Breaking News
Home / ਕੈਨੇਡਾ / ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਚਿੰਗੂਜ਼ੀ ਪਾਰਕ ਵਿਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਪੁਰਬ ਵਿਲੱਖਣ ਢੰਗ ਨਾਲ ਮਨਾਇਆ

ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਚਿੰਗੂਜ਼ੀ ਪਾਰਕ ਵਿਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਪੁਰਬ ਵਿਲੱਖਣ ਢੰਗ ਨਾਲ ਮਨਾਇਆ

ਧਿਆਨ ਸਿੰਘ ਸੋਹਲ ਨੂੰ 20 ਅਪ੍ਰੈਲ 2020 ਨੂੰ ਹੋਣ ਵਾਲੀ ਬੋਸਟਨ ਮੈਰਾਥਨ ਵਿਚ ਭਾਗ ਲੈਣ ਲਈ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ
ਸੰਜੂ ਗੁਪਤਾ ਨੇ ਪੋਰਟ ਪੈਰੀ 10 ਕਿਲੋਮੀਟਰ ਦੌੜ 1 ਘੰਟਾ 7 ਮਿੰਟ 51 ਸਕਿੰਟ ਵਿਚ ਲਗਾਈ
ਬਰੈਂਪਟਨ/ਡਾ. ਝੰਡ
ਪਿਛਲੇ 5-6 ਸਾਲ ਤੋਂ ਬਰੈਂਪਟਨ ਵਿਚ ਸਰਗ਼ਰਮ ਟੀ.ਪੀ.ਏ.ਆਰ ਕਲੱਬ ਜੋ ਸਰੀਰਕ ਤੇ ਮਾਨਸਿਕ ਤੰਦਰੁਸਤੀ ਕਾਇਮ ਲਈ ਦੌੜਨ ਅਤੇ ਵਾਕ ਕਰਨ ਦਾ ਸਾਥਿਕ ਸੁਨੇਹਾ ਦਿੰਦੀ ਆ ਰਹੀ ਹੈ ਅਤੇ ਇਸ ਦੇ ਮੈਂਬਰ ਵੱਖ-ਵੱਖ ਮੈਰਾਥਨ ਤੇ ਹਾਫ਼-ਮੈਰਾਥਨ ਦੌੜਾਂ ਵਿਚ ਭਾਗ ਲੈਂਦੇ ਰਹੇ ਹਨ, ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਵੱਖਰੀ ਤਰ੍ਹਾਂ ਮਨਾਇਆ।
ਕਲੱਬ ਦੇ 25 ਮੈਂਬਰ ਸਥਾਨਕ ਚਿੰਗੂਜ਼ੀ ਪਾਰਕ ਵਿਚ 17 ਨਵੰਬਰ ਐਤਵਾਰ ਨੂੰ ਸਵੇਰੇ 11.00 ਵਜੇ ਇਕੱਠੇ ਹੋ ਗਏ ਅਤੇ ਪੂਰੀ ਸਰਦੀ ਵਿਚ ਪਾਰਕ ਦੇ ਆਲੇ-ਦੁਆਲੇ ਬਣੇ ਹੋਏ ਵਾਕ-ਵੇਅ ਉੱਪਰ ਉਨ੍ਹਾਂ ਵਿੱਚੋਂ ਕਈਆਂ ਨੇ ਦੌੜ ਲਗਾਈ ਤੇ ਕਈਆਂ ਨੇ ਪੈਦਲ ਵਾੱਕ ਕੀਤੀ। ਲੱਗਭੱਗ 12 ਵਜੇ ਉਨ੍ਹਾਂ ਦੇ ਸਾਥੀ ਆਪਣੇ ਘਰਾਂ ਤੋਂ ਬਣਾ ਕੇ ਲਿਆਂਦੇ ਹੋਏ ਖਾਧ-ਪਦਾਰਥ ਲੈ ਕੇ ਪਹੁੰਚ ਗਏ। ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਉਤਸਵ ਨੂੰ ਯਾਦ ਕਰਦਿਆਂ ਹੋਇਆਂ ਕਲੱਬ ਦੀ ਚੜ੍ਹਦੀ-ਕਲਾ ਲਈ ਅਰਦਾਸ ਬੇਨਤੀ ਕੀਤੀ ਅਤੇ ਘਰਾਂ ਤੋਂ ਲਿਆਂਦਾ ਹੋਇਆ ਭੋਜਨ ਮਿਲ ਕੇ ਛਕਿਆ।
ਇਸ ਸਾਂਝੇ ਲੰਗਰ ਵਿਚ ਸ਼ਾਮਲ ਸਾਗ ਤੇ ਮੱਕੀ ਦੀ ਰੋਟੀ ਦੀ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਰਾਹਨਾ ਕੀਤੀ ਗਈ, ਜਦਕਿ ਇਸ ਵਿਚ ਕਣਕ ਦੇ ਪ੍ਰਸ਼ਾਦੇ, ਖ਼ੀਰ, ਕੜਾਹ, ਦਹੀਂ ਤੇ ਹੋਰ ਸਵਾਦੀ ਖਾਧ-ਪਦਾਰਥ ਵੀ ਸ਼ਾਮਲ ਸਨ। ਮੈਂਬਰਾਂ ਵੱਲੋਂ ਹਰਜੀਤ ਸਿੰਘ, ਰਾਕੇਸ਼ ਸ਼ਰਮਾ, ਗੁਰਮੇਜ ਰਾਏ, ਸੰਜੂ ਗੁਪਤਾ ਤੇ ਹੋਰਨਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਲੰਗਰ ਵਿਚ ਵੱਧ-ਚੜ੍ਹ ਕੇ ਹਿੱਸਾ ਪਾਇਆ।
ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਕਲੱਬ ਦੇ ਸਰਗ਼ਰਮ ਮੈਂਬਰ ਧਿਆਨ ਸਿੰਘ ਸੋਹਲ 20 ਅਪ੍ਰੈਲ 2020 ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਹੋਣ ਵਾਲੀ ਮੈਰਾਥਨ ਦੌੜ ਵਿਚ ਭਾਗ ਲੈਣ ਲਈ ਜਾ ਰਹੇ ਹਨ। ਕਲੱਬ ਦੇ ਕੁਝ ਮੈਂਬਰ ਵੀ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਲਈ ਉਨ੍ਹਾਂ ਦੇ ਨਾਲ ਬੋਸਟਨ ਜਾ ਰਹੇ ਹਨ। ਉਪਰੋਕਤ ਸੰਖੇਪ ਸਮਾਗ਼ਮ ਵਿਚ ਮੈਂਬਰਾਂ ਵੱਲੋਂ ਧਿਆਨ ਸਿੰਘ ਸੋਹਲ ਨੂੰ ਇਸ ਵਿਸ਼ਵ-ਪੱਧਰੀ ਮਿਆਰੀ ਮੈਰਾਥਨ ਵਿਚ ਹਿੱਸਾ ਲੈਣ ਲਈ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ। ਏਸੇ ਤਰ੍ਹਾਂ ਕਲੱਬ ਦੇ ਇਕ ਹੋਰ ਮੈਂਬਰ ਸੰਜੂ ਗੁਪਤਾ ਜਿਸ ਨੇ ਉਸ ਦਿਨ ਉੱਤਰ ਵਾਲੇ ਪਾਸੇ ਪੋਰਟ ਪੈਰੀ ਵਿਚ ਹੋਈ 10 ਕਿਲੋਮੀਟਰ ਫ਼ਾਲ ਰੱਨ ਵਿਚ ਸਫ਼ਲਤਾ-ਪੂਰਵਕ ਭਾਗ ਲਿਆ, ਨੂੰ ਵੀ ਸ਼ੁਭ-ਕਾਮਨਾਵਾਂ ਦਿੱਤੀਆਂ ਗਈਆਂ। ਸੰਜੂ ਗੁਪਤਾ ਦੀ ਉਸ ਦਿਨ ਇਸ ਸਾਲ ਦੀ ਇਹ 50ਵੀਂ ਦੌੜ ਸੀ ਜੋ ਉਸ ਨੇ 1 ਘੰਟਾ 7 ਮਿੰਟ ਤੇ 51 ਸਕਿੰਟ ਵਿਚ ਸਫ਼ਲਤਾ-ਪੂਰਵਕ ਪੂਰੀ ਕੀਤੀ। ਸੰਜੂ ਗੁਪਤਾ ਅਨੁਸਾਰ ਉਸ ਦਾ ਟੀਚਾ ਇਸ ਸਾਲ ਵਿਚ 55 ਦੌੜਾਂ ਵਿਚ ਭਾਗ ਲੈਣ ਦਾ ਹੈ। ਸਰਦੀਆਂ ਦੇ ਬਰਫ਼ੀਲੇ ਦਿਨਾਂ ਵਿਚ ਇਨ੍ਹਾਂ ਦੌੜਾਂ ਵਿਚ ਹਿੱਸਾ ਲੈਣਾ ਡਾਹਢੇ ਜ਼ੋਖ਼ਮ ਭਰਿਆ ਹੈ ਪਰ ਸੰਜੂ ਇਹ ਜ਼ੋਖ਼ਮ ਉਠਾਉਣ ਲਈ ਪੂਰੀ ਤਰ੍ਹਾਂ ਦ੍ਰਿੜ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …