Breaking News
Home / ਜੀ.ਟੀ.ਏ. ਨਿਊਜ਼ / ਲਿਬਰਲ ਸਰਕਾਰ ਨੇ ਵਰਕਿੰਗ ਕਲਾਸ ਖਿਲਾਫ ਵਿੱਢੀ ਜੰਗ : ਜਗਮੀਤ ਸਿੰਘ

ਲਿਬਰਲ ਸਰਕਾਰ ਨੇ ਵਰਕਿੰਗ ਕਲਾਸ ਖਿਲਾਫ ਵਿੱਢੀ ਜੰਗ : ਜਗਮੀਤ ਸਿੰਘ

ਕੈਨੇਡੀਅਨਾਂ ਨੂੰ ਆਪਣੀਆਂ ਰੋਜਮੱਰਾ ਦੀਆਂ ਲੋੜਾਂ ਲਈ ਕਰਨਾ ਪੈ ਰਿਹਾ ਹੈ ਸੰਘਰਸ਼
ਓਟਵਾ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜਸਟਿਨ ਟਰੂਡੋ ਵੱਲੋਂ ਵਰਕਿੰਗ ਕਲਾਸ ਖਿਲਾਫ ਜੰਗ ਵਿੱਢੀ ਜਾ ਰਹੀ ਹੈ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ। ਲਿਬਰਲ ਪਾਰਟੀ ਨਾਲ ਹੋਏ ਉਨ੍ਹਾਂ ਦੇ ਸਮਝੌਤੇ ਦਾ ਲਾਹਾ ਲੈ ਕੇ ਉਹ ਵਰਕਿੰਗ ਲੋਕਾਂ ਦੀ ਹਿਫਾਜਤ ਕਰਨਗੇ।
ਆਪਣੇ ਕਾਕਸ ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਕੈਨੇਡੀਅਨਜ਼ ਨੂੰ ਆਪਣੀ ਰੋਜਮੱਰਾ ਦੀ ਜ਼ਿੰਦਗੀ ਵਿੱਚ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਅੱਜ ਕੈਨੇਡੀਅਨ ਪਰਿਵਾਰ ਜਿਸ ਤਰ੍ਹਾਂ ਦੀ ਜੱਦੋ-ਜਹਿਦ ਵਿੱਚੋਂ ਨਿਕਲ ਰਹੇ ਹਨ ਉਸ ਤੋਂ ਟਰੂਡੋ ਅਣਜਾਣ ਬਣੇ ਹੋਏ ਹਨ।
ਇਸ ਸਮੇਂ ਮਹਿੰਗਾਈ ਸਾਰੇ ਹੱਦਾਂ ਬੰਨੇ ਟੱਪ ਚੁੱਕੀ ਹੈ, ਗ੍ਰੌਸਰੀ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਤੇ ਹੈਲਥ ਕੇਅਰ ਸਾਰਿਆਂ ਨੂੰ ਨਹੀਂ ਮਿਲ ਰਹੀ। ਉਨ੍ਹਾਂ ਆਖਿਆ ਕਿ ਹੱਦ ਇਸ ਗੱਲ ਦੀ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਜ਼ੁਕਾਮ ਦੀ ਦਵਾਈ ਤੱਕ ਨਹੀਂ ਲੱਭ ਰਹੀ। ਇਸ ਸਮੇਂ ਇੰਜ ਲੱਗ ਰਿਹਾ ਹੈ ਜਿਵੇਂ ਵਰਕਰਜ਼ ਨਾਲ ਸਰਕਾਰ ਦੀ ਜੰਗ ਚੱਲ ਰਹੀ ਹੋਵੇ।
ਇਸ ਦੇ ਨਾਲ ਹੀ ਜਗਮੀਤ ਸਿੰਘ ਨੇ ਪਾਰਟੀ ਦੀਆਂ ਰਵਾਇਤੀ ਕਦਰਾਂ ਕੀਮਤਾਂ ਦੀ ਗੱਲ ਕਰਦਿਆਂ ਯੂਨੀਅਨਾਂ ਨੂੰ ਹੋਰ ਮਜ਼ਬੂਤ ਕਰਨ ਤੇ ਪਬਲਿਕ ਹੈਲਥ ਕੇਅਰ ਦੀ ਹਿਫਾਜਤ ਕਰਨ ਦਾ ਤਹੱਈਆ ਵੀ ਲਿਆ। ਉਨ੍ਹਾਂ ਆਖਿਆ ਕਿ ਵਰਕਰਜ ਦੇਸ਼ ਦੀ ਰੀੜ੍ਹ ਦੀ ਹੱਢੀ ਹੁੰਦੇ ਹਨ ਤੇ ਉਹ ਸਨਮਾਨ ਦੇ ਹੱਕਦਾਰ ਹਨ। ਜੇ ਤੁਸੀਂ ਇਸ ਦੇਸ਼ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਭੁੱਖਿਆਂ ਨਹੀਂ ਰਹਿਣਾ ਚਾਹੀਦਾ।
ਉਨ੍ਹਾਂ ਟਰੂਡੋ ਉੱਤੇ ਇਹ ਦੋਸ਼ ਵੀ ਲਾਇਆ ਕਿ ਉਹ ਦੇਸ਼ ਦੇ ਕੁੱਝ ਕੁ ਪ੍ਰੀਮੀਅਰਜ਼ ਨੂੰ ਮੈਡੀਕੇਅਰ ਸਿਸਟਮ ਨਾਲ ਛੇੜਛਾੜ ਕਰਨ ਦੀ ਖੁੱਲ੍ਹ ਦੇ ਰਹੇ ਹਨ। ਜਿਸ ਨਾਲ ਪ੍ਰਾਈਵੇਟ ਪੱਧਰ ਉੱਤੇ ਹੈਲਥ ਕੇਅਰ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਸਹਿ ਮਿਲੇਗੀ। ਉਨ੍ਹਾਂ ਫੈਡਰਲ ਸਰਕਾਰ ਤੋਂ ਹੈਲਥ ਕੇਅਰ ਦੇ ਖੇਤਰ ਵਿੱਚ ਨਿਜੀਕਰਣ ਉੱਤੇ ਪਾਬੰਦੀ ਲਾਉਣ ਦੀ ਮੰਗ ਵੀ ਕੀਤੀ। ਇਸ ਮਹੀਨੇ ਦੇ ਅੰਤ ਵਿੱਚ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਐਨਡੀਪੀ ਕਾਕਸ ਵੱਲੋਂ ਤਿੰਨ ਦਿਨਾਂ ਲਈ ਮੁਲਾਕਾਤ ਕੀਤੀ ਜਾ ਰਹੀ ਹੈ। ਜਗਮੀਤ ਸਿੰਘ ਦੇ ਇਸ 30 ਮਿੰਟਾਂ ਦੇ ਭਾਸ਼ਣ ਮਗਰੋਂ ਐਨਡੀਪੀ ਕਾਕਸ ਵੱਲੋਂ ਉਨ੍ਹਾਂ ਨੂੰ ਸਟੈਂਡਿੰਗ ਓਵੇਸਨ ਦਿੱਤੀ ਗਈ।

 

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …