5.6 C
Toronto
Friday, April 3, 2026
spot_img
Homeਕੈਨੇਡਾਕੈਨੇਡਾ ਸਰਕਾਰ ਨੇ ਪੋਸਟ-ਸੈਕੰਡਰੀ ਵਿਦਿਅਰਥੀਆਂ ਲਈ ਵਿੱਤੀ-ਸਹਾਇਤਾ ਵਿੱਚ ਵਾਧਾ ਕੀਤਾ : ਸੋਨੀਆ...

ਕੈਨੇਡਾ ਸਰਕਾਰ ਨੇ ਪੋਸਟ-ਸੈਕੰਡਰੀ ਵਿਦਿਅਰਥੀਆਂ ਲਈ ਵਿੱਤੀ-ਸਹਾਇਤਾ ਵਿੱਚ ਵਾਧਾ ਕੀਤਾ : ਸੋਨੀਆ ਸਿੱਧੂ

ਓਟਵਾ/ਬਿਊਰੋ ਨਿਊਜ਼ : ਪੋਸਟ-ਸੈਕੰਡਰੀ ਸਿੱਖਿਆ ਕੈਨੇਡਾ ਦੇ ਲਈ ਮਹੱਤਵਪੂਰਨ ਨਿਵੇਸ਼ ਹੈ। ਵਿਦਿਆਰਥੀਆਂ ਲਈ ਬਿਨਾਂ ਕਿਸੇ ਵਿੱਤੀ ਬੋਝ ਦੇ ਵਿੱਦਿਆ ਪ੍ਰਾਪਤੀ ਅਤੇ ਸਿਖਲਾਈ ਨੂੰ ਯਕੀਨੀ ਬਨਾਉਣਾ ਅਤੇ ਦੇਸ਼ ਲਈ ਮਜ਼ਬੂਤ, ਸਿੱਖਿਅਤ ਅਤੇ ਮੁਕਾਬਲੇਬਾਜ਼ੀ ਲਈ ਲੋੜੀਂਦੀ ‘ਵਰਕ-ਫੋਰਸ’ ਤਿਆਰ ਕਰਨਾ ਸਮੇਂ ਦੀ ਜ਼ਰੂਰਤ ਹੈ।
ਲੰਘੀ 23 ਮਾਰਚ ਨੂੰ ਕੈਨੇਡਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਕੈਨੇਡਾ ਦੇ ‘ਸਟੂਡੈਂਟ ਫਾਈਨਾਂਸ਼ੀਅਲ ਅਸਿਸਟੈਂਸ ਗਰਾਂਟਸ ਐਂਡ ਲੋਨਜ਼’ ਵਿੱਚ 2026-27 ਅਕਾਦਮਿਕ ਸੈਸ਼ਨ ਲਈ ਅਸਥਾਈ ਵਾਧਾ ਕਰੇਗੀ। ਇਸ ਦੇ ਨਾਲ ਉਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਨਾਲ ਕੀਤੀ ਗਈ ਵਾਅਦਾ-ਪੂਰਤੀ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਏਗੀ।
ਵਿੱਤੀ-ਸਹਾਇਤਾ ਵਿੱਚ ਕੀਤੇ ਗਏ ਇਸ ਵਾਧੇ ਵਿੱਚ ਫੁੱਲ-ਟਾਈਮ ਤੇ ਪਾਰਟ-ਟਾਈਮ ਵਿਦਿਆਰਥੀਆਂ, ਅਪੰਗ ਅਤੇ ਨਿਰਭਰ ਵਿਦਿਅਰਥੀਆਂ ਲਈ ‘ਕੈਨੇਡਾ ਸਟੂਡੈਂਟ ਗਰਾਂਟ’ ਵਿੱਚ 40% ਵਾਧਾ ਸ਼ਾਮਲ ਹੈ। ਇਸਦੇ ਨਾਲ ਹੀ ਵਿਆਜ-ਰਹਿਤ ‘ਕੈਨੇਡਾ ਸਟੂਡੈਂਟ ਲੋਨ’ ਦੀ ਹਫ਼ਤਾਵਾਰੀ ਸੀਮਾ 210 ਡਾਲਰ ਤੋਂ 300 ਡਾਲਰ ਕਰ ਦਿੱਤੀ ਗਈ ਹੈ ਜਿਸ ਨਾਲ ਵਿਦਿਆਰਥੀ ਵਧ ਰਹੀ ਮਹਿੰਗਾਈ ਕਾਰਨ ਪੋਸਟ-ਸੈਕੰਡਰੀ ਵਿੱਦਿਆ ਉੱਪਰ ਆਉਣ ਵਾਲੇ ਵਧੇਰੇ ਖ਼ਰਚੇ ਦਾ ਸਾਹਮਣਾ ਕਰ ਸਕਣਗੇ।
2026-27 ਦੇ ਅਕਾਦਮਿਕ ਸਾਲ ਦੌਰਾਨ ਲੱਗਭੱਗ 5,71,000 ਵਿਦਿਆਰਥੀ ਦੇਸ਼-ਭਰ ਵਿੱਚ ਵਿੱਤੀ-ਗਰਾਂਟ ਵਿੱਚ ਹੋਏ ਇਸ ਵਾਧੇ ਦਾ ਲਾਭ ਉਠਾ ਸਕਣਗੇ, ਜਦਕਿ 4,22,000 ‘ਵਿਦਿਆਰਥੀ ਕੈਨੇਡਾ ਸਟੂਡੈਂਟ ਲੋਨ’ ਵਿੱਚ ਹੋਏ ਹਫ਼ਤਾਵਾਰੀ ਵਾਧੇ ਦਾ ਫਾਇਦਾ ਚੁੱਕ ਸਕਣਗੇ।
ਇਨ੍ਹਾਂ ਦੋਹਾਂ ਨੂੰ ਮਿਲ਼ਾ ਕੇ ਵਿਦਿਆਰਥੀਆਂ ਨੂੰ ਨੌਕਰੀਆਂ ਲਈ ਲੋੜੀਂਦੀ ਸਿੱਖਿਆ ਅਤੇ ਸਕਿੱਲ ਪ੍ਰਾਪਤ ਕਰਨ ਲਈ ਸਰਕਾਰ ਵੱਲੋਂ ਪੋਸਟ-ਸੈਕੰਡਰੀ ਸਿੱਖਿਆ ਉੱਪਰ 1.2 ਬਿਲੀਅਨ ਡਾਲਰ ਪੂੰਜੀ-ਨਿਵੇਸ਼ ਕੀਤਾ ਜਾ ਰਿਹਾ ਹੈ।
ਇਸਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਵਿਦਿਆਰਥੀਆਂ ਲਈ ਪੋਸਟ-ਸੈਕੰਡਰੀ ਸਿੱਖਿਆ ਨੂੰ ਅਫੋਰਡੇਬਲ ਬਨਾਉਣ ਦਾ ਮਤਲਬ ਉਨ੍ਹਾਂ ਨੂੰ ਆਪਣੀ ਪੜ੍ਹਾਈ ‘ਤੇ ਧਿਆਨ ਕੇਂਦ੍ਰਿਤ ਕਰਨ, ਲੋੜੀਂਦਾ ਤਜਰਬਾ ਹਾਸਲ ਕਰਨ ਅਤੇ ਆਪਣੇ ਭਵਿੱਖ ਲਈ ਯੋਜਨਾਬੰਦੀ ਕਰਨ ਵਿੱਚ ਸਹਾਇਤਾ ਕਰਨਾ ਹੈ। ਇਨ੍ਹਾਂ ਵਿੱਤੀ-ਗਰਾਂਟਾਂ ਅਤੇ ਲੋਨਾਂ ਵਿੱਚ ਵਾਧਾ ਕਰਕੇ ਸਰਕਾਰ ਵਿਦਿਆਰਥੀਆਂ ਦੀ ਯੋਗਤਾ ਅਤੇ ਸਕਿੱਲ ਪ੍ਰਾਪਤੀ ਲਈ ਨਿਵੇਸ਼ ਕਰ ਰਹੀ ਹੈ ਤਾਂ ਜੋ ਉਹ ਭਵਿੱਖ ਵਿੱਚ ਕੈਨੇਡਾ ਲਈ ਮਜ਼ਬੂਤ ‘ਵਰਕ-ਫੋਰਸ’ ਬਣ ਸਕਣ। ਜਦੋਂ ਵਿਦਿਆਰਥੀ ਆਪਣੇ ਮਿਸ਼ਨ ਵਿੱਚ ਕਾਮਯਾਬ ਹੁੰਦੇ ਹਨ ਤਾਂ ਸਾਡੀਆਂ ਕਮਿਊਨਿਟੀਆਂ ਅਤੇ ਅਰਥਚਾਰਾ ਮਜ਼ਬੂਤ ਹੁੰਦਾ ਹੈ।”
ਕੈਨੇਡਾ ਸਰਕਾਰ ਆਪਣੇ ਦੇਸ਼-ਵਾਸੀਆਂ ਲਈ ਚੀਜ਼ਾਂ ਦੀਆਂ ਕੀਮਤਾਂ ਘੱਟ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਇਹ ਯਕੀਨੀ ਬਣਾ ਰਹੀ ਕਿ ਹਰੇਕ ਵਰਗ ਅਤੇ ਪਿਛੋਕੜ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉਚੇਰੀ ਪੜ੍ਹਾਈ ਅਤੇ ਸਕਿੱਲ ਪ੍ਰਾਪਤੀ ਲਈ ਯੋਗ ਮੌਕੇ ਮਿਲਣ।

RELATED ARTICLES
POPULAR POSTS