ਸ੍ਰੀ ਆਨੰਦਪੁਰ ਸਾਹਿਬ : ਭਾਰਤੀ ਜਨਤਾ ਪਾਰਟੀ ਦਾ ਮੁੱਖ ਧਰਮ ਧਰੁਵੀਕਰਨ ਕਰਨਾ ਹੈ ਤੇ ਉਹ ਆਪਣਾ ਧਰਮ ਬੰਗਾਲ ‘ਚ ਵੀ ਨਿਭਾਅ ਰਹੀ ਹੈ। ਭਾਜਪਾ ਅਜਿਹਾ ਕੰਮ ਪੰਜਾਬ ਵਿੱਚ ਵੀ ਕਰੇਗੀ। ਇਹ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ‘ਚ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਮੂਹ ਸਿੱਖਾਂ ਨੂੰ ਬਹੁਤ ਗੰਭੀਰਤਾ ਨਾਲ ਸੁਚੇਤ ਹੋਣ ਦੀ ਲੋੜ ਹੈ। ਤਖ਼ਤ ਸ੍ਰੀ ਕੇਸਗੜ ਸਾਹਿਬ ਦੀ ਫ਼ਸੀਲ ਤੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦੇ ਹੋਏ ਜਥੇਦਾਰ ਨੇ ਕਿਹਾ ਕਿ ਮੋਦੀ ਸਰਕਾਰ ਘੱਟ ਗਿਣਤੀਆਂ ਨਾਲ ਵਧੀਕੀਆਂ ਕਰ ਰਹੀ ਹੈ। ਦੇਸ਼ ਦੀਆਂ ਸਾਰੀਆਂ ਸੰਸਥਾਵਾਂ ‘ਤੇ ਰਾਜਨੀਤੀ ਭਾਰੂ ਹੋ ਚੁੱਕੀ ਹੈ ਫਿਰ ਭਾਵੇਂ ਉਹ ਨਿਆਂਪਾਲਿਕਾ, ਕਾਰਜਪਾਲਿਕਾ, ਚੋਣ ਕਮਿਸ਼ਨ, ਮੀਡੀਆ ਹੀ ਕਿਉਂ ਨਾ ਹੋਵੇ। ਉਨਾਂ ਕਿਹਾ ਕਿ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਇਸ ਤਰਾਂ ਜਦ ਹਕੂਮਤ ਜ਼ਾਲਿਮ ਬਣ ਜਾਵੇ ਤਾਂ ਧਰਮ ਦਾ ਪੱਲਾ ਫੜਨ ਦੀ ਲੋੜ ਪੈਂਦੀ ਹੈ। ਉਨਾਂ ਕਿਹਾ ਕਿ ਲਾਲ ਕਿਲੇ ‘ਤੇ ਕੇਸਰੀ ਨਿਸ਼ਾਨ ਝੁਲਾਉਣ ਵਾਲਿਆਂ ‘ਤੇ ਸਰਕਾਰ ਨੇ ਧੜਾਧੜ ਪਰਚੇ ਦਰਜ ਕੀਤੇ ਪਰ ਕਿਸੇ ਨੇ ਬਾਂਹ ਨਹੀਂ ਫੜੀ, ਸੈਂਕੜੇ ਨੌਜਵਾਨ ਜੇਲਾਂ ‘ਚ ਡੱਕ ਦਿੱਤੇ ਗਏ। ਸਿਰਫ਼ ਦਿੱਲੀ ਗੁਰਦੁਆਰਾ ਕਮੇਟੀ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਬਾਂਹ ਫੜੀ। ਜਥੇਦਾਰ ਨੇ ਕਿਹਾ ਕਿ ਸਿੱਖਾਂ ਨੂੰ ਸੰਸਥਾਵਾਂ ਦੀ ਪਹਿਰੇਦਾਰੀ ਕਰਨ ਦੀ ਲੋੜ ਤਾਂ ਜੋ ਸੰਸਥਾਵਾਂ ਉਨਾਂ ਦੀ ਪਹਿਰੇਦਾਰੀ ਕਰ ਸਕਣ।