ਬੈਂਕ ਆਫ਼ ਕੈਨੇਡਾ ਦੇ ਗਵਰਨਰ ਨੇ ਵਿਆਜ ਦਰਾਂ ‘ਚ ਹੋਰ ਵਾਧੇ ਦੇ ਦਿੱਤੇ ਸੰਕੇਤ
ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ ਦਰਾਂ ਵਿੱਚ 3.25 ਫੀਸਦੀ ਤੋਂ 3.75 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਮਾਰਚ ਤੋਂ ਹੀ ਸੈਂਟਰਲ ਬੈਂਕ ਵੱਲੋਂ ਛੇ ਵਾਰੀ ਆਪਣੀ ਪਾਲਿਸੀ ਦਰ ਵਿੱਚ ਵਾਧਾ ਕੀਤਾ ਜਾ ਚੁੱਕਿਆ ਹੈ। ਇਹ ਸਭ ਬੈਂਕ ਵੱਲੋਂ ਮਹਿੰਗਾਈ ਉੱਤੇ ਕਾਬੂ ਪਾਉਣ ਤੇ ਆਪਣੇ ਪਹਿਲਾਂ ਵਾਲੇ 2 ਫੀਸਦੀ ਦੇ ਟੀਚੇ ਨੂੰ ਪੂਰਾ ਕਰਨ ਲਈ ਕੀਤਾ ਜਾ ਰਿਹਾ ਹੈ।
ਆਪਣੀ ਤਾਜਾ ਮੌਨੇਟਰੀ ਪਾਲਿਸੀ ਰਿਪੋਰਟ ਅਨੁਸਾਰ ਬੈਂਕ ਵੱਲੋਂ ਇਹ ਪੇਸ਼ੀਨਿਗੋਈ ਕੀਤੀ ਗਈ ਹੈ ਕਿ 2023 ਦੀ ਪਹਿਲੀ ਛਿਮਾਹੀ ਵਿੱਚ ਕੈਨੇਡਾ ਨੂੰ ਮੰਦਵਾੜੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟ ਵਿੱਚ ਆਖਿਆ ਗਿਆ ਹੈ ਕਿ 2022 ਦੇ ਅੰਤ ਵਿੱਚ ਤੇ 2023 ਦੇ ਪਹਿਲੇ ਮੱਧ ਵਿੱਚ ਕੁੱਲ ਘਰੇਲੂ ਉਤਪਾਦ ਦਰ 0 ਫੀਸਦੀ ਤੇ 0.5 ਫੀਸਦੀ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਬੈਂਕ ਵੱਲੋਂ ਇਹ ਭਵਿੱਖਬਾਣੀ ਵੀ ਕੀਤੀ ਗਈ ਹੈ ਕਿ ਕੈਨੇਡਾ ਦੀ ਵਿਕਾਸ ਦਰ ਇਸ ਸਾਲ 3.25 ਫੀਸਦੀ ਤੋਂ 2023 ਵਿੱਚ ਇੱਕ ਫੀ ਸਦੀ ਦੇ ਹੇਠਾਂ ਰਹਿ ਸਕਦੀ ਹੈ।
ਇਹ ਵੀ ਆਖਿਆ ਗਿਆ ਹੈ ਕਿ ਗਲੋਬਲ ਵਿਕਾਸ ਦਰ ਵੀ ਅਗਲੇ ਸਾਲ 1.5 ਫੀਸਦੀ ਤੱਕ ਰਹਿਣ ਦੀ ਸੰਭਾਵਨਾ ਹੈ। ਕੋਵਿਡ-19 ਮਹਾਂਮਾਰੀ ਤੇ 2008 ਦੇ ਵਿੱਤੀ ਸੰਕਟ ਨੂੰ ਛੱਡ ਕੇ 1982 ਤੋਂ ਐਨੀ ਮੱਠੀ ਵਿਕਾਸ ਦਰ ਪਹਿਲਾਂ ਕਦੇ ਨਹੀਂ ਵੇਖੀ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲੈਮ ਨੇ ਆਖਿਆ ਕਿ ਅਰਥਚਾਰੇ ਦਾ ਇਸ ਤਰ੍ਹਾਂ ਸੁੰਗੜਨਾ ਖਤਰਨਾਕ ਨਹੀਂ ਹੈ ਪਰ ਇਸ ਨਾਲ ਅਰਥਚਾਰੇ ਦੀ ਰਫਤਾਰ ਮੱਠੀ ਜਰੂਰ ਪੈ ਜਾਵੇਗੀ। ਆਉਣ ਵਾਲੇ ਸਮੇਂ ਵਿੱਚ ਮੈਕਲੈਮ ਨੇ ਵਿਆਜ ਦਰਾਂ ਵਿੱਚ ਹੋਰ ਵਾਧਾ ਹੋਣ ਦਾ ਸੰਕੇਤ ਵੀ ਦਿੱਤਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …