ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਨੇ ਆਪਣੀਆਂ ਮੁੱਖ ਵਿਆਜ਼ ਦਰਾਂ 0.5 ਫੀਸਦੀ ਤੋਂ 0.75 ਫੀਸਦੀ ਕਰ ਦਿੱਤੀਆਂ ਹਨ। ਸਤੰਬਰ 2010 ਤੋਂ ਲੈ ਕੇ ਹੁਣ ਤੱਕ ਹੋਇਆ ਇਹ ਪਹਿਲਾ ਵਾਧਾ ਹੈ। ਗਵਰਨਰ ਸਟੀਫਨ ਪੋਲੋਜ਼ ਨੇ ਓਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਿਹੜਾ ਕਦਮ ਅਸੀਂ ਅੱਜ ਚੁੱਕਿਆ ਹੈ ਉਸ ਨੂੰ ਅਰਥਚਾਰਾ ਬੜੀ ਚੰਗੀ ਤਰ੍ਹਾਂ ਸਾਂਭ ਸਕਦਾ ਹੈ। ਉਨ੍ਹਾਂ ਦੇਸ਼ ਦੇ ਅਰਥਚਾਰੇ ਦੀ ਮੌਜੂਦਾ ਤਸਵੀਰ ਨੂੰ ਮੁੱਖ ਰੱਖਦਿਆਂ ਆਖਿਆ ਕਿ ਸੈਂਟਰਲ ਬੈਂਕ ਨੂੰ ਦੇਸ਼ ਦੇ ਅਰਥਚਾਰੇ ਵਿੱਚ ਪੂਰਾ ਯਕੀਨ ਹੈ। ਸਗੋਂ ਸਾਲ ਦੇ ਸ਼ੁਰੂ ਵਿੱਚ ਜਿਹੜੀ ਸਥਿਤੀ ਸੀ ਉਸ ਦੇ ਮੁਕਾਬਲੇ ਹੁਣ ਐਕਸਪੋਰਟ ਕਰਨ ਤੇ ਕਾਰੋਬਾਰ ਵਿੱਚ ਨਿਵੇਸ਼ ਲਈ ਚੰਗਾ ਮੌਕਾ ਹੈ। ਜ਼ਿਕਰਯੋਗ ਹੈ ਕਿ 2015 ਵਿੱਚ ਤੇਲ ਦੀਆਂ ਕੀਮਤਾਂ ਦੇ ਗੋਤਾ ਖਾਣ ਤੋਂ ਬਾਅਦ ਅਰਥਚਾਰੇ ਨੂੰ ਸਹਾਰਾ ਦੇਣ ਲਈ ਬੈਂਕ ਆਫ ਕੈਨੇਡਾ ਨੇ ਦੋ ਵਾਰੀ ਵਿਆਜ਼ ਦਰਾਂ ਵਿੱਚ ਕਟੌਤੀ ਕੀਤੀ ਸੀ। ਪਰ ਪੋਲੋਜ਼ ਦਾ ਕਹਿਣਾ ਹੈ ਕਿ ਅਰਥਚਾਰੇ ਨੂੰ ਹੁਣ ਇਸ ਤਰ੍ਹਾਂ ਸਹਾਰਾ ਦੇਣ ਦੀ ਲੋੜ ਨਹੀਂ ਹੈ। ਇਸ ਵਾਧੇ ਤੋਂ ਬਾਅਦ ਦੇਸ਼ ਦੇ ਹੋਰ ਵੱਡੇ ਬੈਂਕ ਵੀ ਆਪਣੀਆਂ ਵਿਆਜ਼ ਦਰਾਂ ਵਿੱਚ ਵਾਧਾ ਕਰ ਸਕਦੇ ਹਨ। ਜਿਸ ਨਾਲ ਮਾਰਗੇਜ ਦਰਾਂ, ਹੋਮ ਇਕੁਇਟੀ ਲਾਈਨਜ਼ ਆਫ ਕ੍ਰੈਡਿਟ ਤੇ ਹੋਰ ਲੋਨ ਦਰਾਂ ਵਿੱਚ ਵੀ ਵਾਧਾ ਹੋਣਾ ਤੈਅ ਹੈ। ਪੋਲੋਜ਼ ਨੇ ਨੇੜ ਭਵਿੱਖ ਵਿੱਚ ਵਿਆਜ਼ ਦਰਾਂ ਵਿੱਚ ਹੋਰ ਵਾਧੇ ਦਾ ਸੰਕੇਤ ਵੀ ਦਿੱਤਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …