27.2 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਨਵੀਂ ਇੰਡੋ-ਪੈਸਿਫਿਕ ਰਣਨੀਤੀ ਕੈਨੇਡੀਅਨਾਂ ਲਈ ਖੁਸ਼ਹਾਲੀ ਅਤੇ ਸੁਰੱਖਿਆ ਪ੍ਰਦਾਨ ਕਰਨ ਵਾਲੀ :...

ਨਵੀਂ ਇੰਡੋ-ਪੈਸਿਫਿਕ ਰਣਨੀਤੀ ਕੈਨੇਡੀਅਨਾਂ ਲਈ ਖੁਸ਼ਹਾਲੀ ਅਤੇ ਸੁਰੱਖਿਆ ਪ੍ਰਦਾਨ ਕਰਨ ਵਾਲੀ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਇੰਡੋ-ਪੈਸਿਫ਼ਿਕ ਖ਼ੇਤਰ ਦੀ ਕੈਨੇਡਾ ਲਈ ਆਪਣੀ ਹੀ ਵਿਸ਼ੇਸ਼ ਮਹਾਨਤਾ ਹੈ ਅਤੇ ਇਹ ਦੁਨੀਆਂ-ਭਰ ਦੀ ਦੋ-ਤਿਹਾਈ ਵਸੋਂ ਦੇ ਤੇਜ਼ੀ ਨਾਲ ਹੋ ਰਹੇ ਆਰਥਿਕ ਵਿਕਾਸ ਦਾ ਘਰ ਸਮਝਿਆ ਜਾਂਦਾ ਹੈ। ਏਸੇ ਲਈ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕੈਨੇਡਾ ਦੀ ਨਵੀਂ ਇੰਡੋ-ਪੈਸਿਫ਼ਿਕ ਸਟਰੈਟਿਜੀ ਦੇ ਲਾਂਚ ਹੋਣ ਸਬੰਧੀ ਮੀਡੀਆ ਨਾਲ ਰਾਊਂਡ-ਟੇਬਲ ਗੱਲਬਾਤ ਲਈ ਆਪਣੇ ਹਮ-ਰੁਤਬਾ ਸਾਥੀਆਂ ਨਾਲ ਸ਼ਿਰਕਤ ਕੀਤੀ। ਇਹ ਨਵੀਂ ਰਣਨੀਤੀ ਇੰਡੋ-ਪੈਸਿਫ਼ਿਕ ਖ਼ੇਤਰ ਵਿੱਚ ਅਗਲੇ ਦਹਾਕੇ ਲਈ ਖ਼ੇਤਰੀ ਅਮਨ ਤੇ ਸੁਰੱਖ਼ਿਆ ਨੂੰ ਵਧਾਉਣ, ਆਰਥਿਕ ਖ਼ੁਸ਼ਹਾਲੀ ਤੇ ਲਚਕੀਲੇਪਨ ਨੂੰ ਮਜ਼ਬੂਤ ਕਰਨ, ਆਪਸੀ ਭਾਈਚਾਰੇ ਵਿੱਚ ਵਾਧਾ ਕਰਨ ਅਤੇ ਇਸ ਖ਼ੇਤਰ ਦੇ ਸਮੁੱਚੇ ਵਿਕਾਸ ਲਈ ਨਵੀਆਂ ਰਾਹਾਂ ਦਰਸਾਉਣ ਵਿੱਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਰਣਨੀਤੀ ਨਵੀਂ ਦਿੱਲੀ, ਚੰਡੀਗੜ੍ਹ, ਇਸਲਾਮਾਬਾਦ ਅਤੇ ਮਨੀਲਾ ਵਿਚਕਾਰ ਲੋਕਾਂ ਦੇ ਆਪਸੀ ਮੇਲ਼ ਜੋਲ਼ ਲਈ ਖ਼ੇਤਰੀ ਵੀਜ਼ਾ ਪ੍ਰਣਾਲੀ ਵਿੱਚ ਹੋਰ ਨਿਵੇਸ਼ ਕਰਨ ਵਿੱਚ ਮਦਦ ਕਰੇਗੀ। ਇਹ ਨਵੀਂ ਸਟਰੈਟਿਜੀ ਪੈਸਿਫ਼ਿਕ ਖ਼ੇਤਰ ਦੇ ਦੋਵੇਂ ਪਾਸੇ ਆਰਥਿਕ ਵਿਕਾਸ ਨੂੰ ਹੋਰ ਤੇਜ਼ ਕਰਨ, ਖ਼ੁਸ਼ਹਾਲੀ ਲਿਆਉਣ ਅਤੇ ਨਵੀਆਂ ਨੌਕਰੀਆਂ ਦੇ ਹੋਰ ਮੌਕੇ ਪੈਦਾ ਕਰਨ ਵਿੱਚ ਆਪਣਾ ਭਰਪੂਰ ਯੋਗਦਾਨ ਪਾਏਗੀ। ਉਨ੍ਹਾਂ ਕਿਹਾ ਕਿ ਇਸ ਰਣਨੀਤੀ ਅਨੁਸਾਰ ਕੈਨੇਡਾ ਆਪਣੇ ਸਹਿਯੋਗੀ ਮੁਲਕਾਂ ਭਾਰਤ, ਪਾਕਿਸਤਾਨ ਅਤੇ ਜਾਪਾਨ ਨਾਲ ਹੋਰ ਨੇੜਤਾ ਵਧਾਉਣ ਲਈ 2.3 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ।
ਉਨ੍ਹਾਂ ਹੋਰ ਕਿਹਾ ਕਿ ਇਹ ਨਵੀਂ ਸਟਰੈਟਿਜੀ ਇਨ੍ਹਾਂ ਦੇਸ਼ਾਂ ਨਾਲ ਸਾਡੇ ਵਿਓਪਾਰ ਤੇ ਨਿਵੇਸ਼ ਰਾਹੀਂ ਸਾਡੀਆਂ ਆਰਥਿਕ ਤੰਦਾਂ ਨੂੰ ਹੋਰ ਮਜ਼ਬੂਤ ਕਰੇਗੀ, ਮੰਡੀਕਰਣ ਵਿੱਚ ਵਾਧਾ ਕਰੇਗੀ ਅਤੇ ਪੈਸਿਫ਼ਿਕ ਸਮੁੰਦਰ ਦੇ ਦੋਵੇਂ ਪਾਸੇ ਆਰਥਿਕ ਵਿਕਾਸ ਦੇ ਨਵੇਂ ਮੌਕੇ ਪ੍ਰਦਾਨ ਕਰੇਗੀ। ਇਸ ਨਵੀ ਰਣਨੀਤੀ ਦਾ ਸੁਆਗ਼ਤ ਕਰਦਿਆਂ ਹੋਇਆਂ ਉਨ੍ਹਾਂ ਸਾਰਿਆਂ ਦੇ ਨਾਲ ਇਸ ਦੇ ਲਈ ਆਪਣੀਆਂ ਸ਼ੁਭ-ਕਾਮਨਾਵਾਂ ਸਾਂਝੀਆਂ ਕੀਤੀਆਂ।

RELATED ARTICLES
POPULAR POSTS