ਲਿਬਰਲ ਪਾਰਟੀ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਨੂੰ ਆਪਣਾ ਨੇਤਾ ਚੁਣਿਆ
ਅਮਰੀਕਾ ‘ਤੇ ਜਵਾਬੀ ਟੈਰਿਫ ਲਾਉਣਾ ਜਾਰੀ ਰੱਖਣ ਦਾ ਕੀਤਾ ਐਲਾਨ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਮਾਰਕ ਕਾਰਨੇ ਨੂੰ ਆਪਣਾ ਨੇਤਾ ਚੁਣਿਆ ਹੈ ਅਤੇ ਹੁਣ ਉਹ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਕਾਰਨੇ ਦੇ ਹੱਥ ਕਮਾਨ ਅਜਿਹੇ ਮੌਕੇ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਰਿਫ (ਟੈਕਸ) ਜੰਗ ਛੇੜੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਕੈਨੇਡਾ ਨੂੰ 51ਵੇਂ ਰਾਜ ਵੱਲੋਂ ਆਪਣੇ ਵਿਚ ਸ਼ਾਮਲ ਕਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਕਾਰਨੇ ਨੇ ਵੀ ਅਮਰੀਕਾ ‘ਤੇ ਜਵਾਬੀ ਟੈਰਿਫ ਲਾਉਣਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਕਾਰਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣਗੇ, ਜਿਨ੍ਹਾਂ ਨੇ ਜਨਵਰੀ ਵਿੱਚ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ। ਕਾਰਨੇ ਕਿਸੇ ਵੇਲੇ ਜਸਟਿਨ ਟਰੂਡੋ ਦੀ ਥਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਉਹ ਸੰਸਦ ਮੈਂਬਰ ਨਾ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਬਣਨਗੇ। 1984 ‘ਚ ਜਸਟਿਨ ਟਰੂਡੋ ਦੇ ਪਿਤਾ ਪੀਅਰ ਟਰੂਡੋ ਦੀ ਥਾਂ ਪ੍ਰਧਾਨ ਮੰਤਰੀ ਬਣਨ ਵਾਲੇ ਜੌਹਨ ਟਰਨਰ ਵੀ ਅਹੁਦਾ ਸੰਭਾਲਣ ਵੇਲੇ ਸੰਸਦ ਮੈਂਬਰ ਨਹੀਂ ਸਨ। ਆਗੂ ਦੀ ਚੋਣ ਲਈ ਮਾਰਕ ਕਾਰਨੇ ਨੂੰ 85.9 ਫੀਸਦ ਵੋਟਾਂ ਮਿਲੀਆਂ। ਇਸੇ ਤਰ੍ਹਾਂ ਸਾਬਕਾ ਵਿੱਤ ਮੰਤਰੀ ਤੇ ਦੇਸ਼ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ 8 ਫੀਸਦ, ਸਾਬਕ ਮੰਤਰੀ ਕਰੀਨਾ ਗੋਲਡ ਨੂੰ 3.2 ਫੀਸਦ ਤੇ ਫਰੈਂਕ ਬੈਲਿਸ ਨੂੰ 3 ਫੀਸਦ ਵੋਟਾਂ ਨਾਲ ਸਬਰ ਕਰਨਾ ਪਿਆ। ਕਾਰਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਹਨ ਅਤੇ ਬੈਂਕ ਆਫ ਇੰਗਲੈਂਡ ਵਿੱਚ ਵੀ ਅਹਿਮ ਅਹੁਦਿਆਂ ‘ਤੇ ਸੇਵਾ ਨਿਭਾਅ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਮਹੱਤਵਪੂਰਨ ਅਹੁਦਿਆਂ ‘ਤੇ ਰਹਿਣ ਕਰਕੇ ਉਹ ਦੇਸ਼ ਨੂੰ ਆਰਥਿਕ ਚੁਣੌਤੀਆਂ ਤੋਂ ਬਾਹਰ ਕੱਢਣ ਵਿੱਚ ਸਫਲ ਹੋਣਗੇ। ਆਰਥਿਕ ਮਾਹਿਰ ਵਜੋਂ ਮਸ਼ਹੂਰ ਕਾਰਨੇ ਨੇ ਚੋਣ ਜਿੱਤਣ ਤੋਂ ਬਾਅਦ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਜਿਹੇ ਮੌਕੇ ਦੇਸ਼ ਦੀ ਵਾਗਡੋਰ ਸੰਭਾਲ ਰਹੇ ਹਨ, ਜਦੋਂ ਦੇਸ਼ ਚੁਫੇਰਿਓਂ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਨੀਤੀਆਂ ਅਤੇ ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਇਹ ਔਖਾ ਪੈਂਡਾ ਤੈਅ ਕਰ ਲੈਣਗੇ ਤੇ ਕੈਨੇਡਾ ਦੀ ਥਿੜਕੀ ਹੋਈ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਦੇ ਨਾਲ-ਨਾਲ ਇਸ ਨੂੰ ਮਜ਼ਬੂਤੀ ਵੱਲ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਕੈਨੇਡਾ ਉਦੋਂ ਤੱਕ ਜਵਾਬੀ ਟੈਰਿਫ ਲਾਗੂ ਰੱਖੇਗਾ, ਜਦੋਂ ਤੱਕ ਅਮਰੀਕਾ ਇਸ ਨੂੰ ਜਾਰੀ ਰੱਖਦਾ ਹੈ। ਉਨ੍ਹਾਂ ਕਿਹਾ, ‘ਅਸੀਂ ਇਹ ਲੜਾਈ ਸ਼ੁਰੂ ਨਹੀਂ ਕੀਤੀ ਪਰ ਜਦੋਂ ਕੋਈ ਤੰਗ ਕਰਦਾ ਹੈ ਤਾਂ ਕੈਨੇਡਾ ਵਾਸੀ ਉਸ ਨੂੰ ਛੱਡਦੇ ਵੀ ਨਹੀਂ।’ ਉਨ੍ਹਾਂ ਕਿਹਾ, ‘ਅਮਰੀਕਾ ਕੈਨੇਡਾ ਨਹੀਂ ਹੈ ਅਤੇ ਕੈਨੇਡਾ ਕਦੇ ਵੀ ਕਿਸੇ ਵੀ ਰੂਪ ਵਿੱਚ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ।’ ਜਸਟਿਨ ਟਰੂਡੋ ਦੀ ਬੇਟੀ ਐਲਾ ਗ੍ਰੇਸ ਨੇ ਕਿਹਾ ਕਿ ਉਸ ਨੂੰ ਆਪਣੇ ਪਿਤਾ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ‘ਤੇ ਮਾਣ ਹੈ।
ਐੱਨਡੀਪੀ ਤੇ ਕੰਸਰਵੇਟਿਵ ਆਗੂਆਂ ਨੇ ਦਿੱਤੀ ਵਧਾਈ
ਐੱਨਡੀਪੀ ਪ੍ਰਧਾਨ ਜਗਮੀਤ ਸਿੰਘ ਨੇ ਚੋਣ ਜਿੱਤਣ ‘ਤੇ ਮਾਰਕ ਕਾਰਨੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਨਵੇਂ ਪ੍ਰਧਾਨ ਮੰਤਰੀ ਤੋਂ ਵੱਡੀਆਂ ਉਮੀਦਾਂ ਹਨ। ਕੰਸਰਵੇਟਿਵ ਆਗੂ ਪੀਅਰ ਪੋਲੀਵਰ ਨੇ ਵੀ ਕਾਰਨੇ ਨੂੰ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਚਿਹਰੇ ਬਦਲ ਕੇ ਚੌਥੀ ਵਾਰ ਸਰਕਾਰ ਬਣਾਉਣ ਦੇ ਸੁਪਨੇ ਦੇਖਣੇ ਛੱਡ ਦੇਵੇ।
ਕਾਰਨੇ ਦੀਆਂ ਨੀਤੀਆਂ ‘ਤੇ ਰਹੇਗੀ ਭਾਰਤ ਦੀ ਨਜ਼ਰ
ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਮਗਰੋਂ ਮਾਰਕ ਕਾਰਨੇ ਨੂੰ ਘਰੇਲੂ ਤੇ ਕੌਮਾਂਤਰੀ ਪੱਧਰ ‘ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਾਰਨੇ ਦਾ ਤੁਰੰਤ ਧਿਆਨ ਘਰੇਲੂ ਮੁੱਦਿਆਂ ‘ਤੇ ਹੋਵੇਗਾ ਪਰ ਕੀ ਉਨ੍ਹਾਂ ਦੇ ਆਉਣ ਅਤੇ ਜਸਟਿਨ ਟਰੂਡੋ ਦੇ ਜਾਣ ਮਗਰੋਂ ਭਾਰਤ ਨਾਲ ਕੈਨੇਡਾ ਦੇ ਤਣਾਅਪੂਰਨ ਸਬੰਧਾਂ ਵਿੱਚ ਸੁਧਾਰ ਹੋਵੇਗਾ, ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ। ਕਾਰਨੇ ਦੀਆਂ ਨੀਤੀਆਂ ‘ਤੇ ਭਾਰਤ ਦੀ ਨੇੜਿਓਂ ਨਜ਼ਰ ਰਹੇਗੀ। ਕਾਰਨੇ ਅਜਿਹੇ ਸਮੇਂ ਦੇਸ਼ ਦੀ ਅਗਵਾਈ ਕਰਨਗੇ, ਜਦੋਂ ਕੈਨੇਡਾ-ਭਾਰਤ ਰਿਸ਼ਤੇ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਵਪਾਰ ਇਕ ਅਜਿਹਾ ਖੇਤਰ ਹੈ, ਜਿਸ ਵਿੱਚ ਕਾਰਨੇ ਦੀ ਅਗਵਾਈ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕੈਨੇਡਾ ਦੀਆਂ ਇਮੀਗ੍ਰੇਸ਼ਨ ਤੇ ਸਿੱਖਿਆ ਨੀਤੀਆਂ ‘ਤੇ ਵੀ ਭਾਰਤੀਆਂ ਦੀ ਨਜ਼ਰ ਹੋਵੇਗੀ। ਕੈਨੇਡਾ ‘ਚ ਪੜ੍ਹ ਰਹੇ ਕੌਮਾਂਤਰੀ ਵਿਦਿਆਰਥੀਆਂ ‘ਚੋਂ ਵੱਡੀ ਗਿਣਤੀ ਭਾਰਤੀਆਂ ਦੀ ਹੈ ਪਰ ਵਿਦਿਆਰਥੀ ਪਰਮਿਟਾਂ ‘ਤੇ ਹਾਲ ਹੀ ਵਿੱਚ ਲਾਈਆਂ ਪਾਬੰਦੀਆਂ ਅਤੇ ਵਰਕ ਪਰਮਿਟ ਜਾਰੀ ਕਰਨ ਦੇ ਨਿਯਮਾਂ ਵਿੱਚ ਹੋਰ ਤਬਦੀਲੀਆਂ ਨੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲਾ ਦਿੱਤਾ ਹੈ। ਇਨ੍ਹਾਂ ਮੁੱਦਿਆਂ ‘ਤੇ ਵੀ ਕਾਰਨੇ ਦਾ ਰੁਖ ਹਾਲੇ ਸਪੱਸ਼ਟ ਨਹੀਂ ਹੈ।
ਜਿੰਨਾ ਲੋਕ ਮੈਨੂੰ ਚਾਹੁੰਦੇ ਹਨ, ਉਸ ਤੋਂ ਜ਼ਿਆਦਾ ਕਰਕੇ ਦਿਖਾਵਾਂਗਾ : ਕਾਰਨੀ
ਓਟਾਵਾ : ਲਿਬਰਲ ਨੇਤਾ ਤੇ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਜਾ ਰਹੇ ਮਾਰਕ ਕਾਰਨੀ ਨੇ ਜਸਟਿਨ ਟਰੂਡੋ ਨਾਲ ਮੁਲਾਕਾਤ ਤੋਂ ਬਾਅਦ ਨਿਰਵਿਘਨ ਤੇ ਜਲਦੀ ਬਦਲਾਵ ਦਾ ਵਾਅਦਾ ਕੀਤਾ ਹੈ। ਕਾਰਨੀ ਨੇ ਪਾਰਲੀਮੈਂਟ ਹਿੱਲ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਛੇਤੀ ਹੀ ਤੁਹਾਡੇ ਕੋਲ ਵਾਪਿਸ ਆਵਾਂਗੇ। ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਜਿੰਨਾ ਚਾਹੁੰਦੇ ਹੋ, ਉਸ ਤੋਂ ਵੀ ਕਿਤੇ ਜ਼ਿਆਦਾ ਕਰਕੇ ਦਿਖਾਵਾਂਗਾ। ਉਨ੍ਹਾਂ ਵਾਅਦਾ ਕੀਤਾ ਕਿ ਉਹ ਛੇਤੀ ਹੀ ਅਗਲੇ ਕਦਮਾਂ ਦਾ ਐਲਾਨ ਕਰਨਗੇ। ਉਨ੍ਹਾਂ ਨੂੰ ਲਿਬਰਲ ਪਾਰਟੀ ਵਲੋਂ ਮਿਲੇ ਫਤਵੇ ਨਾਲ ਮਾਣ ਮਹਿਸੂਸ ਹੋ ਰਿਹਾ ਹੈ।
Check Also
‘ਪਰਵਾਸੀ ਮੀਡੀਆ ਗਰੁੱਪ’ ਦੇ ਸੰਸਥਾਪਕ ਤੇ ਚੇਅਰਮੈਨ
ਰਜਿੰਦਰ ਸੈਣੀ ‘ਵੱਕਾਰੀ ਕਿੰਗ ਚਾਰਲਸ III ਤਾਜਪੋਸ਼ੀ ਮੈਡਲ’ ਨਾਲ ਸਨਮਾਨਿਤ ਟੋਰਾਂਟੋ : ਕੈਨੇਡਾ ‘ਚ ਸਾਊਥ …