16.5 C
Toronto
Sunday, June 7, 2026
spot_img
Homeਕੈਨੇਡਾਸੰਸਦ ਮੈਂਬਰ ਸੋਨੀਆ ਸਿੱਧੂ ਦੀ ਬਰੈਂਪਟਨ ਸਾਊਥ ਰਾਈਡਿੰਗ ਵਿੱਚ ਵੱਡੇ ਕਮਿਊਨਿਟੀ ਸੈਂਟਰ...

ਸੰਸਦ ਮੈਂਬਰ ਸੋਨੀਆ ਸਿੱਧੂ ਦੀ ਬਰੈਂਪਟਨ ਸਾਊਥ ਰਾਈਡਿੰਗ ਵਿੱਚ ਵੱਡੇ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਐਲਾਨ ਕਰਨ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਰੈਂਪਟਨ ਪਹੁੰਚੇ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿੱਚ ਵਸਦੇ ਪਰਿਵਾਰਾਂ ਲਈ ਇਹ ਇੱਕ ਮਹੱਤਵਪੂਰਨ ਮੀਲ ਪੱਥਰ ਸੀ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਫੈਡਰਲ ਸਰਕਾਰ ਦੇ ‘ਬਿਲਡ ਕਮਿਊਨਿਟੀਜ਼ ਸਟਰਾਂਗ ਫੰਡ’ ਅਧੀਨ ਸਭ ਤੋਂ ਪਹਿਲੇ ਪ੍ਰਾਜੈਕਟ ਬਰੈਂਪਟਨ ਸਾਊਥ ਵਿਖੇ ਸਥਿਤ ‘ਐਮਬਲਟਨ ਕਮਿਊਨਿਟੀ ਸੈਂਟਰ ਐਂਡ ਪਾਰਕ’ – ਦਾ ਸਰਕਾਰੀ ਤੌਰ ‘ਤੇ ਐਲਾਨ ਕਰਨ ਲਈ ਬੀਤੇ ਦਿਨੀਂ ਇੱਥੇ ਪਹੁੰਚੇ। ਇਸ ਮੌਕੇ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ, ਬਰੈਂਪਟਨ ਦੇ ਮੇਅਰ ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ। ਐਲਾਨ ਦੇ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਸਦ ਮੈਂਬਰ ਸੋਨੀਆ ਸਿੱਧੂ ਅਤੇ ਬਰੈਂਪਟਨ ਦੇ ਮੇਅਰ ਨੂੰ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ।
64 ਮਿਲੀਅਨ ਡਾਲਰ ਦੇ ਇਸ ਫ਼ੈੱਡਰਲ ਪ੍ਰਾਜੈੱਕਟ ਵਿੱਚ 1,75,000 ਵਰਗ ਫੁੱਟ ਕੰਪਲੈੱਕਸ ਵਿੱਚ ਇੱਕ ਬਹੁ-ਮੁਖੀ ਕਮਿਊਨਿਟੀ ਸੈਂਟਰ ਦੀ ਉਸਾਰੀ ਕੀਤੀ ਜਾਏਗੀ ਜਿਸ ਨਾਲ ਬਰੈਂਪਟਨ ਸਾਊਥ ਅਤੇ ਬਰੈਂਪਟਨ ਸਾਊਥ-ਵੈੱਸਟ ਵਾਸੀਆਂ ਨੂੰ ਇੱਥੇ ਉਪਲੱਭਧ ਸੇਵਾਵਾਂ ਦਾ ਵਿਸ਼ੇਸ਼ ਲਾਭ ਪਹੁੰਚੇਗਾ। ਇਸ ਵੱਡੇ ਪ੍ਰਾਜੈੱਕਟ ਦੇ ਮੁਕੰਮਲ ਹੋਣ ‘ਤੇ ਇਸ ਵਿੱਚ ਸਵਿਮਿੰਗ ਪੂਲ, ਜਿਮਨੇਜ਼ੀਅਮ, ਫਿੱਟਨੈੱਸ ਸੈਂਟਰ, ਬੱਚਿਆਂ ਦੇ ਖੇਡਣ ਲਈ ਸ਼ਾਨਦਾਰ ਸਥਾਨ ਅਤੇ ਕਮਿਊਨਿਟੀ-ਸਮੂਹਾਂ ਦੇ ਇਕੱਠੇ ਮਿਲ ਬੈਠਣ, ਮਨ-ਪ੍ਰਚਾਵੇ ਅਤੇ ਸਿਹਤ ਸੰਭਾਲ ਲਈ ਵਧੀਆ ਸਹੂਲਤਾਂ ਉਪਲੱਭਧ ਹੋਣਗੀਆਂ।
ਇਸਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਪਰਿਵਾਰਾਂ ਦੇ ਇਕੱਠੇ ਮਿਲ ਬੈਠਣ, ਨਵਾਂ ਸਿੱਖਣ ਅਤੇ ਅੱਗੇ ਵਧਣ ਵਾਲੀਆਂ ਦੀਆਂ ਥਾਵਾਂ ਉੱਪਰ ਪੂੰਜੀ ਨਿਵੇਸ਼ ਕਰਨਾ ਸਾਡੀ ਸਮੁੱਚੀ ਕੈਨੇਡੀਅਨ ਕਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਬਰੈਂਪਟਨ ਸਾਊਥ ਵਿਚਲਾ ਇਹ ‘ਐਂਬਲੇਟਨ ਕਮਿਊਨਿਟੀ ਸੈਂਟਰ ਐਂਡ ਪਾਰਕ’ ਪ੍ਰਾਜੈੱਕਟ ਇਸ ਦਿਸ਼ਾ ਵਿੱਚ ਸਰਕਾਰ ਵੱਲੋਂ ਲਿਆ ਗਿਆ ਅਗਲਾ ਵਿਸ਼ੇਸ਼ ਕਦਮ ਹੈ ਜੋ ਪਰਿਵਾਰਾਂ, ਸੀਨੀਅਰਾਂ ਅਤੇ ਅਗਲੀ ਪੀੜ੍ਹੀ ਦੇ ਨੌਜਵਾਨਾਂ ਨੂੰ ਅਜੋਕੀਆਂ ਸਹੂਲਤਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲਾ ਮੁੱਖ-ਕੇਂਦਰ ਹੋਵੇਗਾ।”
ਜ਼ਿਕਰਯੋਗ ਹੈ ਕਿ ਇਹ ‘ਐਂਬਲੇਟਨ ਕਮਿਊਨਿਟੀ ਸੈਂਟਰ ਐਂਡ ਪਾਰਕ’ ਫ਼ੈੱਡਰਲ ਸਰਕਾਰ ਦੇ ‘ਬਿਲਡ ਕਮਿਊਟੀਜ਼ ਸਟਰੌਂਗ ਫ਼ੰਡ’ ਅਧੀਨ ਸ਼ੁਰੂ ਹੋਣ ਵਾਲੇ 13 ਪ੍ਰਜੈੱਕਟਾਂ ਵਿੱਚੋਂ ਆਰੰਭ ਹੋਣ ਵਾਲਾ ਪਹਿਲਾ ਪ੍ਰਾਜੈੱਕਟ ਹੈ। ਇਸ ਦਾ ਉਦੇਸ਼ ਫ਼ੈੱਡਰਲ ਸਰਕਾਰ ਵੱਲੋਂ ਸਥਾਨਕ ਇਨਫ਼ਰਾਸਟਰੱਕਚਰ ਨੂੰ ਮਜ਼ਬੂਤ ਕਰਨਾ, ਤੇਜ਼ੀ ਨਾਲ ਵਿਕਸਤ ਹੋ ਰਹੀਆਂ ਕਮਿਊਨਿਟੀਆਂ ਦੀ ਮਦਦ ਕਰਨ ਅਤੇ ਨਵੀਆਂ ਨੌਕਰੀਆਂ ਪੈਦਾ ਕਰਨਾ ਹੈ।
ਇਸ ਵੱਡੇ ਪ੍ਰਾਜੈੱਕਟ ਲਈ ਫ਼ੈੱਡਰਲ ਸਰਕਾਰ ਅਤੇ ਭਾਈਵਾਲ ਮਿਊਂਸਪੈਲਟੀਆਂ ਵੱਲੋਂ ਮਿਲ ਕੇ ਕੀਤਾ ਜਾ ਰਿਹਾ ਪੂੰਜੀ-ਨਿਵੇਸ਼ ਕੈਨੇਡਾ ਦੀਆਂ ਤੇਜ਼ੀ ਨਾਲ ਵਿਕਾਸਸ਼ੀਲ ਕਮਿਊਨਿਟੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਸਦੇ ਲਈ ਉਸਾਰੀ-ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜਿਸ ਨਾਲ ਇਹ ਪ੍ਰਾਜੈੱਕਟ ਆਉਂਦੇ ਕਈ ਦਹਾਕਿਆਂ ਤੱਕ ਕਮਿਊਨਿਟੀ ਦੇ ਲਈ ਲਾਹੇਵੰਦ ਸਾਬਤ ਹੋਵੇਗਾ।
ਪ੍ਰਧਾਨ ਮੰਤਰੀ ਕਾਰਨੀ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ, ”ਕੈਨੇਡਾ ਦੀ ਨਵੀਂ ਸਰਕਾਰ ਦਾ ਮਿਸ਼ਨ ਕੈਨੇਡਾ-ਵਾਸੀਆਂ ਦੀ ਭਲਾਈ ਲਈ ਵੱਡੇ ਪ੍ਰਾਜੈੱਕਟ ਲਿਆਉਣਾ ਹੈ। ਇਸ ਵਿੱਚ ਸਥਾਨਕ ਇਨਫ਼ਰਾਸਟਰੱਕਚਰ ਸ਼ਾਮਲ ਹੈ ਜੋ ਲੋਕਾਂ ਨੂੰ ਜੋੜਦਾ ਹੈ। ‘ਬਿਲਡ ਕਮਿਊਟੀਜ਼ ਸਟਰੌਂਗ ਫ਼ੰਡ’ ਨਾਲ ਅਸੀਂ ਪ੍ਰੋਵਿੰਸਾਂ, ਟੈਰੀਟਰੀਆਂ ਅਤੇ ਮਿਊਂਸਪੈਲਟੀਆਂ ਦੇ ਨਾਲ ਨਵੇਂ ਪ੍ਰਾਜੈੱਕਟਾਂ ਨੂੰ ਅੱਗੇ ਵਧਾਉਣ, ਉਸਾਰੀ ਦੀਆਂ ਰੁਕਾਵਟਾਂ ਨੂੰ ਘਟਾਉਣ ਅਤੇ ਕੈਨੇਡਾ-ਵਾਸੀਆਂ ਨੂੰ ਲੋੜੀਂਦਾ ਹਾਊਸਿੰਗ ਇਨਫ਼ਰਾਸਟਰੱਕਚਰ ਦੇਣ ਲਈ ਭਾਈਵਾਲੀ ਕਰ ਰਹੇ ਹਾਂ। ਇਸ ਵਿੱਚ ਹਸਪਤਾਲ, ਟਰਾਂਜ਼ਿਟ ਲਾਈਨਾਂ, ਪੁਲ਼ ਅਤੇ ਕਮਿਊਨਿਟੀ ਸੈਂਟਰ ਸ਼ਾਮਲ ਹਨ। ਅਸੀਂ ਕੈਨੇਡਾ ਨੂੰ ਮਜ਼ਬੂਤ ਕਰਨ ਅਤੇ ਕਮਿਊਨਿਟੀਆਂ ਦੀ ਬਿਹਤਰੀ ਲਈ ਭਵਿੱਖ ਦੀ ਉਸਾਰੀ ਕਰ ਰਹੇ ਹਾਂ।”

RELATED ARTICLES
POPULAR POSTS