Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਹੀਨਾਵਾਰ ਸਮਾਗਮ ਵਿਚ ਕੈਨੇਡਾ ‘ਚ ਲਿਖੀ ਜਾ ਰਹੀ ਕਹਾਣੀ ਬਾਰੇ ਹੋਈ ਚਰਚਾ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਹੀਨਾਵਾਰ ਸਮਾਗਮ ਵਿਚ ਕੈਨੇਡਾ ‘ਚ ਲਿਖੀ ਜਾ ਰਹੀ ਕਹਾਣੀ ਬਾਰੇ ਹੋਈ ਚਰਚਾ

ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 21 ਅਕਤੂਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਐੱਫ਼.ਬੀ.ਆਈ. ਸਕੂਲ ਵਿਖੇ ਹੋਏ ਮਾਸਿਕ ਸਮਾਗ਼ਮ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਪ੍ਰੋ. ਬਲਦੇਵ ਸਿੰਘ ਧਾਲੀਵਾਲ ਵੱਲੋਂ ਕੈਨੇਡਾ ਵਿਚ ਲਿਖੀ ਜਾ ਰਹੀ ਕਹਾਣੀ ਬਾਰੇ ਵੱਡਮੁੱਲੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਉਨ੍ਹਾਂ ਨਾਲ ਪ੍ਰਸਿੱਧ ਕਹਾਣੀਕਾਰ ਕੁਲਜੀਤ ਮਾਨ ਅਤੇ ਮਿੰਨੀ ਗਰੇਵਾਲ ਸ਼ਾਮਲ ਸਨ। ਸਮਾਗ਼ਮ ਦੇ ਆਰੰਭ ਵਿਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਕੈਨੇਡਾ ਦੇ ਉੱਘੇ ਕਵੀ ਗੁਰਚਰਨ ਰਾਮਪੁਰੀ ਦੇ ਅਕਾਲ-ਚਲਾਣੇ ‘ਤੇ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਪ੍ਰੋ. ਬਲਦੇਵ ਸਿੰਘ ਧਾਲੀਵਾਲ ਅਤੇ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਉਪਰੰਤ, ਕੁਲਜੀਤ ਮਾਨ ਨੇ ਪ੍ਰੋ. ਧਾਲੀਵਾਲ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਪੰਜਾਬੀ ਕਹਾਣੀ ਨਾਲ ਡੂੰਘੀ ਨੇੜਤਾ ਹੈ। ਉਹ ਇਕ ਵਧੀਆ ਕਹਾਣੀਕਾਰ ਹੋਣ ਦੇ ਨਾਲ ਨਾਲ ਸੰਜੀਦਾ ਕਹਾਣੀ ਆਲੋਚਕ ਹਨ ਅਤੇ ਪੁਸਤਕਾਂ ਅਤੇ ਮਿਆਰੀ ਰਸਾਲਿਆਂ ਵਿਚ ਹਰ ਸਾਲ ਛਪੀਆਂ ਕਹਾਣੀਆਂ ਦਾ ਖ਼ੂਬਸੂਰਤ ਲੇਖਾ-ਜੋਖਾ ਕਰਦੇ ਹਨ।
ਬਲਦੇਵ ਸਿੰਘ ਧਾਲੀਵਾਲ ਨੇ ਆਪਣੀ ਗੱਲ ਆਰੰਭ ਕਰਦਿਆਂ ਦੱਸਿਆ ਕਿ ਸ਼ਬਦ ‘ਪਰਵਾਸੀ’ ਦੀ ਵਰਤੋਂ ਵਿਦੇਸ਼ਾਂ ਵਿਚ ਰਹਿ ਰਹੇ ਸਾਹਿਤਕਾਰਾਂ ਦਾ ਹੋਰ ਸਾਹਿਤਕਾਰਾਂ ਨਾਲੋਂ ਵੱਖਰੇਵਾਂ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਛੁਟਿਆਉਣ ਲਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ੁਰੂ-ਸ਼ੁਰੂ ਵਿਚ ਵਿਦੇਸ਼ਾਂ ਵਿਚ ਬਹੁਤੀ ਕਹਾਣੀ ਹੇਰਵੇ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਲਿਖੀ ਜਾਂਦੀ ਸੀ ਪਰ ਹੁਣ ਇਹ ਇੱਥੇ ਸੱਭਿਆਚਾਰਕ ਸੁਮੇਲ ਅਤੇ ਇਸ ਦੇ ਬਾਰੇ ਸੰਵਾਦ ਰਚਾਉਣ ਲਈ ਲਿਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅਮਰੀਕਾ ਵਿਚ ਕਹਾਣੀਕਾਰਾਂ ਵੱਲੋਂ 9/11 ਘਟਨਾ ਬਾਰੇ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਗਈਆਂ ਅਤੇ ਇਹ ਪਹਿਲਾਂ ‘ਮੈੱਲਟਿੰਗ-ਪੌਡ’ ਅਤੇ ਫਿਰ ‘ਸਲਾਦ ਦੀ ਪਲੇਟ’ ਬਣ ਗਈ, ਉੱਥੇ ਕੈਨੇਡਾ ਵਿਚ ਇੱਥੋਂ ਦੇ ਬਹੁ-ਸੱਭਿਆਚਾਰਾਂ ਦੇ ਸੁਮੇਲ ਬਾਰੇ ਗਿਣਾਤਮਿਕ ਅਤੇ ਗੁਣਾਤਮਿਕ ਪੱਖੋਂ ਬਹੁਤ ਸਾਰੀਆਂ ਖੁਬਸੂਰਤ ਕਹਾਣੀਆਂ ਪੜ੍ਹਨ ਨੂੰ ਮਿਲੀਆਂ ਹਨ। ਇੱਥੋਂ ਦੇ ਪੰਜਾਬੀ ਲੇਖਕਾਂ ਕੋਲ ਦੋਹਰਾ-ਤੀਹਰਾ ਅਨੁਭਵ ਹੈ ਜਿਸ ਦਾ ਉਹ ਬਹੁਤ ਵਧੀਆ ਪ੍ਰਯੋਗ ਕਰ ਰਹੇ ਹਨ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕੈਨੇਡਾ ਦੇ ਕਹਾਣੀਕਾਰਾਂ ਜਰਨੈਲ ਸਿੰਘ, ਕੁਲਜੀਤ ਮਾਨ, ਮਾਂਗਟ, ਗੁਰਮੀਤ ਪਨਾਗ, ਜਰਨੈਲ ਸੇਖਾ ਆਦਿ ਦੇ ਕਈ ਹਵਾਲੇ ਦਿੱਤੇ।
ਲਹਿੰਦੇ ਪੰਜਾਬ (ਪਾਕਿਸਤਾਨ) ਦੀ ਪੰਜਾਬੀ ਕਹਾਣੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਉੱਥੇ 8-9 ਕਰੋੜ ਪੰਜਾਬੀ ਵੱਸਦੇ ਹਨ ਪਰ ਬੜੀ ਮੁਸ਼ਕਲ ਨਾਲ ਸਾਲ ਵਿਚ ਦੋ-ਚਾਰ ਪੁਸਤਕਾਂ ਹੀ ਕਹਾਣੀਆਂ ਦੀਆਂ ਛਪਦੀਆਂ ਹਨ। ਉਨ੍ਹਾਂ ਵਿਚ ਵੀ ਰੋਮਾਂਟਿਕ-ਪੱਖ ਭਾਰੂ ਹੁੰਦਾ ਹੈ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ। ਬਹੁਤ ਸਾਰੇ ਪੰਜਾਬੀ ਲੇਖਕ ਹੁਣ ਉਰਦੂ ਵਿਚ ਲਿਖਣ ਨੂੰ ਤਰਜੀਹ ਦੇ ਰਹੇ ਹਨ ਅਤੇ ਇਸ ਤਰ੍ਹਾਂ ਉੱਥੇ ਪੰਜਾਬੀ ਬੋਲ-ਚਾਲ ਦੀ ਭਾਸ਼ਾ ਤਾਂ ਜ਼ਰੂਰ ਹੈ ਪਰ ਇਹ ਅਕਾਦਮਿਕ ਪੱਧਰ ‘ਤੇ ਜਾਂ ਲਿਖਣ ਦੀ ਭਾਸ਼ਾ ਵਜੋਂ ਚੜ੍ਹਦੇ ਪੰਜਾਬ ਦੇ ਮੁਕਾਬਲੇ ਬਹੁਤ ਹੀ ਘੱਟ ਹੈ। ਕੈਨੇਡੀਅਨ ਪੰਜਾਬੀ ਕਹਾਣੀ ਵਿਚ ਵਰਤੇ ਜਾ ਰਹੇ ਪ੍ਰਤੀਕਾਂ ਅਤੇ ਬਿੰਬਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇੱਥੋਂ ਦੀ ਸਰ-ਜ਼ਮੀਨ ਨਾਲ ਹੀ ਜੁੜੇ ਹੋਣੇ ਚਾਹੀਦੇ ਹਨ ਅਤੇ ਕੈਨੇਡਾ ਦੇ ਬਹੁਤ ਸਾਰੇ ਕਹਾਣੀਕਾਰ ਇਨ੍ਹਾਂ ਦੀ ਸੁਚੱਜੀ ਵਰਤੋਂ ਕਰ ਰਹੇ ਹਨ। ਆਪਣੀ ਗੱਲ ਨੂੰ ਸਪੱਸ਼ਟ ਕਰਨ ਲਈ ਉਨ੍ਹਾਂ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦੇ ਕਈ ਬਿੰਬਾਂ ਦੀਆਂ ਉਦਾਰਹਣਾਂ ਵੀ ਦਿੱਤੀਆਂ। ਉਨ੍ਹਾਂ ਇੱਥੋਂ ਦੀ ਕਹਾਣੀ ਵਿਚ ‘ਗਰੇਅ-ਏਰੀਏ’ ਅਤੇ ‘ਪ੍ਰਾਪਰਟੀ’, ‘ਸਹਿਹੋਂਦ’ (ਕੋ-ਅਗਜ਼ਿਜ਼ਟੈਂਸ) ਅਤੇ ਆਪਸੀ ਬਰਾਬਰੀ ਲਈ ‘ਨੈਗੋਸੀਏਸ਼ਨ’ ਦੀ ਵੀ ਗੱਲ ਕੀਤੀ ਅਤੇ ਕਿਹਾ ਕਿ ਕੈਨੇਡਾ ਦੀ ਪੰਜਾਬੀ ਕਹਾਣੀ ਹੁਣ ਮੁੱਖ-ਧਾਰਾ ਕਹਾਣੀ ਬਣ ਗਈ ਹੈ। ਉਪਰੰਤ, ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਉੱਘੇ-ਚਿੰਤਕ ਪ੍ਰੋ. ਰਾਮ ਸਿੰਘ ਨੇ ਕਿਹਾ ਕਿ ਕੈਨੇਡਾ ਦੀ ਕਹਾਣੀ ਵਿਚ ਪਾਰ-ਰਾਸ਼ਟਰੀਵਾਦ, ਗਰੇਅ-ਏਰੀਆ, ਸੱਭਿਆਚਾਰਕ ਸੁਮੇਲ, ਸਹਿਹੋਂਦ, ਨੈਗੋਸੀਏਸ਼ਨ ਆਦਿ ਸੱਭ ਕੁਝ ਸ਼ਾਮਲ ਹੈ ਪਰ ਇਸ ਕਹਾਣੀ-ਰਚਨਾ ਵਿਚ ਜਾਨ ਦੀ ਘਾਟ ਰੜਕਦੀ ਹੈ। ਸਮਾਗ਼ਮ ਦੇ ਇਸ ਭਾਗ ਦਾ ਸੰਚਾਲਨ ਤਲਵਿੰਦਰ ਮੰਡ ਨੇ ਕੀਤਾ। ਦੂਸਰੇ ਸੈਸ਼ਨ ਵਿਚ ਕਵੀ-ਦਰਬਾਰ ਹੋਇਆ ਜਿਸ ਵਿਚ ਜਿੱਥੇ ਮਲਵਿੰਦਰ ਸ਼ਾਇਰ, ਅਵਤਾਰ ਸਿੰਘ ਅਰਸ਼ੀ, ਮਕਸੂਦ ਚੌਧਰੀ, ਸੁਖਦੇਵ ਸਿੰਘ ਝੰਡ, ਤਲਵਿੰਦਰ ਸਿੰਘ ਮੰਡ, ਮਲੂਕ ਸਿੰਘ ਕਾਹਲੋਂ, ਗਿਆਨ ਸਿੰਘ ਦਰਦੀ, ਗੁਰਾਂਜਲ ਕੌਰ, ਅਨੂਪ ਕੌਰ, ਆਸ਼ਿਕ ਰਹੀਲ, ਅਮਰਜੀਤ ਸਿੰਘ ਪੰਛੀ, ਜਗੀਰ ਸਿੰਘ ਕਾਹਲੋਂ, ਹਰਭਜਨ ਕੌਰ ਗਿੱਲ, ਹਰਜਸਪ੍ਰੀਤ ਗਿੱਲ, ਕਮਲਜੀਤ ਨੱਤ, ਸੁਰਜੀਤ ਕੌਰ, ਭੁਪਿੰਦਰ ਦੁਲੇ, ਕਰਨ ਅਜਾਇਬ ਸਿੰਘ ਸੰਘਾ ਅਤੇ ਹਰਦਿਆਲ ਸਿੰਘ ਝੀਤਾ ਨੇ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਪੇਸ਼ ਕੀਤੀਆਂ, ਉੱਥੇ ਇਕਬਾਲ ਬਰਾੜ ਤੇ ਸੰਨੀ ਸ਼ਿਵਰਾਜ ਨੇ ਆਪਣੀਆਂ ਖ਼ੂਬਸੂਰਤ ਆਵਾਜ਼ਾਂ ਵਿਚ ਗੀਤ ਅਤੇ ਗ਼ਜਲ਼ ਗਾ ਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਪ੍ਰਧਾਨਗੀ-ਮੰਡਲ ਵਿੱਚੋਂ ਮਿੰਨੀ ਗਰੇਵਾਲ ਨੇ ਬਲਦੇਵ ਸਿੰਘ ਧਾਲੀਵਾਲ ਅਤੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਸਮੂਹ ਹਾਜ਼ਰੀਨ ਅਤੇ ਪ੍ਰੋ. ਬਲਦੇਵ ਸਿੰਘ ਧਾਲੀਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੇ ਇਸ ਭਾਗ ਦਾ ਸੰਚਾਲਨ ਪਰਮਜੀਤ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਵਿਚ ਕ੍ਰਿਪਾਲ ਸਿੰਘ ਪੰਨੂੰ, ਪ੍ਰਿੰ. ਸੰਜੀਵ ਧਵਨ, ਪਿਆਰਾ ਸਿੰਘ ਤੂਰ, ਦਰਸ਼ਨ ਸਿੰਘ ਦਰਸ਼ਨ, ਜਸਵਿੰਦਰ ਸਿੰਘ, ਸਰਬਜੀਤ ਕਾਹਲੋਂ, ਸੁੰਦਰਪਾਲ ਰਾਜਾਸਾਂਸੀ, ਰਮਿੰਦਰ ਵਾਲੀਆ ਅਤੇ ਕਈ ਹੋਰ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …