Breaking News
Home / ਪੰਜਾਬ / ਸਭ ਕੁਝ ਰੁਕ ਗਿਆ ਸੀ ਪ੍ਰੰਤੂ ਟਰੱਕ ਚਲਦੇ ਰਹੇ, ਲੌਕਡਾਊਨ ‘ਚ ਕਸ਼ਮੀਰ, ਨੇਪਾਲ ਤੋਂ ਕੰਨਿਆ ਕੁਮਾਰੀ ਤੱਕ ਕੀਤਾ ਸਫ਼ਰ

ਸਭ ਕੁਝ ਰੁਕ ਗਿਆ ਸੀ ਪ੍ਰੰਤੂ ਟਰੱਕ ਚਲਦੇ ਰਹੇ, ਲੌਕਡਾਊਨ ‘ਚ ਕਸ਼ਮੀਰ, ਨੇਪਾਲ ਤੋਂ ਕੰਨਿਆ ਕੁਮਾਰੀ ਤੱਕ ਕੀਤਾ ਸਫ਼ਰ

Image Courtesy :jagbani(punjabkesar)

ਪੰਜਾਬ ਦਾ ਟਰੱਕਾਂ ਵਾਲਾ ਪਿੰਡ-800 ਘਰਾਂ ਵਾਲੇ ਇਸ ਪਿੰਡ ‘ਚ 720 ਟਰੱਕ
ਡਰਾਈਵਰ ਬੋਲੇ-ਲੌਕਡਾਊਨ ‘ਚ ਬਹੁਤ ਕੁਝ ਬਦਲਿਆ, ਨਾਕਿਆਂ ‘ਤੇ 20 ਤੋਂ 50 ਰੁਪਏ ਲੈਣ ਵਾਲੇ ਪੁਲਿਸ ਮੁਲਾਜ਼ਮਾਂ ਨੇ ਖਾਣਾ ਖਵਾਇਆ, ਸੌਣ ਲਈ ਦਿੱਤੀ ਥਾਂ
ਜਲੰਧਰ : ਜਲੰਧਰ ਤੋਂ ਲਗਭਗ 100 ਕਿਲੋਮੀਟਰ ਦੂਰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਹੀਆਂ ਵਾਲਾ ਕਲਾਂ। ਇਸ ਨੂੰ ਟਰੱਕਾਂ ਵਾਲਾ ਪਿੰਡ ਵੀ ਕਿਹਾ ਜਾਂਦਾ ਹੈ। 800 ਘਰਾਂ ਵਾਲੇ ਇਸ ਪਿੰਡ ਦੀ 3000 ਅਬਾਦੀ ਹੈ ਜਦਕਿ 720 ਤੋਂ ਜ਼ਿਆਦਾ ਟਰੱਕ ਰਜਿਸਟਰਡ ਹਨ। ਇਥੋਂ ਦੇ ਜ਼ਿਆਦਾਤਰ ਲੋਕ ਟਰੱਕਾਂ ਦਾ ਕਾਰੋਬਾਰ ਅਤੇ ਡਰਾਈਵਿੰਗ ਨਾਲ ਜੁੜੇ ਹੋਏ ਹਨ। ਪਿੰਡ ਦੇ ਨੌਜਵਾਨ ਸਰਪੰਚ ਕਰਨ ਬਰਾੜ ਖੁਦ ਕੈਨੇਡਾ ‘ਚ ਟਰੱਕ ਟਰਾਂਸਪੋਰਟਰ ਹਨ। ਖਾਸ ਗੱਲ ਇਹ ਹੈ ਕਿ ਜਦੋਂ ਤੋਂ ਦੇਸ਼ ‘ਚ ਕਰੋਨਾ ਮਹਾਮਾਰੀ ਆਈ ਅਤੇ ਲੌਕਡਾਊਨ ਲੱਗਿਆ, ਉਦੋਂ ਵੀ ਇਸ ਪਿੰਡ ਦੇ ਟਰੱਕ ਨੇਪਾਲ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹੋਰ ਰਾਜਾਂ ਦੇ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਂਦੇ ਰਹੇ। ਪੰਜਾਬ ਤੋਂ ਖਾਣ ਪੀਣ ਦੀਆਂ ਵਸਤਾਂ ਲੈ ਕੇ ਉਹ ਯੂਪੀ, ਉਤਰਾਖੰਡ, ਬਿਹਾਰ, ਬੰਗਾਲ, ਸਾਊਥ ਇੰਡੀਆ ਆਦਿ ਰਾਜਾਂ ਤੱਕ ਗਏ। ਟਰੱਕ ਚਾਲਕਾਂ ਨੇ ਦੱਸਿਆ ਕਿ ਲੌਕਡਾਊਨ ਕਾਰਨ ਦੇਸ਼ ਦੀ ਸਭ ਤੋਂ ਵੱਧ ਟ੍ਰੈਫਿਕ ਵਾਲੀਆਂ ਸੜਕਾਂ ‘ਤੇ ਡਰ ਦਾ ਮਾਹੌਲ ਸੀ। ਖਾਣੇ ਦੀ ਬਹੁਤ ਮੁਸ਼ਕਿਲ ਤੋਂ ਬਾਅਦ ਆਪਣੇ ਘਰਾਂ ਤੱਕ ਦਾ ਸਫ਼ਰ ਤਹਿ ਕੀਤਾ। ਖੁਦ ਵੀ ਸੇਫ ਰਹੇ ਅਤੇ ਲੋਕਾਂ ਨੂੰ ਵੀ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਈਆਂ।
ਹਰ ਸਫ਼ਰ ਕੁੱਝ ਸਿਖਾਉਂਦਾ ਹੈ…. ਸੜਕਾਂ ਇਸ ਤਰ੍ਹਾਂ ਖਾਲੀ ਕਿ 7 ਦਿਨ ਦਾ ਸਫ਼ਰ 5 ਦਿਨ ‘ਚ ਪੂਰਾ, ਸੁੰਨਸਾਨ ਸੜਕਾਂ ‘ਤੇ ਡਰ ਲੱਗਿਆ ਤਾਂ ਦਿਨ ‘ਚ ਕੀਤੀ ਡਰਾਈਵਰੀ
ਡਰਾਈਵਰ ਗੁਰਜੰਟ ਸਿੰਘ ਜੰਟਾ ਦੱਸਦੇ ਹਨ ਕਿ ਉਹ 25 ਸਾਲ ਤੋਂ ਡਰਾਈਵਰੀ ਕਰ ਰਹੇ ਹਨ। ਪੰਜਾਬ ਤੋਂ ਬਾਹਰ ਯੂਪੀ, ਬੰਗਾਲ, ਅਸਾਮ, ਉੜੀਸਾ, ਅਰੁਣਾਚਲ ਸਮੇਤ ਹੋਰ ਰਾਜਾਂ ‘ਚ ਚੱਕਰ ਲਗਾਉਂਦੇ ਹਨ। ਪ੍ਰੰਤੂ ਜਦੋਂ ਤੋਂ ਕਰੋਨਾ ਮਹਾਮਾਰੀ ਆਈ ਹੈ ਸੜਕਾਂ ‘ਤੇ ਅਜਿਹਾ ਸੰਨਾਟਾ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ। ਟ੍ਰੈਫਿਕ ਨਾਲ ਭਰੀਆਂ ਰਹਿਣ ਵਾਲੀਆਂ ਸੜਕਾਂ ਸੁੰਨਸਾਨ ਸਨ। ਪਹਿਲਾਂ ਰਾਤ ਨੂੰ ਡਰਾਈਵਰੀ ਕਰਦੇ ਸੀ ਪ੍ਰੰਤੂ ਜਦੋਂ ਲੌਕਡਾਊਨ ਹੋਇਆ ਤਾਂ ਦਿਨ ‘ਚ ਕਰਨ ਲੱਗੇ। ਰਾਤ ਨੂੰ ਸੇਫ ਥਾਂ ‘ਤੇ ਰੁਕ ਜਾਂਦੇ। ਸਫਰ ਦੀ ਖਾਸ ਗੱਲ ਇਹ ਰਹੀ ਕਿ ਲੌਕਡਾਊਨ ‘ਚ ਬੜਾ ਬਦਲਾਅ ਪੁਲਿਸ ‘ਚ ਦੇਖਣ ਨੂੰ ਮਿਲਿਆ। ਨਾਕਿਆਂ ‘ਤੇ 20 ਤੋਂ 50 ਰੁਪਏ ਲੈਣ ਵਾਲੇ ਪੁਲਿਸ ਕਰਮਚਾਰੀਆਂ ਨੇ ਖਾਣਾ ਵੀ ਖਵਾਇਆ ਅਤੇ ਰਹਿਣ ਲਈ ਥਾਂ ਵੀ ਦਿੱਤੀ। ਦੂਜੇ ਰਾਜਾਂ ਜਿੱਥੇ ਜਾਣ ਲਈ ਪਹਿਲਾਂ 6 ਤੋਂ 7 ਦਿਨ ਲਗਦੇ ਸਨ, ਸੜਕਾਂ ਖਾਲੀ ਹੋਣ ਕਾਰਨ 5 ਦਿਨਾਂ ‘ਚ ਸਮਾਨ ਲੈ ਕੇ ਪੰਹੁਚਦੇ ਰਹੇ। ਪਹਿਲਾਂ ਢਾਬਿਆਂ ‘ਚ ਖਾਣਾ ਖਾਂਦੇ ਸੀ ਪ੍ਰੰਤੂ ਜਦੋਂ ਮਹਾਂਮਾਰੀ ਆਈ ਉਦੋਂ ਤੋਂ ਟਰੱਕ ‘ਚ ਹੀ ਸਿਲੰਡਰ ਅਤੇ ਸਾਰਾ ਰਾਸ਼ਨ ਦਾ ਸਮਾਨ ਲੈ ਕੇ ਚਲਦੇ। ਗੁਰਜੰਟ ਦੱਸਦਾ ਹੈ ਕਿ ਮੈਂ ਜਲੰਧਰ ਤੋਂ ਨੇਪਾਲ ਤੱਕ ਸਫ਼ਰ ਕੀਤਾ। ਪਹਿਲਾਂ ਕਈ ਰਾਜਾਂ ‘ਚੋਂ ਲੰਘਦੇ ਸਮੇਂ ਪੁਲਿਸ ਨੂੰ ਨਾਕਿਆਂ ‘ਤੇ ਪੈਸੇ ਦੇਣੇ ਪੈਂਦੇ ਸਨ ਪ੍ਰੰਤੂ ਲੌਕਡਾਊਨ ਦੇ ਸਮੇਂ ਪੁਲਿਸ ਨੇ ਪ੍ਰੇਸਾਨ ਕਰਨਾ ਬੰਦ ਕਰ ਦਿੱਤਾ। ਪੈਸਿਆਂ ਦੀ ਥਾਂ ਸਿਰਫ਼ ਬੁਖਾਰ ਚੈਕ ਕਰਦੇ ਸਨ । ਪਹਿਲਾਂ ਨੇਪਾਲ ਦੇ ਲਈ 20 ਦਿਨ ਲਗਦੇ ਸਨ ਪ੍ਰੰਤੂ ਲੌਕਡਾਊਨ ‘ਚ ਇਹ ਸਫ਼ਰ 12 ਦਿਨਾਂ ‘ਚ ਪੂਰਾ ਹੁੰਦਾ ਰਿਹਾ।

Check Also

ਨਵਜੋਤ ਸਿੱਧੂ ਨੇ ਫਿਰ ਸਾਧਿਆ ਕੈਪਟਨ ਅਮਰਿੰਦਰ ਸਰਕਾਰ ‘ਤੇ ਨਿਸ਼ਾਨਾ

ਖੇਤੀ ਅਤੇ ਕਿਸਾਨਾਂ ਦੇ ਵਿਕਾਸ ਲਈ ਦਿੱਤੇ ਕਈ ਸੁਝਾਅ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸੀ ਵਿਧਾਇਕ ਨਵਜੋਤ ਸਿੰਘ …