ਬਰੈਂਪਟਨ : ਭਗਤ ਨਾਮਦੇਵ ਆਰਗੇਨਾਈਜੇਸ਼ਨ ਵਲੋਂ ਕਮਿਊਨਿਟੀ ਨੂੰ ਅਵੇਅਰ ਕਰਨ ਲਈ ਕੁਈਨ ਅਤੇ ਮੈਕਲਾਗਨ ਦੇ ਇੰਟਰਸੈਕਸ਼ਨ ਤੇ ਫਲਾਵਰ ਸਿਟੀ ਸੀਨੀਅਰ ਰੀਕਰੀਏਸ਼ਨ ਸੈਂਟਰ ਬਰੈਂਪਟਨ ਵਿੱਖੇ 30 ਜੁਲਾਈ ਦਿਨ ਐਤਵਾਰ ਸ਼ਾਮ 5:30 ਤੋਂ 7:30 ਵਜੇ ਤੱਕ ਇੱਕ ਵਿਸ਼ੇਸ਼ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਦੇ ਭਾਈ ਗੁਲਜ਼ਾਰ ਸਿੰਘ ਮੁੱਖ ਬੁਲਾਰੇ ਸਨ। ਉਹਨਾਂ ਦੇ ਲੈਕਚਰ ਦਾ ਵਿਸ਼ਾ ਮਨੁੱਖੀ ਮਨ ਅੰਦਰ ਪੈਦਾ ਹੋਣ ਵਾਲਾ ‘ਗੁੱਸਾ’ ਸੀ। ਉਹਨਾਂ ਆਪਣੀ ਗੱਲਬਾਤ ਬਾਬਾ ਫਰੀਦ ਦੇ ਸ਼ਲੋਕ, ‘ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਇ। ਦੇਹਿ ਰੋਗ ਨਾ ਲਗਹਿ ਪੱਲੇ ਸਭ ਕਿਛ ਪਾਇ’ ਨਾਲ ਸ਼ੁਰੂ ਕਰਦਿਆਂ ਕਿਹਾ ਕਿ ਮਨੁੱਖ ਨੂੰ ਜਿੱਥੋਂ ਤੱਕ ਹੋ ਸਕੇ ਗੁੱਸਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਗੁੱਸਾ ਕਰਨ ਵਾਲਾ ਆਪਣੇ ਆਪ ਨੂੰ ਹੀ ਤੰਗ ਕਰਦਾ ਹੈ। ਕਿਸੇ ਗੱਲ ਲਈ ਮਨ ਵਿੱਚ ਪੈਦਾ ਹੋਣ ਵਾਲੇ ਕਲੇਸ਼ ਨਾਲ ਗੁੱਸਾ ਉਪਜਦਾ ਹੈ ਅਤੇ ਮਨੁੱਖ ਆਪਣੀ ਸਰੀਰਕ ਭਾਸ਼ਾ ਨਾਲ ਉਸ ਗੁੱਸੇ ਨੂੰ ਪਰਗਟ ਕਰਦਾ ਹੈ। ਇਸਦਾ ਮਤਲਬ ਹੈ ਕਿ ਮਨ ਵਿੱਚ ਪੈਦਾ ਹੋਇਆ ਗੁੱਸਾ ਸਾਡੇ ਸਰੀਰ ਤੇ ਅਸਰ ਕਰਦਾ ਹੈ। ਮਨ ਤਾਂ ਥੋੜ੍ਹੀ ਦੇਰ ਬਾਅਦ ਕਿਸੇ ਹੋਰ ਪਾਸੇ ਲੱਗ ਜਾਂਦਾ ਹੈ ਪਰ ਸਰੀਰ ਤੇ ਉਸ ਗੁੱਸੇ ਦਾ ਹੋਇਆ ਅਸਰ ਸਰੀਰਕ ਰੋਗਾਂ ਦਾ ਕਾਰਣ ਬਣਦਾ ਹੈ। ਉਹਨਾਂ ਅਲਸਰ ਰੋਗ ਦੀ ਉਦਾਹਰਣ ਦੇ ਕੇ ਦੱਸਿਆ ਕਿ ਅਲਸਰ ਪੈਦਾ ਹੋਣ ਦੇ ਸਰੀਰਕ ਕਾਰਣ ਘੱਟ ਤੇ ਮਾਨਸਿਕ ਕਾਰਣ ਵੱਧ ਹਨ। ਆਪਣੀ ਗੱਲਬਾਤ ਨੂੰ ਅੱਗੇ ਤੋਰਦਿਆਂ ਉਹਨਾਂ ਕਿਹਾ ਕਿ ਗੁੱਸਾ, ਲਾਲਚ ਅਤੇ ਮੋਹ ਵਿੱਚ ਫਸ ਕੇ ਮਨੁੱਖ ਆਪਣਾ ਸਭ ਕੁੱਝ ਬਰਬਾਦ ਕਰ ਬੈਠਦਾ ਹੈ। ਪਰਿਵਾਰ ਦੇ ਕੰਮਾ ਵਿੱਚ ਦਖਲ ਦੇਣ ਦੀ ਹਰ ਮੈਂਬਰ ਦੀ ਆਪਣੀ ਆਪਣੀ ਸੀਮਾ ਹੁੰਦੀ ਹੈ। ਜੋ ਆਦਮੀ ਇਸ ਸੀਮਾ ਨੂੰ ਜਾਣ ਲੈਂਦਾ ਹੈ ਉਸ ਵਿੱਚ ਗੁੱਸਾ, ਲੋਭ ਅਤੇ ਮੋਹ ਦੀ ਸੀਮਾ ਆਪਣੇ ਆਪ ਬਣ ਜਾਂਦੀ ਹੈ ਅਤੇ ਮਨੁੱਖ ਦੀ ਜਿੰਦਗੀ ਸੁਖਾਵੀਂ ਰਹਿੰਦੀ ਹੈ। ਅਜਿਹੇ ਸੈਮੀਨਾਰ ਉਪਰੋਕਤ ਥਾਂ ਤੇ ਹੀ ਹਰ ਮਹੀਨੇ ਦੇ ਅਖੀਰਲੇ ਐਤਵਾਰ 5:30 ਤੋਂ 7:30 ਤੱਕ ਹੋਇਆ ਕਰਨਗੇ। ਹੋਰ ਵਧੇਰੇ ਜਾਣਕਾਰੀ ਲਈ ਨਵਦੀਪ ਟਿਵਾਨਾ 416-823-9472, ਭੁਪਿੰਦਰ ਸਿੰਘ ਰਤਨ 647-704-1455 ਜਾਂ ਅਮਰੀਤ ਜੱਸਲ 647-273-8900 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …