Breaking News
Home / ਪੰਜਾਬ / ਸ਼੍ਰੋਮਣੀ ਕਮੇਟੀ ਵੱਲੋਂ 912 ਕਰੋੜ ਰੁਪਏ ਦਾ ਬਜਟ ਪਾਸ

ਸ਼੍ਰੋਮਣੀ ਕਮੇਟੀ ਵੱਲੋਂ 912 ਕਰੋੜ ਰੁਪਏ ਦਾ ਬਜਟ ਪਾਸ

ਕਿਸਾਨੀ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਇਜਲਾਸ ਵਿੱਚ ਅੱਜ 912 ਕਰੋੜ 59 ਲੱਖ 26 ਹਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ। ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਇਹ ਬਜਟ ਇਜਲਾਸ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਇਆ। ਬਜਟ 40 ਕਰੋੜ 66 ਲੱਖ ਰੁਪਏ ਘਾਟੇ ਵਾਲਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਬਜਟ ਪੇਸ਼ ਕੀਤਾ। ਉਨਾਂ ਦੱਸਿਆ ਕਿ ਗੁਰਦੁਆਰਿਆਂ ਦੀ ਆਮਦਨ ‘ਤੇ ਵੀ ਕਰੋਨਾ ਕਾਰਨ ਪ੍ਰਭਾਵ ਪਿਆ, ਜਿਸ ਕਾਰਨ ਬਜਟ ਵੀ ਪ੍ਰਭਾਵਿਤ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਬਜਟ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਬੰਧੀ 14 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਜਲਾਸ ਵੱਲੋਂ ਮਤਾ ਪਾਸ ਕਰਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਜਲਾਸ ਵਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਵੀ ਕੀਤੀ ਗਈ।
ਕਰੋਨਾ ਕਾਰਨ ਲਗਾਤਾਰ ਦੂਜੇ ਸਾਲ ਸਿੱਖ ਸੰਸਥਾ ਦਾ ਬਜਟ ਪ੍ਰਭਾਵਿਤ ਹੋਇਆ ਹੈ। ਇਸ ਵਰੇ ਲਗਪਗ 40 ਕਰੋੜ 66 ਲੱਖ ਰੁਪਏ ਦੇ ਘਾਟੇ ਵਾਲਾ ਬਜਟ ਪਾਸ ਕੀਤਾ ਗਿਆ ਹੈ। ਐਡਵੋਕੇਟ ਸਿਆਲਕਾ ਨੇ ਦੱਸਿਆ ਕਿ ਵਿੱਤੀ ਵਰੇ 2021-22 ਦੌਰਾਨ ਸ਼੍ਰੋਮਣੀ ਕਮੇਟੀ ਨੂੰ ਵੱਖ ਵੱਖ ਥਾਵਾਂ ਤੋਂ ਕੁਲ 871 ਕਰੋੜ 93 ਲੱਖ 24537 ਰੁਪਏ ਦੀ ਆਮਦਨ ਹੋਵੇਗੀ ਜਦਕਿ ਸ਼੍ਰੋਮਣੀ ਕਮੇਟੀ ਵਲੋਂ 912 ਕਰੋੜ 59 ਲੱਖ 26 ਹਜ਼ਾਰ 500 ਰੁਪਏ ਅਨੁਮਾਨਿਤ ਖਰਚ ਕੀਤੇ ਜਾਣਗੇ। 40 ਕਰੋੜ 66 ਲੱਖ 1463 ਰੁਪਏ ਦਾ ਘਾਟਾ ਸਿੱਖ ਸੰਸਥਾ ਵਲੋਂ ਆਪਣੀਆਂ ਬੱਚਤਾਂ ਵਿਚੋਂ ਪੂਰਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਇਸ ਬਜਟ ਨੂੰ ਸੱਤ ਭਾਗਾਂ ਵਿੱਚ ਵੰਡਿਆ ਗਿਆ ਹੈ ਜਿਨਾਂ ਵਿਚ ਜਨਰਲ ਬੋਰਡ ਫੰਡ ਦੀ ਆਮਦਨ ਸੱਤ ਕਰੋੜ 38 ਲੱਖ, ਟਰੱਸਟ ਫੰਡਾਂ ਦੀ ਆਮਦਨ 8 ਕਰੋੜ 69 ਲੱਖ ਦਸ ਹਜ਼ਾਰ ਰੁਪਏ, ਵਿਦਿਆ ਫੰਡ ਤੋਂ ਆਮਦਨ ਦੋ ਕਰੋੜ 76 ਲੱਖ ਰੁਪਏ, ਪ੍ਰਿਟਿੰਗ ਪ੍ਰੈੱਸਾਂ ਤੋਂ ਆਮਦਨ 6 ਕਰੋੜ 68 ਲੱਖ ਰੁਪਏ, ਧਰਮ ਪ੍ਰਚਾਰ ਕਮੇਟੀ ਤੋਂ ਆਮਦਨ ਦਸ ਕਰੋੜ ਰੁਪਏ, ਦਫਾ 85 ਹੇਠ ਆਉਂਦੇ ਗੁਰਦੁਆਰਿਆਂ ਤੋਂ ਆਮਦਨ 647 ਕਰੋੜ 25 ਲੱਖ ਰੁਪਏ ਅਤੇ ਵਿਦਿਅਕ ਅਦਾਰਿਆਂ ਤੋਂ ਹੋਣ ਵਾਲੀ ਅਨੁਮਾਨਿਤ ਆਮਦਨ 189 ਕਰੋੜ 17 ਲੱਖ 14 ਹਜ਼ਾਰ 537 ਰੁਪਏ ਹੋਣ ਦਾ ਅਨੁਮਾਨ ਹੈ।
ਲਗਪਗ 40 ਕਰੋੜ ਰੁਪਏ ਘਾਟੇ ਦੇ ਬਜਟ ਬਾਰੇ ਉਨਾਂ ਦੱਸਿਆ ਕਿ ਸਿਰਫ ਵਿਦਿਅਕ ਅਦਾਰਿਆਂ ਦਾ ਅਨੁਮਾਨਿਤ ਖਰਚਾ ਹੀ ਆਮਦਨ ਨਾਲੋਂ ਲਗਪਗ 34 ਕਰੋੜ 1 ਲੱਖ 65 ਹਜ਼ਾਰ ਰੁਪਏ ਵੱਧ ਹੈ ਜਿਸ ਵਿਚ ਅਧਿਆਪਕਾਂ ਦੀਆਂ ਤਨਖਾਹਾਂ ਤੇ ਹੋਰ ਖਰਚੇ ਸ਼ਾਮਲ ਹਨ। ਇਸੇ ਤਰਾਂ ਪ੍ਰਿੰਟਿੰਗ ਪ੍ਰੈੱਸਾਂ ਦਾ ਵੀ ਆਮਦਨ ਨਾਲੋਂ ਲਗਪਗ ਇਕ ਕਰੋੜ 52 ਲੱਖ ਰੁਪਏ ਵਧੇਰੇ ਖਰਚ ਹੋਣ ਦਾ ਅਨੁਮਾਨ ਹੈ। ਉਨਾਂ ਦੱਸਿਆ ਕਿ ਕਰੋਨਾ ਕਾਰਨ ਗੁਰਦੁਆਰਿਆਂ ਵਿਚ ਸੰਗਤ ਦੀ ਆਮਦ ਘਟ ਗਈ ਹੈ ਅਤੇ ਇਸੇ ਕਾਰਨ ਗੁਰਦੁਆਰੇ ਵਿਚ ਚੜਾਵਾ ਵੀ ਘਟ ਗਿਆ ਹੈ ਜਿਸ ਨਾਲ ਆਮਦਨ ਪ੍ਰਭਾਵਿਤ ਹੋਈ ਹੈ। ਇਸ ਵਰੇ ਦੇ ਘਾਟੇ ਨੂੰ ਪੂਰਾ ਕਰਨ ਲਈ ਪਿਛਲੀਆਂ ਬੱਚਤਾਂ ਵਿਚੋਂ ਲਗਪਗ 5 ਕਰੋੜ 12 ਲੱਖ ਰੁਪਏ ਲੈ ਕੇ ਖਰਚ ਕੀਤੇ ਜਾਣਗੇ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਕਰੋਨਾ ਕਾਰਨ ਸੰਗਤ ਦੀ ਆਮਦ ਘਟੀ ਹੈ ਅਤੇ ਗੁਰਦੁਆਰਿਆਂ ਦੀ ਗੋਲਕ ਵੀ ਘਟ ਗਈ ਹੈ। ਉਨਾਂ ਦੱਸਿਆ ਕਿ ਇਸ ਵਾਰ ਵੀ ਕੁੱਲ ਬਜਟ ‘ਚੋਂ 440 ਕਰੋੜ ਰੁਪਏ ਗੁਰਦੁਆਰਿਆਂ, ਵਿਦਿਅਕ ਅਦਾਰਿਆਂ ਅਤੇ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਲਈ ਖਰਚ ਹੋਣਗੇ, ਜੋ ਕਿ ਕੁਲ ਬਜਟ ਦਾ 43.42 ਫੀਸਦ ਹਨ। ਉਨਾਂ ਦੱਸਿਆ ਕਿ ਪਿਛਲੇ ਵਰਿਆਂ ਦੌਰਾਨ ਤਿਆਰ ਕੀਤੇ ਜਾਂਦੇ ਰਹੇ ਬਜਟ ਵਿਚ ਕੁਝ ਤਰੁੱਟੀਆਂ ਸਨ, ਜਿਨਾਂ ਨੂੰ ਇਸ ਵਾਰ ਦੂਰ ਕੀਤਾ ਗਿਆ ਹੈ। ਇਸ ਮੌਕੇ 11 ਸ਼ੋਕ ਮਤੇ ਅਤੇ 12 ਹੋਰ ਮਤੇ ਪੜੇ ਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਲਈ 14 ਕਰੋੜ ਰੱਖੇ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਵਲੋਂ ਪਾਸ ਕੀਤੇ ਬਜਟ ‘ਚ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ 14 ਕਰੋੜ ਰੁਪਏ ਰੱਖੇ ਗਏ ਹਨ, ਪੰਜਾਬ ਤੋਂ ਬਾਹਰ ਸਿੱਖ ਮਿਸ਼ਨਾਂ ਵਾਸਤੇ, ਧਾਰਮਿਕ ਦੀਵਾਨ, ਗੁਰਮਤਿ ਕੈਂਪ ਆਦਿ ਵਾਸਤੇ 7 ਕਰੋੜ ਰੁਪਏ, ਅੰਮ੍ਰਿਤਧਾਰੀ ਵਿਦਿਆਰਥੀਆਂ ਦੇ ਵਜੀਫੇ ਵਾਸਤੇ 2 ਕਰੋੜ ਰੁਪਏ, ਸਿਕਲੀਗਰ ਤੇ ਵਣਜਾਰੇ ਸਿੱਖਾਂ ਆਦਿ ਦੀ ਮਦਦ ਸਮੇਤ ਤੇ ਹੋਰ ਕੰਮਾਂ ਵਾਸਤੇ 9 ਕਰੋੜ ਰੁਪਏ ਰੱਖੇ ਹਨ। ਇਸ ਵਾਰ ਖੇਡਾਂ ਵਾਸਤੇ ਧਰਮ ਪ੍ਰਚਾਰ ਕਮੇਟੀ ਦੇ ਫੰਡਾਂ ਵਿੱਚੋਂ ਵੀ ਇੱਕ ਕਰੋੜ ਰੁਪਏ ਦੀ ਸਹਾਇਤਾ ਅਤੇ ਖੇਡ ਵਿਭਾਗ ਦੀਆਂ ਤਨਖਾਹਾਂ ਵਾਸਤੇ ਵੀ ਇੱਕ ਕਰੋੜ ਰੁਪਏ ਰੱਖੇ ਹਨ। 39 ਵਿਦਿਅਕ ਅਦਾਰਿਆਂ ਦੀਆਂ ਅਨਏਡਿਡ ਪੋਸਟਾਂ ‘ਤੇ ਅਮਲੇ ਦੀਆਂ ਤਨਖਾਹਾਂ ਵਾਸਤੇ 8 ਕਰੋੜ ਰੁਪਏ ਰੱਖੇ ਹਨ।

 

Check Also

ਫਰੀਦਕੋਟ ਦਾ ਡੀਐਸਪੀ ਰਾਜਨਪਾਲ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਗਿ੍ਰਫਤਾਰ

  ਭਿ੍ਰਸ਼ਟਾਚਾਰ ਖਿਲਾਫ ਸਿਫਰ ਟਾਲਰੈਂਸ ਨੀਤੀ ਤਹਿਤ ਹੋਵੇਗੀ ਜਾਂਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ …