤਾ ਅਤੇ ਉਹ 5 ਕਿਲੋਮੀਟਰ, 10 ਕਿਲੋਮੀਟਰ ਅਤੇ ਹਾਫ਼-ਮੈਰਾਥਨ ਹੀ ਦੌੜਦਾ ਰਿਹਾ। ਇਸਦੇ ਨਾਲ ਹੀ ਉਸਨੇ ਸਮੇਂ-ਸਮੇਂ ਦੌੜ ਦੇ ਕਈ ਹੋਰ ਮਹੱਤਵਪੂਰਨ ਈਵੈਂਟਾਂ ਵਿੱਚ ਭਾਗ ਲਿਆ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:
1. ਹਾਫ਼-ਮੈਰਾਥਨ ਵਿੱਚ ਉਸਨੇ 2018 ਵਿੱਚ ਉਸਨੇ ਪਹਿਲੀ ਵਾਰ ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਵਜੋਂ ‘ਮਿਸੀਸਾਗਾ ਮੈਰਾਥਨ’ ਦੇ 2018 ਈਵੈਂਟ ਵਿੱਚ ਹਿੱਸਾ ਲਿਆ। ਉਸ ਤੋਂ ਅਗਲੇ ਸਾਲ 2019 ਵਿੱਚ ਉਸਨੇ ਫਿਰ ਇਸ ਵਿੱਚ 10 ਕਿਲੋਮੀਟਰ ਤੇ ਹਾਫ਼-ਮੈਰਾਥਨ ਵਿੱਚ ਭਾਗ ਲਿਆ ਅਤੇ 10 ਕਿਲੋਮੀਟਰ ਵਿੱਚ ਆਪਣੇ ਉਮਰ-ਵਰਗ (52 ਤੋਂ 59 ਸਾਲ) ਵਿੱਚ ਉਹ ਪਹਿਲੇ ਨੰਬਰ ‘ਤੇ ਆਇਆ, ਜਿਸ ਤੋਂ ਉਸਨੂੰ ਬਹੁਤ ਹੌਸਲਾ ਅਤੇ ਉਤਸ਼ਾਹ ਮਿਲਿਆ।
2. ਇੱਥੇ ਵਰਨਣਯੋਗ ਹੈ ਕਿ 2020 ਵਿੱਚ ਕੋਵਿਡ-19 ਮਹਾਂਮਾਰੀ ਫ਼ੈਲਣ ਕਰਕੇ 2020 ਅਤੇ 2021 ਦੌਰਾਨ ਦੋ ਸਾਲ ਖੇਡਾਂ ਦਾ ਕੋਈ ਵੀ ਈਵੈਂਟ ਨਾ ਹੋ ਸਕਿਆ ਅਤੇ 2022 ਵਿੱਚ ਉਹ ‘ਮਿਸੀਸਾਗਾ ਰਨ’ ਦੇ 10 ਕਿਲੋਮੀਟਰ ਈਵੈਂਟ ਵਿੱਚ ਆਪਣੇ ਉਮਰ-ਵਰਗ ਵਿੱਚ ਪਹਿਲੇ ਨੰਬਰ ‘ਤੇ ਰਿਹਾ।
3. ‘ਓਕਵਿਲ ਹਾਫ਼-ਮੈਰਾਥਨ’ ਵਿੱਚ ਉਸਨੇ 2018 ਅਤੇ 2019 ਵਿੱਚ ਦੋ ਵਾਰ ਭਾਗ ਲਿਆ।
4. ਟੋਰਾਂਟੋ ਡਾਊਨ ਟਾਊਨ ਵਿੱਚ ਹੋਣ ਵਾਲੀ ‘ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਵਿੱਚ ਉਹ 2018, 2019, 2022 ਅਤੇ 2024 ਵਿੱਚ ਚਾਰ ਵਾਰੀ ਹਾਫ਼-ਮੈਰਾਥਨ ਲਈ ਦੌੜਿਆ।
5. ‘ਜੌਰਜਿਨਾ 10 ਕਿਲੋਮੀਟਰ ਦੌੜ’ ਉਸਨੇ ਪਹਿਲੀ ਵਾਰ 2022 ਵਿੱਚ ਲਗਾਈ ਅਤੇ ਇਸ ਵਿੱਚ ਆਪਣੇ ਉਮਰ-ਵਰਗ ਵਿੱਚ ਤੀਸਰੇ ਨੰਬਰ ‘ਤੇ ਆਇਆ, ਦੂਸਰੀ ਵਾਰ 2024 ਵਿੱਚ ਉਹ ਫਿਰ ਤੀਸਰੇ ਨੰਬਰ ‘ਤੇ ਰਿਹਾ ਪਰ 2025 ਵਿੱਚ ਤੀਸਰੀ ਵਾਰ ਇਸ ਵਿੱਚ ਪਹਿਲੇ ਨੰਬਰ ‘ਤੇ ਆ ਕੇ ਉਸਨੇ ਗੋਲਡ ਮੈਡਲ ਹਾਸਲ ਕੀਤਾ।
6. ‘ਪੀਟਰਬੋਰੋ ਬਟਰਫ਼ਲਾਈ 10 ਕਿਲੋਮੀਟਰ ਰਨ’ ਨਿਰਮਲ ਗਿੱਲ ਨੇ 2024 ਅਤੇ 2025 ਵਿੱਚ ਦੋ ਵਾਰ ਲਗਾਈ। ਇਹ ਇੱਕ ‘ਚੈਰਿਟੀ ਰਨ’ ਹੈ ਅਤੇ ਇਸ ਵਿੱਚ ਪਹਿਲੀਆਂ ਪੋਜ਼ੀਸ਼ਨਾਂ ‘ਤੇ ਆਉਣ ਵਾਲਿਆਂ ਨੂੰ ਕੋਈ ਵਿਸ਼ੇਸ਼ ਮੈਡਲ ਨਹੀਂ ਦਿੱਤੇ ਜਾਂਦੇ। ਉਂਜ, ਇਸ ਵਿੱਚ ਭਾਗ ਲੈਣ ਵਾਲੇ ਸਾਰੇ ਦੌੜਾਕਾਂ ਨੂੰ ‘ਤਿਤਲੀ’ ਦੀ ਸ਼ਕਲ ਵਾਲੇ ਖ਼ੂਬਸੂਰਤ ਮੈਡਲਾਂ ਨਾਲ ਸਨਮਾਨਿਆ ਜਾਂਦਾ ਹੈ।
7. ਪੀਲ ਪੋਲੀਸ ਵੱਲੋਂ ਹਰ ਸਾਲ ਕਰਵਾਈ ਜਾਂਦੀ ‘ਰੇਸ ਅਗੇਨਸਟ ਰੇਸਿਜ਼ਮ’ ਵਿੱਚ ਉਸ ਨੇ 10 ਕਿਲੋਮੀਟਰ ਦੌੜ ਵਿੱਚ ਪਹਿਲੀ ਵਾਰ 2025 ਵਿੱਚ ਭਾਗ ਲਿਆ ਅਤੇ ਇਸ ਵਿੱਚ ਆਪਣੇ ਉਮਰ-ਵਰਗ ਵਿੱਚ ਉਹ ਤੀਸਰੇ ਨੰਬਰ ‘ਤੇ ਆਇਆ। ਏਸੇ ਤਰ੍ਹਾਂ ‘ਬਰੈਂਪਟਨ ਹਾਫ਼-ਮੈਰਾਥਨ’ ਵਿੱਚ 2025 ਵਿੱਚ ਪਹਿਲੀ ਵਾਰ ਹਿੱਸਾ ਲੈ ਕੇ ਇਸ ਵਿੱਚ ਉਹ ਇਸ ਵਿੱਚ ਦੂਸਰੇ ਨੰਬਰ ‘ਤੇ ਰਿਹਾ।
ਇਸਦੇ ਨਾਲ ਹੀ ਨਿਰਮਲ ਗਿੱਲ ਨੇ 2025 ਵਿੱਚ ਟੀ.ਪੀ.ਏ.ਆਰ. ਕਲੱਬ ਦੇ ਸਹਿਯੋਗੀ ਮੈਂਬਰਾਂ ਨਲ ‘ਸੀ.ਐੱਨ. ਟਾਵਰ’ ਦੀਆਂ ਪੌੜੀਆਂ ਚੜ੍ਹਨ ਦੇ ਮੁਕਾਬਲੇ ਵਿੱਚ ਵੀ ਭਾਗ ਲਿਆ ਅਤੇ ਇਹ 1776 ਪੌੜੀਆਂ ਬਿਨਾਂ ਕਿਸੇ ਅਭਿਆਸ ਦੇ 21 ਮਿੰਟਾਂ ਵਿੱਚ ਚੜ੍ਹੀਆਂ। ਇਹ ਉਸਦੀ ਦੌੜ ਦੀ ਪ੍ਰੈਕਟਿਸ ਅਤੇ ਸਮੇਂ-ਸਮੇਂ ਦੌੜ-ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਰਹਿਣ ਦਾ ਨਤੀਜਾ ਸੀ, ਵਰਨਾ ਇਹ ਪੌੜੀਆਂ ਚੜ੍ਹਨ ਲਈ ਕਈ ਤਾਂ ਪਹਿਲਾਂ ਕਈ-ਕਈ ਦਿਨ ਕਿਸੇ ਨਾ ਕਿਸੇ ਬਹੁ-ਮੰਜ਼ਲੀ ਇਮਾਰਤ (ਟਾਵਰ) ਦੀਆਂ ਪੌੜੀਆਂ ਚੜ੍ਹਨ ਦਾ ਅਭਿਆਸ ਕਰਦੇ ਹਨ।
ਆਪਣੀ ‘ਰੁਟੀਨ’ ਬਾਰੇ ਗੱਲ ਕਰਦਿਆਂ ਨਿਰਮਲ ਨੇ ਦੱਸਿਆ ਕਿ ਉਹ ਸਵੇਰੇ 8.00 ਵਜੇ ਸੋਫ਼ਿਆਂ ਵਾਲੇ ਆਪਣੇ ਕੰਮ ‘ਤੇ ਲੱਗ ਜਾਂਦਾ ਹੈ ਅਤੇ ਇਸ ਦੌਰਾਨ ਖਾਣੇ ਅਤੇ ਚਾਹ ਪੀਣ ਦੀਆਂ ‘ਸਵੈ-ਇੱਛਤ ਬਰੇਕਾਂ’ ਲੈ ਕੇ ਸ਼ਾਮ ਦੇ 5.00 ਵਜੇ ਤੱਕ ਇਹ ਕੰਮ ਕਰਦਾ ਹੈ। ਉਸਦੇ ਇਸ ਕੰਮ ਨੂੰ ਲੋਕਾਂ ਵੱਲੋਂ ਕਾਫ਼ੀ ਸਲਾਹਿਆ ਗਿਆ ਹੈ ਅਤੇ ਇਸ ਤਰ੍ਹਾਂ ਉਸਨੂੰ ਇਹ ਕੰਮ ਸਾਰਾ ਸਾਲ ਹੀ ਮਿਲਦਾ ਰਹਿੰਦਾ ਹੈ। ਜਦੋਂ ਕਿਤੇ ਕੰਮ ਘੱਟ ਹੋਵੇ ਤਾਂ ਉਹ ਇਹ ਸਮਾਂ ਦੌੜ ਦੇ ਹੋਰ ਵਧੇਰੇ ਅਭਿਆਸ ਨੂੰ ਦਿੰਦਾ ਹੈ। ਉਂਜ, ਆਮ ਤੌਰ ‘ਤੇ ਉਹ ਸ਼ਾਮ ਨੂੰ ਸਵਾ ਕੁ ਪੰਜ ਵਜੇ ਦੌੜਨ ਲਈ ਨਿਕਲ ਪੈਂਦਾ ਹੈ ਅਤੇ ‘ਗਲੈੱਨ ਐਰਨ ਟਰੇਲ’ ‘ਤੇ ਰੋਜ਼ 12 ਕਿਲੋਮੀਟਰ ਦੌੜਨ ਦੀ ਪ੍ਰੈਕਟਿਸ ਕਰਦਾ ਹੈ। ਇੱਥੇ ਉਹ ਆਮ ਤੌਰ ‘ਤੇ ਇਕੱਲਾ ਹੀ ਦੌੜਦਾ ਹੈ ਪਰ ਕਈ ਵਾਰ ਇਸ ਦੌਰਾਨ ਦੂਸਰੇ ਪਾਸਿਉਂ ‘ਸੁਕੇਅਰ-ਵੰਨ’ ਵੱਲੋਂ ਆ ਰਹੇ ‘ਸਿਕਸ ਸਟਾਰ ਮੈਰਾਥਨ ਦੌੜਾਕ’ ਸੂਰਤ ਸਿੰਘ ਚਾਹਲ ਨਾਲ ਉਸਦਾ ਮੇਲ਼ ਹੋ ਜਾਂਦਾ ਹੈ ਜੋ ਲੰਮੀ ਦੌੜ ਦੌੜਨ ਲਈ ਹੌਸਲਾ-ਅਫ਼ਜ਼ਾਈ ਕਰ ਰਿਹਾ ਹੈ ਅਤੇ ਕੋਚ ਵਜੋਂ ਇਸਦੇ ਲਈ ਲੋੜੀਂਦੀ ਸਿਖਲਾਈ ਵੀ ਦੇ ਰਿਹਾ ਹੈ। ਸਰੀਰਕ ਫਿੱਟਨੈੱਸ ਲਈ ਉਹ ਹਫ਼ਤੇ ਵਿੱਚ ਚਾਰ-ਪੰਜ ਦਿਨ ਜਿੰਮ ਵੀ ਜਾਂਦਾ ਹੈ।
ਦੌੜਨ ਤੋਂ ਇਲਾਵਾ ਕਿਸੇ ਹੋਰ ਸ਼ੁਗਲ ਬਾਰੇ ਪੁੱਛਣ ‘ਤੇ ਨਿਰਮਲ ਗਿੱਲ ਨੇ ਦੱਸਿਆ ਕਿ 1986 ਵਿੱਚ ਉਸਦੇ ਮਨ ਵਿੱਚ ‘ਮਾਰਸ਼ਲ ਆਰਟਸ’ ਦੀ ਗੇਮ ‘ਕਰਾਟੇ’ ਸਿੱਖਣ ਦਾ ਸ਼ੌਕ ਜਾਗਿਆ ਅਤੇ ਉਸਨੇ ਕਰਾਟੇ ਸਿਖਾਉਣ ਵਾਲੇ ਇੱਕ ਕੇਂਦਰ ਵਿੱਚ ਦਾਖ਼ਲਾ ਲੈ ਲਿਆ। ਵੀਕ-ਐਂਡਜ਼ ‘ਤੇ ਜਾ ਕੇ ਸੱਤ-ਅੱਠ ਇਸਦਾ ਅਭਿਆਸ ਕਰਦਾ ਰਿਹਾ ਅਤੇ ਇਸਦੇ ‘ਬਲੈਕ ਸਟਰਿੱਪ’ ਤੀਕ ਪਹੁੰਚ ਗਿਆ। ਇਸ ਤੋਂ ਅੱਗੇ ਇਸ ਵਿੱਚ ‘ਬਲੈਕ ਬੈੱਲਟ’ ਦੀ ਉਚੇਰੀ ਸਟੇਜ ‘ਤੇ ਉਸ ਕੋਲੋਂ ਨਾ ਪਹੁੰਚਿਆ ਗਿਆ ਅਤੇ ਉਸਨੇ ਇਹ ਛੱਡਣ ਦਾ ਫ਼ੈਸਲਾ ਕਰ ਲਿਆ। ਦੌੜਾਂ ਦੇ ਵੱਖ-ਵੱਖ ਈਵੈਂਟਾਂ ‘ਤੇ ਜਾਣ ਲਈ ਘਰੋਂ ਮਿਲ ਰਹੇ ਸਹਿਯੋਗ ਬਾਰੇ ਉਸਨੇ ਦੱਸਿਆ ਕਿ ਉਸਦੀ ਪਤਨੀ ਵੱਲੋਂ ਉਸਨੂੰ ਪੂਰਾ ਸਹਿਯੋਗ ਅਤੇ ਹੱਲਾਸ਼ੇਰੀ ਮਿਲ਼ ਰਹੀ ਹੈ। ਉਸਦਾ ਬੇਟਾ ਅਤੇ ਬੇਟੀ ਵੀ ਉਸਨੂੰ ਇਸਦੇ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੂੰ ਭਾਵੇਂ ਦੌੜਨ ਦਾ ਸ਼ੌਕ ਨਹੀਂ ਹੈ ਪਰ ਫਿਰ ਵੀ ਉਹ ਦੌੜ ਦੇ ਕਈ ਈਵੈਂਟਾਂ ਵਿੱਚ ਉਸਦੇ ਨਾਲ ਜਾਂਦੇ ਹਨ। ਆਪਣੀ ਰੋਜ਼ਾਨਾ ਖ਼ੁਰਾਕ ਬਾਰੇ ਗੱਲ ਕਰਦਿਆਂ ਉਸਨੇ ਦੱਸਿਆ ਕਿ ਉਹ ਸਾਦਾ ਪੰਜਾਬੀ ਖਾਣਾ ਹੀ ਪਸੰਦ ਕਰਦਾ ਹੈ ਜਿਸ ਵਿੱਚ ਦਾਲ-ਸਬਜ਼ੀ, ਦਹੀਂ, ਪਨੀਰ, ਸਲਾਦ, ਫੁਲਕੇ ਅਤੇ ਕਦੇ-ਕਦੇ ਚੌਲ ਵੀ ਸ਼ਾਮਲ ਹੁੰਦੇ ਹਨ। ਉਹ ਹਫ਼ਤੇ ਵਿੱਚ ਇੱਕ ਵਾਰ ਚਿੱਕਨ ਲੈਂਦਾ ਹੈ ਪਰ ਗੋਟ-ਮੀਟ, ਵਗ਼ੈਰਾ ਬਿਲਕੁਲ ਨਹੀਂ ਅਤੇ ਜਿੱਥੋਂ ਤੱਕ ਹੋ ਸਕੇ ਬਾਜ਼ਾਰੀ ਖਾਣਾ ਖਾਣ ਤੋਂ ਪ੍ਰਹੇਜ਼ ਕਰਦਾ ਹੈ।
ਨਿਰਮਲ ਗਿੱਲ ਦਾ ਨਿਸ਼ਾਨਾ ਅੱਗੋਂ ਹਾਫ਼-ਮੈਰਾਥਨ ਅਤੇ ਮੈਰਾਥਨ ਦੇ ਮੁਕਾਬਲਿਆਂ ਵੱਲ ਵੱਧਣ ਦਾ ਹੈ ਅਤੇ ਇਸਦੇ ਲਈ ਉਹ ਦੌੜਨ ਦਾ ਲਗਾਤਾਰ ਅਭਿਆਸ ਕਰ ਰਿਹਾ ਹੈ। 10 ਕਿਲੋਮੀਟਰ ਦੌੜਨ ਲਈ ਉਸਦੇ ਵੱਲੋਂ ਲਿਆ ਗਿਆ ਹੁਣ ਤੱਕ ਦਾ ਸੱਭ ਤੋਂ ਘੱਟ ਸਮਾਂ 51 ਮਿੰਟ ਹੈ ਜੋ ਕਿ ਆਪਣੇ ਆਪ ਵਿੱਚ ਬਹੁਤ ਵਧੀਆ ਸਮਾਂ ਹੈ। ਨਿਰਮਲ ਗਿੱਲ ਇਸ ਨੂੰ ਹੋਰ ਘੱਟ ਕਰਨਾ ਚਾਹੁੰਦਾ ਹੈ। ਅਗਲੇ ਸਾਲ 2027 ਦੌਰਾਨ ਉਸਦੀ ਕੋਸ਼ਿਸ਼ ਮੁਕਾਬਲੇ ਵਾਲੀਆਂ ਲੰਮੀਆਂ ਦੌੜਾਂ ਹਾਫ਼-ਮੈਰਾਥਨ ਅਤੇ ਮੈਰਾਥਨ ਲਈ ਕੁਆਲੀਫ਼ਾਈ ਕਰਨ ਦੀ ਹੈ।
ਪ੍ਰਮਾਤਮਾ ਉਸ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਪਾਵੇ!

 

RELATED ARTICLES
POPULAR POSTS