ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਪਿਛਲੇ 15 ਸਾਲਾਂ ਵਿੱਚ ਪਹਿਲੀ ਵਾਰ ਅਮਰੀਕਾ ‘ਚ ਸਭ ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀ ਭੇਜਣ ਵਾਲਾ ਦੇਸ਼ ਬਣ ਕੇ ਉੱਭਰਿਆ ਹੈ।
ਜਾਰੀ ‘ਓਪਨ ਡੋਰਜ਼ ਰਿਪੋਰਟ-2024’ ਮੁਤਾਬਕ ਅਮਰੀਕਾ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਫਿਲਹਾਲ 3.3 ਲੱਖ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।
ਵਿਦਿਅਕ ਵਰ੍ਹੇ 2022-23 ਵਿੱਚ ਅਮਰੀਕਾ ‘ਚ ਕੌਮਾਂਤਰੀ ਵਿਦਿਆਰਥੀ ਭੇਜਣ ਦੇ ਮਾਮਲੇ ਵਿੱਚ ਚੀਨ ਪਹਿਲੇ, ਜਦਕਿ ਭਾਰਤ ਦੂਜੇ ਸਥਾਨ ‘ਤੇ ਸੀ। ‘ਓਪਨ ਡੋਰਜ਼ ਰਿਪੋਰਟ’ ਮੁਤਾਬਕ, ਵਿਦਿਅਕ ਵਰ੍ਹੇ 2023-24 ਵਿੱਚ ਅਮਰੀਕਾ ‘ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਰਿਕਾਰਡ 3,31,602 ‘ਤੇ ਪਹੁੰਚ ਗਈ। ਇਹ ਗਿਣਤੀ ਵਿਦਿਅਕ ਵਰ੍ਹੇ 2022-23 ਤੋਂ 23 ਫੀਸਦ ਜ਼ਿਆਦਾ ਹੈ ਜਦੋਂ 2,68,923 ਭਾਰਤੀ ਵਿਦਿਆਰਥੀ ਅਮਰੀਕਾ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਾਈ ਕਰ ਰਹੇ ਸਨ। ‘ਓਪਨ ਡੋਰਜ਼ ਰਿਪੋਰਟ’ ਉੱਤੇ ਅਮਰੀਕੀ ਦੂਤਾਵਾਸ ਵੱਲੋਂ ਸਾਂਝੇ ਕੀਤੇ ਗਏ ਇਕ ਨੋਟ ਮੁਤਾਬਕ, ”ਭਾਰਤ ਹੁਣ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀ ਭੇਜਣ ਵਾਲਾ ਦੇਸ਼ ਬਣ ਗਿਆ ਹੈ।
ਅਮਰੀਕਾ ਵਿੱਚ ਪੜ੍ਹ ਰਹੇ ਕੁੱਲ ਕੌਮਾਂਤਰੀ ਵਿਦਿਆਰਥੀਆਂ ‘ਚੋਂ 29 ਫੀਸਦ ਭਾਰਤੀ ਹਨ।” ਨੋਟ ਵਿੱਚ ਕਿਹਾ ਗਿਆ ਹੈ, ”2008-09 ਤੋਂ ਬਾਅਦ ਭਾਰਤ ਪਹਿਲੀ ਵਾਰ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀ ਭੇਜਣ ਵਾਲਾ ਦੇਸ਼ ਬਣ ਕੇ ਉੱਭਰਿਆ ਹੈ।