Breaking News
Home / ਨਜ਼ਰੀਆ / ਬਾਲਾਂ ਲਈ ਵਿਗਿਆਨ ਗਲਪ ਕਹਾਣੀ

ਬਾਲਾਂ ਲਈ ਵਿਗਿਆਨ ਗਲਪ ਕਹਾਣੀ

ਰੋਬੋਟ, ਬੱਚੇ ਤੇ ਉੱਡਣ-ਤਸ਼ਤਰੀ
ਡਾ. ਦੇਵਿੰਦਰ ਪਾਲ ਸਿੰਘ
ਪੱਤਝੜ ਦਾ ਮੌਸਮ ਸੀ। ਹਲਕੀ ਹਲਕੀ ਠੰਡਕ ਸਭ ਪਾਸੇ ਫੈਲੀ ਹੋਈ ਸੀ। ਦਿਨ ਢਲ ਚੁੱਕਾ ਸੀ।
ਪਿੰਡ ਤੋਂ ਬਾਹਰ ਖੁੱਲ੍ਹੇ ਮੈਦਾਨ ਵਿਚ ਬੱਚੇ ਖਿੱਦੋ-ਖੂੰਡੀ ਦੀ ਖੇਡ ਵਿਚ ਮਗਨ ਸਨ। ਇਕ ਖਿਡਾਰੀ ਵਲੋਂ ਖਿੱਦੋ ਨੂੰ ਖੂੰਡੀ ਨਾਲ ਜ਼ੋਰ ਦੀ ਹਿੱਟ ਮਾਰਦਿਆਂ ਹੀ ਸਾਰੇ ਖਿਡਾਰੀ ਪੂਰੇ ਜ਼ੋਰ ਨਾਲ ਖਿੱਦੋ ਪਿੱਛੇ ਨੱਠ ਉੱਠਦੇ। ਹਰ ਕੋਈ ਦੂਸਰੇ ਤੋਂ ਪਹਿਲਾਂ ਖਿੱਦੋਂ ਕੋਲ ਪਹੁੰਚ ਉਸ ਨੂੰ ਹਿੱਟ ਕਰਨ ਦੀ ਤਾਂਘ ਵਿਚ ਸੀ।
ਤਦ ਹੀ ਉਨ੍ਹਾਂ ਦੇ ਸਿਰਾਂ ਉਪਰ ਫੈਲੇ ਅੰਬਰ ਨੂੰ ਚੀਰਦੀ ਇਕ ਚਪਟੀ ਜਿਹੀ ਉੱਡਣ ਤਸ਼ਤਰੀ ਹੇਠਾਂ ਵੱਲ ਆਉਣ ਲੱਗੀ। ਸ਼ਾਇਦ ਉਨ੍ਹਾਂ ਨੂੰ ਇਸ ਦੇ ਆਉਣ ਦਾ ਪਤਾ ਨਹੀਂ ਸੀ ਲੱਗਾ ਇਸੇ ਲਈ ਕਿਸੇ ਨੇ ਵੀ ਇਸ ਵੱਲ ਨਾ ਝਾਕਿਆ।
ਜਿਵੇਂ ਹੀ ਇਹ ਉੱਡਣ ਤਸ਼ਤਰੀ, ਧਰਤੀ ਦੇ ਹਵਾਈ ਗਿਲਾਫ਼ ਨੂੰ ਚੀਰਦੀ ਹੋਈ, ਹੇਠਾਂ ਵੱਲ ਵਧੀ, ਕੋਈ ਆਵਾਜ਼ ਤਾਂ ਸੁਣਾਈ ਨਾ ਦਿੱਤੀ। ਪਰ ਸ਼ਾਇਦ ਉਨ੍ਹਾਂ ਨੂੰ ਹਵਾ ਵਿਚ ਗਰਮੀ ਦੇ ਵਾਧੇ ਦਾ ਅਹਿਸਾਸ ਜ਼ਰੂਰ ਹੋਇਆ ਹੋਵੇਗਾ।
ਤੇਜ਼ੀ ਨਾਲ ਹੇਠਾਂ ਵੱਲ ਆ ਰਹੀ ਉੱਡਣ ਤਸ਼ਤਰੀ ਦਾ ਆਕਾਰ ਹੁਣ ਕਾਫ਼ੀ ਵੱਡਾ ਨਜ਼ਰ ਆ ਰਿਹਾ ਸੀ। ਖੇਡ ਦੇ ਮੈਦਾਨ ਦੇ ਪਾਰਲੇ ਸਿਰੇ ਕੋਲ ਉੱਗੇ ਰੁੱਖਾਂ ਦੇ ਝੁੰਡ ਉਪਰ ਮੰਡਰਾ ਰਹੀ ਇਹ ਤਸ਼ਤਰੀ, ਹੁਣ ਇਕ ਵੱਡੇ ਅੰਡਾਕਾਰੀ ਸਿਲੰਡਰ ਦਾ ਰੂਪ ਧਾਰ ਚੁੱਕੀ ਸੀ।
ਸੁਨਿਹਰੀ ਧੁੱਪ ਵਿਚ ਲਿਸ਼ਕ ਰਿਹਾ ਸਲੇਟੀ ਰੰਗਾ ਇਹ ਸਿਲੰਡਰ, ਹਵਾ ਵਿਚ ਇਕ ਪਲ ਲਈ ਠਿਠਕਿਆ ਤੇ ਫਿਰ ਹੇਠਾਂ ਆਉਣ ਲੱਗਾ। ਗਰਮ ਸਿਲੰਡਰ ਦੇ ਸੇਕ ਨੇ ਰੁੱਖਾਂ ਦੇ ਪੈਰਾਂ ਕੋਲ ਮੌਜੂਦ ਹਰੇ ਭਰੇ ਘਾਹ ਨੂੰ ਦੂਰ ਦੂਰ ਤਕ ਭੁੰਨ ਕੇ ਰੱਖ ਦਿੱਤਾ।
ਤਦ ਹੀ ਸਿਲੰਡਰ ਵਿਚੋਂ ਅੰਗਰੇਜ਼ੀ ਦੇ ਅੱਖਰ ‘V’ ਵਰਗੇ ਲੋਹੇ ਦੇ ਚਾਰ ਸਟੈਂਡ ਨਿਕਲੇ, ਜਿਨ੍ਹਾਂ ਦਾ ਨੋਕੀਲਾ ਹਿੱਸਾ ਧਰਤੀ ਵਿਚ ਆ ਖੁੱਭਿਆ। ਹੁਣ ਇਹ ਸਿਲੰਡਰ ਬੜੇ ਸਹਿਜ ਨਾਲ ਧਰਤੀ ਉੱਤੇ ਟਿੱਕ ਚੁੱਕਾ ਸੀ। ਬੱਚਿਆਂ ਦੀ ਅਜੇ ਇਸ ਉੱਤੇ ਨਜ਼ਰ ਨਹੀਂ ਸੀ ਪਈ। ਪਰ ਹਵਾ ਵਿਚ ਅਚਾਨਕ ਫੈਲੀ ਗਰਮੀ ਕਾਰਣ ਉਹ ਤਲਖ਼ੀ ਮਹਿਸੂਸ ਕਰ ਰਹੇ ਸਨ।
ਮਾਰੇ ਤਲਖ਼ੀ ਦੇ ਉਨ੍ਹਾਂ ਆਸੇ ਪਾਸੇ ਨਜ਼ਰ ਮਾਰੀ। ਤਦ ਹੀ ਇਕ ਬੱਚੇ ਦੀ ਨਜ਼ਰ, ਮੈਦਾਨ ਦੇ ਪਾਰਲੇ ਪਾਰ, ਰੁੱਖਾਂ ਦੇ ਝੁੰਡ ਕੋਲ, ਢਲ ਰਹੇ ਸੂਰਜ ਦੀ ਤਿੱਖੀ ਰੌਸ਼ਨੀ ਵਿਚ ਚਮਕ ਰਹੇ ਸਿਲੰਡਰ ਉੱਤੇ ਜਾ ਪਈ।
‘ਦੇਖੋ! ਦੇਖੋ!’ ਰੁੱਖਾਂ ਦੇ ਝੁੰਡ ਵਲ ਇਸ਼ਾਰਾ ਕਰਦਿਆ ਉਹ ਚੀਖਿਆ। ‘ਓਹ ਕੀ ਹੈ?’ ਕਿਸੇ ਹੋਰ ਦੇ ਬੋਲ ਸਨ। ‘ਚਲੋ ਦੇਖੀਏ।’ ਉਹ ਸਾਰੇ ਖਿੱਦੋ-ਖੂੰਡੀ ਦੀ ਖੇਡ ਭੁੱਲ, ਸ਼ੂਟ ਵੱਟ ਇਸ ਅਜੀਬ ਚੀਜ਼ ਵੱਲ ਨੱਠ ਪਏ। ਜਿਵੇਂ ਹੀ ਉਹ ਇਸ ਕੋਲ ਪੁੱਜੇ ਇਹ ਸਲੇਟੀ ਰੰਗੀ ਧਾਂਤ ਦਾ ਵੱਡਾ ਸਿਲੰਡਰ ਸੀ। ਦੇਖਣ ਵਿਚ ਇਹ ਕਿਸੇ ਡਾਇਨਾਸੋਰ ਦੇ ਅੰਡੇ ਵਰਗਾ ਲੱਗ ਰਿਹਾ ਸੀ। ਇਹ ਵੱਡਾ-ਮੋਟਾ ਸਿਲੰਡਰ ਧਰਤੀ ਵਿਚ ਖੁੱਭੀਆਂ ਲੋਹੇ ਦੀਆਂ ਸਲਾਖ਼ਾਂ ਉੱਤੇ ਟਿਕਿਆ ਹੋਇਆ ਸੀ। ਸਿਲੰਡਰ ਦੇ ਵਿਚਕਾਰਲੇ ਭਾਗ ਵਿਖੇ ਅੰਡਾਕਾਰੀ ਸ਼ਕਲ ਵਾਲੀਆਂ ਕਈ ਖਿੜਕੀਆਂ ਸਨ ਜਿਨ੍ਹਾਂ ਉਪਰ ਕੱਚ ਦੀ ਪਾਰਦਰਸ਼ਕ ਪਰਤ ਸੀ। ਇਨ੍ਹਾਂ ਸਾਰੀਆਂ ਖਿੜਕੀਆਂ ਰਾਹੀਂ ਜਾਮੁਨੀ ਰੰਗ ਦਾ ਕੋਈ ਪਰਦਾ ਨਜ਼ਰ ਆ ਰਿਹਾ ਸੀ। ਉਸ ਪਰਦੇ ਦੇ ਪਿੱਛੇ ਕੀ ਛੁੱਪਿਆ ਹੋਇਆ ਸੀ, ਕੋਈ ਨਹੀਂ ਸੀ ਜਾਣਦਾ।
ਇਸ ਅਨੋਖੀ ਲੱਭਤ ਬਾਰੇ ਜਾਨਣ ਲਈ ਚਾਹਵਾਨ ਬੱਚਿਆਂ ਦੀ ਟੋਲੀ ਵਿਚੋਂ ਉੱਚੇ ਲੰਮੇ ਕੱਦ ਵਾਲੇ ਦੀਪੂ ਨੇ ਦਲੇਰੀ ਵਿਖਾਉਂਦੇ ਹੋਏ ਅੱਗੇ ਵਧ ਸਿਲੰਡਰ ਨੂੰ ਜਿਵੇਂ ਹੀ ਛੂੰਹਿਆ, ਉਹ ਚੀਖ ਮਾਰ ਪਿੱਛੇ ਹਟ ਗਿਆ। ਗਰਮ ਧਾਂਤ ਨੇ ਤਾਂ ਉਸ ਦਾ ਹੱਥ ਹੀ ਜਲਾ ਦਿੱਤਾ ਸੀ। ਸ਼ਰਮਿੰਦਗੀ ਭਰੇ ਅਹਿਸਾਸ ਨਾਲ, ਉਹ ਸੋਚ ਰਿਹਾ ਸੀ ”ਕਰਿਓਸਟੀ ਕਿੱਲਡ ਦਾ ਕੈਟ” ਵਾਲੀ ਕਹਾਵਤ ਸੱਚ ਹੀ ਹੈ।
ਤਦ ਹੀ ਸਿਲੰਡਰ ਵਿਚ ਥੋੜ੍ਹੀ ਹਲਚਲ ਮਹਿਸੂਸ ਹੋਈ। ਜਿਵੇਂ ਇਸ ਦੇ ਅੰਦਰ ਕੋਈ ਚਲ ਰਿਹਾ ਹੋਵੇ। ਸਾਰੇ ਬੱਚੇ ਡਰਦੇ ਮਾਰੇ ਪਿੱਛੇ ਹਟ ਗਏ। ਉਹ ਇਕ ਦੂਜੇ ਵੱਲ ਇੰਝ ਝਾਂਕ ਰਹੇ ਸਨ ਜਿਵੇਂ ਕਿ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਹੁਣੇ ਹੀ ਉਡਣ-ਛੂੰ ਹੋ ਜਾਣਗੇ। ਪਰ ਡਰਪੋਕ ਕਹਾਉਣ ਦੇ ਡਰੋਂ ਕੋਈ ਵੀ ਨੱਠ ਜਾਣ ਦੀ ਪਹਿਲ ਨਹੀਂ ਸੀ ਕਰਨਾ ਚਾਹੁੰਦਾ।
ਪਰ ਹੁਣ ਤਾਂ ਅਜਿਹਾ ਕਰਨ ਲਈ ਸਮਾਂ ਵੀ ਨਹੀਂ ਸੀ ਬਚਿਆ। ਉਨ੍ਹਾਂ ਦੇ ਠੀਕ ਸਾਹਮਣੇ, ਸਿਲੰਡਰ ਦੀ ਦੀਵਾਰ ਦਾ ਇਕ ਆਇਤਾਕਾਰ ਹਿੱਸਾ ਠਾਹ ਕਰਦਾ ਜ਼ਮੀਨ ਉੱਤੇ ਆ ਡਿੱਗਿਆ।
ਧਾਂਤ ਦੇ ਇਸ ਆਇਤਾਕਾਰ ਟੋਟੇ ਹੇਠੋਂ ਛੋਟਾ ਟਿੰਕੂ ਰੀਂਗਦਾ ਹੋਇਆ ਬਾਹਰ ਆਇਆ। ਉਸ ਦੇ ਸਿਰ ਉਪਰਲੇ ਵਾਲਾਂ ਦਾ ਵੱਡਾ ਹਿੱਸਾ ਜਲ ਚੁੱਕਾ ਸੀ ਤੇ ਉਸ ਥਾਂ ਲਾਲ ਸੂਹੀ ਟਿੰਡ ਨਜ਼ਰ ਆ ਰਹੀ ਸੀ। ਆਪਣੀ ਟਿੰਡ ਮਲਦਾ ਹੋਇਆ ਉਹ ਗੁੱਸੇ ਵਿਚ ਅਜਿਹੇ ਬੋਲ-ਕੁਬੋਲ ਬੋਲ ਰਿਹਾ ਸੀ ਜੋ ਉਸ ਦੀ ਉਮਰ ਅਨੁਸਾਰ ਬਿਲਕੁਲ ਹੀ ਨਾਵਾਜਿਬ ਸਨ।
ਸੂਰਜ ਦੀ ਸੁਨਿਹਰੀ ਟਿੱਕੀ ਹੁਣ ਆਪਣੇ ਦਿਨ ਦੇ ਆਖਰੀ ਪੜਾਅ ਵੱਲ ਵੱਧ ਰਹੀ ਸੀ। ਰੁੱਖਾਂ ਦੇ ਝੁੰਡ ਦੇ ਲੰਮੇ ਕਾਲੇ ਪਰਛਾਵੇਂ ਨੇ ਸਿਲੰਡਰ ਦੇ ਖੁੱਲੇ ਹਿੱਸੇ ਨੂੰ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ। ਇਸ ਸਿਆਹ ਕਾਲੇ ਹਨ੍ਹੇਰੇ ਵਿਚ ਕਿਸੇ ਦੇ ਚੱਲਣ ਦੀ ਮੱਧਮ ਜਿਹੀ ਆਵਾਜ਼ ਸੁਣਾਈ ਦੇ ਰਹੀ ਸੀ। ਸਾਰੇ ਬੱਚੇ ਡਰ ਤੇ ਹੈਰਾਨੀ ਭਰੀ ਜਗਿਆਸਾ ਨਾਲ ਇਹ ਨਜ਼ਾਰਾ ਦੇਖ ਰਹੇ ਸਨ।
——
ਟੋਬੋਰ ਆਪਣੇ ਪੁਲਾੜੀਵਾਹਣ ਦੇ ਖੁੱਲੇ ਬੂਹੇ ਕੋਲ ਪਲ ਕੁ ਲਈ ਰੁਕਿਆ ਤੇ ਫਿਰ ਹੇਠਾਂ ਵੱਲ ਲਟਕੀ ਧਾਂਤ ਦੀ ਸ਼ੀਟ ਉੱਤੇ ਖਿਸਕਦਾ ਹੋਇਆ ਧਰਤੀ ਉੱਤੇ ਆ ਟਿਕਿਆ।
ਟੋਬੋਰ, ਧਾਂਤ ਤੇ ਪਲਾਸਟਿਕ ਦੇ ਟੁਕੜਿਆਂ ਨਾਲ ਲੈਸ ਮਕਾਨਕੀ ਰੋਬਟ ਸੀ। ਜੋ ਛੇ ਪਹੀਆਂ ਵਾਲੇ ਇਕ ਛੋਟੇ ਜਿਹੇ ਪਲੇਟਫਾਰਮ ਉੱਤੇ ਜੜ੍ਹਿਆ ਹੋਇਆ ਸੀ। ਜਿਵੇਂ ਹੀ ਟੋਬੋਰ ਸੜ੍ਹੇ ਹੋਏ ਘਾਹ ਉੱਤੇ ਉਤਰਿਆ, ਉਹ ਥੋੜ੍ਹਾ ਹਿਚਕਚਾਇਆ, ਜਿਵੇਂ ਕਿਸੇ ਉਲਝਣ ਵਿਚ ਹੋਏ। ਤੇ ਫਿਰ ਉਹ ਆਪਣੇ ਰਾਹ ਦੀ ਟੋਹ ਲਗਾਉਂਦਾ, ਉੱਚੀ ਨੀਵੀਆਂ ਥਾਵਾਂ ਉੱਤੇ ਡਿਕੋਡੋਲੇ ਖਾਂਦਾ, ਅੱਗੇ ਵੱਲ ਚਲ ਪਿਆ।
ਲਾਲ ਸੂਹੀ ਟਿੰਡ ਵਾਲੇ ਟਿੰਕੂ ਨੇ ਟੋਬੋਰ ਨੂੰ ਫੜ੍ਹਣ ਲਈ ਜਿਵੇਂ ਹੀ ਹੱਥ ਵਧਾਇਆ, ਟੋਬੋਰ ਦੀ ਇਕ ਬਾਂਹ ਤੇਜ਼ੀ ਨਾਲ ਉਪਰ ਵਲ ਉੱਠੀ, ਜਿਵੇਂ ਉਹ ਹਮਲਾਵਰ ਦਾ ਮੁਕਾਬਲਾ ਕਰਨ ਲਈ ਪਹਿਲਾਂ ਹੀ ਤਿਆਰ ਸੀ। ਟਿੰਕੂ ਘਬਰਾ ਕੇ ਪਿੱਛੇ ਹਟ ਗਿਆ।
ਤਦ ਹੀ ਇਕ ਨੌਜੁਆਨ ਬੱਚਿਆਂ ਦੀ ਟੋਲੀ ਨੂੰ ਸੰਬੋਧਿਤ ਕਰਦਾ ਬੋਲਿਆ:
‘ਤੁਸੀਂ ਸਾਰੇ ਇਥੇ ਕਰ ਕੀ ਰਹੇ ਹੋ?’
‘ਕੁਝ ਨਹੀਂ’ ਕਿਸੇ ਨੇ ਕਿਹਾ।
‘ਖੇਲ ਹੀ ਤਾਂ ਰਹੇ ਹਾਂ।’ ਕਿਸੇ ਹੋਰ ਦੇ ਬੋਲ ਸਨ।
‘ਚੰਗਾ! ਪਰ ਧਿਆਨ ਰਹੇ ਕਿ ਕਿਸੇ ਨੇ ਇਸ ਮਸ਼ੀਨ ਨੂੰ ਬਹੁਤ ਮਿਹਨਤ ਨਾਲ ਬਣਾਇਆ ਹੈ।’ ਨੌਜੁਆਨ ਦੇ ਰੋਹਬ ਭਰੇ ਬੋਲ ਸਨ।
‘ਜੀ! ਜਰੂਰ।’ ਟੋਲੀ ਵਿਚੋਂ ਕੋਈ ਹੋਰ ਬੋਲਿਆ।
ਪਹਿਲਾਂ ਨਾਲੋਂ ਥੋੜਾ ਸੰਭਲ ਕੇ ਉਹ ਇਸ ਅਜੀਬ ਖਿਡੌਣੇ ਦੇ ਗਿਰਦ ਇਕੱਠੇ ਹੋ ਗਏ। ਉਨ੍ਹਾਂ ਦੇਖਿਆ ਕਿ ਟੋਬੋਰ ਦੇ ਕਨਸਤਰ ਰੂਪੀ ਧੜ ਦੀ ਵੱਖੀ ਵਿਚੋਂ ਛੋਟੀ ਜਿਹੀ ਖਿੜ੍ਹਕੀ ਖੁੱਲ੍ਹੀ। ਤਦ ਹੀ ਖਿੜ੍ਹਕੀ ਰਾਹੀਂ, ਮੱਛੀ ਫੜ੍ਹਣ ਵਾਲੇ ਕਾਂਟੇ ਵਰਗਾ ਯੰਤਰ ਤੇਜ਼ੀ ਨਾਲ ਬਾਹਰ ਨਿਕਲਿਆ। ਇਸ ਯੰਤਰ ਦੀ ਲੰਮੀ ਡੰਡੀ ਦੇ ਅਗਲੇ ਸਿਰੇ ਉੱਤੇ ਮਨੁੱਖੀ ਹੱਥ ਵਰਗਾ ਪੰਜਾ ਲੱਗਾ ਹੋਇਆ ਸੀ।
‘ਇਹ ਨੇ ਤਾਂ ਮੇਰੇ ਸਿਰ ਵਿਚ ਹੀ ਵੱਜ ਜਾਣਾ ਸੀ।’ ਟੋਬੋਰ ਤੋਂ ਪਰ੍ਹੇ ਹਟਦੇ ਹੋਏ ਰੋਮੀ ਬੋਲਿਆ।
‘ਤੇਰੇ ਨਾਲ ਇੰਝ ਹੀ ਹੋਣਾ ਚਾਹੀਦਾ ਸੀ।’ ਰਾਜੂ ਨੇ ਉਸ ਨੂੰ ਚਿੜ੍ਹਾਉਂਦੇ ਹੋਏ ਕਿਹਾ। ‘ਕਿਸੇ ਹੋਰ ਨੂੰ ਅੱਗੇ ਜੂ ਨਹੀਂ ਹੋਣ ਦਿੰਦਾ, ਦੇਖਣ ਲਈ।’
ਲੰਮੀ ਡੰਡੀ ਵਾਲਾ ਪੰਜਾ ਕੁਝ ਦੂਰੀ ਵਿਖੇ ਮੌਜੂਦ ਮਿੱਟੀ ਦੀ ਢੇਰੀ ਨੂੰ ਫਰੋਲਣ ਲੱਗਾ। ਤੇ ਫਿਰ ਕੁਝ ਦੇਰ ਬਾਅਦ ਡੰਡੀ ਹੋਲੇ ਹੋਲੇ ਟੋਬੋਰ ਦੀ ਵੱਖੀ ਵਿਚ ਵਾਪਸ ਵੜ੍ਹਣੀ ਸ਼ੁਰੂ ਹੋ ਗਈ। ਮਿੱਟੀ ਦੀ ਰੁੱਗ ਭਰੀ ਪੰਜਾ, ਟੋਬੋਰ ਦੀ ਵੱਖੀ ਵਿਚ ਵੜ੍ਹ ਹੀ ਰਿਹਾ ਸੀ ਕਿ ਮੀਕੇ ਨੇ ਖਿੜਕੀ ਨੂੰ ਬੰਦ ਹੋਣ ਤੋਂ ਰੋਕਣ ਲਈ ਹੱਥ ਅੱਗੇ ਕੀਤਾ ਤਾਂ ਉਹ ਕਿਸੇ ਅਣਦਿਸਦੀ ਤਾਕਤ ਦੇ ਧੱਕੇ ਨਾਲ ਪਿੱਛੇ ਵੱਲ ਜਾ ਡਿੱਗਿਆ।
ਧਾਂਤ ਦਾ ਪੰਜਾ, ਟੋਬੋਰ ਅੰਦਰ ਦਾਖ਼ਿਲ ਹੁੰਦਿਆਂ ਹੀ ਖਿੜਕੀ ਬੰਦ ਹੋ ਗਈ।
ਮੀਕੇ ਦੀ ਚਾਲਾਕੀ ਦਾ ਅੰਜ਼ਾਮ ਦੇਖ ਸਾਰੇ ਬੱਚੇ ਹੀ ਹੀ ਕਰ ਹੱਸ ਰਹੇ ਸਨ। ਮਸ਼ੀਨੀ ਖਿਡੌਣੇ ਦੀਆਂ ਅਜਬ ਹਰਕਤਾਂ ਨੇ ਉਨ੍ਹਾਂ ਵਿਚ ਨਵੀਂ ਜਗਿਆਸਾ ਭਰ ਦਿੱਤੀ ਸੀ।
ਕੁਝ ਦੇਰ ਤੱਕ ਚੁੱਪ ਚਾਂ ਛਾਈ ਰਹੀ। ਫਿਰ ਦੋ ਬੱਚੇ ਹੋਲੇ ਹੋਲੇ ਚਲ ਰਹੇ ਪਲੇਟਫਾਰਮ ਉੱਤੇ ਚੜ੍ਹ ਟੋਬੋਰ ਕੋਲ ਪਹੁੰਚ ਗਏ। ਆਇਤਾਕਾਰ ਪਲੇਟਫਾਰਮ ਉੱਤੇ ਖੜ੍ਹੇ ਹੋ ਉਹ ਆਪਣੀਆਂ ਉਗਲਾਂ ਨਾਲ “V” ਦਾ ਨਿਸ਼ਾਨ ਬਣਾਉੱਦੇ ਆਪਣੀ ਸਫ਼ਲਤਾ ਉੱਤੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ।
ਤਦ ਹੀ ਟੋਬੋਰ ਇਕ ਝਟਕੇ ਨਾਲ, ਕੁਝ ਦੂਰੀ ਉੱਤੇ ਮੌਜੂਦ ਪੱਥਰਾਂ ਦੇ ਢੇਰ ਵੱਲ ਤੁਰ ਪਿਆ। ਅਚਾਨਕ ਲੱਗੇ ਝਟਕੇ ਕਾਰਨ ਦੋਨੋਂ ਬੱਚੇ ਜ਼ਮੀਨ ਉੱਤੇ ਗਿਰ ਗਏ।
ਤਮਾਸ਼ਬੀਨ ਬੱਚਿਆਂ ਦੇ ਹਾਸੇ ਦੀ ਆਵਾਜ਼ ਸੁਣਾਈ ਦਿੱਤੀ।
ਜ਼ਮੀਨ ਉੱਤੇ ਡਿੱਗਿਆ ਇਕ ਬੱਚਾ ਫ਼ਟਾਫ਼ਟ ਉੱਠ ਕੇ ਦੁਬਾਰਾ ਪਲੇਟਫਾਰਮ ਉੱਤੇ ਚੜ੍ਹਣ ਦੀ ਕੋਸ਼ਿਸ਼ ਕਰਨ ਲੱਗਾ।
——
ਦੂਰ ਖੜ੍ਹੀ ਇਕ ਔਰਤ, ਇਨ੍ਹਾਂ ਬੱਚਿਆਂ ਦੀਆਂ ਅਜੀਬ ਹਰਕਤਾਂ ਬਹੁਤ ਗੌਰ ਨਾਲ ਦੇਖ ਰਹੀ ਸੀ।
ਤਦ ਹੀ ਕਿ ਹੋਰ ਔਰਤ ਉਸ ਕੋਲ ਦਿਖਾਈ ਦਿੱਤੀ।
‘ਤੂੰ ਦੇਰ ਕਰ ਦਿੱਤੀ ਏਂ। ਯਾਦ ਨਹੀਂ ਤੈਨੂੰ, ਅੱਜ ਸ਼ਾਮੀ ਆਪਾਂ ਡਾ.ਮਾਇਕਲ ਦੇ ਕਲੀਨਿਕ ਪਹੁੰਚਣਾ ਸੀ।’ ਪਹਿਲੀ ਔਰਤ ਦੇ ਬੋਲ ਸਨ।
‘ਯਾਦ ਹੈ। ਤਦੇ ਹੀ ਤਾਂ ਆਈ ਹਾਂ।’ ਦੂਸਰੀ ਔਰਤ ਬੋਲੀ। ‘ਜ਼ਰਾ ਓਧਰ ਤਾਂ ਦੇਖ! ਬੱਚਿਆਂ ਨੂੰ ਕੋਈ ਨਵਾਂ ਖਿਡੌਣਾ ਲੱਭ ਗਿਆ ਹੈ ਸ਼ਾਇਦ।’ ਉਸ ਔਰਤ ਨੇ ਬੱਚਿਆਂ ਦੀ ਟੋਲੀ ਵੱਲ ਇਸ਼ਾਰਾ ਕਰਦਿਆਂ ਕਿਹਾ।
‘ਹਾਂ। ਅਜਿਹਾ ਹੀ ਲੱਗ ਰਿਹਾ ਹੈ। ਪਰ ਇਹ ਖਿਡੌਣਾ ਕਰ ਕੀ ਰਿਹਾ ਹੈ?’
‘ਲੱਗਦਾ ਹੈ ਮਿੱਟੀ ਦੇ ਨਮੂਨੇ ਇਕੱਠੇ ਕਰ ਰਿਹਾ ਹੈ। ਪਰ ਪਤਾ ਨਹੀਂ ਇਸ ਦੀ ਜਾਂਚ ਕਿੰਨੀ ਕੁ ਸਹੀ ਹੈ?’
‘ਜੇ ਇਹ ਮਸ਼ੀਨੀ ਖਿਡੌਣਾ ਥੋੜ੍ਹੀ ਬਹੁਤੀ ਵੀ ਸੂਝ ਰੱਖਦਾ ਹੈ ਤਾਂ ਇਸ ਨੂੰ ਬੱਚਿਆਂ ਬਾਰੇ ਜਾਨਣ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ।’ ਦੂਸਰੀ ਔਰਤ ਦੇ ਬੋਲ ਸਨ।
‘ਸ਼ਾਇਦ ਤੂੰ ਠੀਕ ਹੀ ਕਹਿ ਰਹੀ ਹੈ।’
——
ਟੇਢੇ ਮੇਡੇ ਰਾਹ ਉੱਤੇ ਹੌਲੇ ਹੌਲੇ ਚਲ ਰਿਹਾ ਟੋਬੋਰ ਅਚਾਨਕ ਰੁੱਕ ਗਿਆ। ਉਸ ਦੇ ਸਿਰ ਵਿਚੋਂ ਧਾਂਤ ਦੀ ਇਕ ਡੰਡੀ ਉਪਰ ਵੱਲ ਨਿਕਲਦੀ ਨਜ਼ਰ ਆਈ। ਇਸ ਡੰਡੀ ਦੇ ਸਿਖ਼ਰ ਉੱਤੇ ਇਕ ਕੈਮਰੇ ਦੇ ਲੈਂਜ਼ ਵਰਗੀ ਅੱਖ ਲੱਗੀ ਹੋਈ ਸੀ। ਜੋ ਦੂਰ ਤਕ ਫੈਲੇ ਜੰਗਲ ਨੂੰ ਨਿਹਾਰ ਰਹੀ ਸੀ। ਕੁਝ ਦੇਰ ਬਾਅਦ ਇਸ ਅੱਖ ਨੇ ਜੰਗਲ ਵਾਲੇ ਪਾਸੇ ਤੋਂ ਨਜ਼ਰ ਹਟਾ ਦੂਰ ਤਕ ਫੈਲੇ ਖ਼ਾਲੀ ਮੈਦਾਨ ਵੱਲ ਝਾਤ ਮਾਰੀ। ਤੇ ਫਿਰ ਆਪਣੀ ਪਹਿਲੀ ਸਥਿਤੀ ਤੋਂ ਲਗਭਗ 270 ਦਾ ਕੋਣ ਬਣਾਉਂਦੀ ਹੋਈ, ਡੁੱਬਦੇ ਹੋਏ ਸੂਰਜ ਨੂੰ ਟਿਕਟਿਕੀ ਲਗਾ ਦੇਖਣ ਲੱਗੀ।
ਤਦ ਹੀ ਬੱਚਿਆਂ ਦੀ ਟੋਲੀ ਵਿਚ ਹਰਕਤ ਹੋਈ। ਇਕ ਸ਼ਰਾਰਤੀ ਬੱਚਾ ਅੱਖ ਵਾਲੀ ਡੰਡੀ ਨੂੰ ਫੜ੍ਹਣ ਪਲੇਟਫਾਰਮ ਉੱਤੇ ਜਾ ਚੜ੍ਹਿਆ। ਅਗਲੇ ਹੀ ਪਲ ਮਸ਼ੀਨੀ ਯੰਤਰ ਦੀ ਅੱਖ, ਆਸਮਾਨ ਤੋਂ ਹਟ ਬੱਚੇ ਨੂੰ ਘੂਰਣ ਲੱਗੀ। ਅੱਖ ਨੂੰ ਆਪਣੇ ਵੱਲ ਘੂਰਦਾ ਦੇਖ, ਹੁਣ ਉਹ ਬੱਚਾ, ਕਦੇ ਆਪਣੇ ਹੱਥਾਂ ਨਾਲ ਅਜੀਬ ਹਰਕਤਾਂ ਕਰਦਾ, ਕਦੇ ਵਿੰਗਾ ਟੇਢਾ ਮੂੰਹ ਬਣਾਉਂਦਾ, ਤੇ ਕਦੇ ਆਪਣੀ ਜੀਭ ਬਾਹਰ ਕੱਢ, ਮਸ਼ੀਨੀ ਰੋਬੋਟ ਨੂੰ ਚਿੜਾਉਣ ਦੀ ਅਸਫ਼ਲ ਕੋਸ਼ਿਸ਼ ਕਰਦਾ ਨਜ਼ਰ ਆਇਆ। ਟੋਬੋਰ ਵਲੋਂ ਕੁਝ ਵੀ ਹਰਕਤ ਨਾ ਹੁੰਦੇ ਦੇਖ ਉਹ ਉਸ ਨੂੰ ਉਲਟੇ ਸਿੱਧੇ ਬੋਲ ਬੋਲਣ ਲੱਗ ਪਿਆ।
——
‘ਇਹ ਮਸ਼ੀਨੀ ਖਿਡੌਣਾ ਇਨ੍ਹਾਂ ਲਈ ਕੁਝ ਨਵਾਂ ਸੋਚਣ ਤੇ ਸਮਝਣ ਦਾ ਜ਼ਰੀਆਂ ਬਣ ਸਕਦਾ ਹੈ।’ ਦੂਰ ਖੜ੍ਹੀਆ ਔਰਤਾਂ ਦੇ ਜੁੱਟ ਵਿਚੋਂ ਇਕ ਦੇ ਬੋਲ ਸਨ।
‘ਇਹ ਕਿਸ ਨੇ ਭੇਜਿਆ ਹੋ ਸਕਦਾ ਹੈ?’ ਦੂਜੀ ਔਰਤ ਨੇ ਪੁੱਛਿਆ।
‘ਮੰਗਲ ਗ੍ਰਹਿ। ਸ਼ਾਇਦ! ਇਸ ਦੀ ਧਾਂਤ ਤੇ ਬਣਤਰ ਤਾਂ ਕਿਸੇ ਪੱਖੋਂ ਵੀ ਧਰਤੀ ਵਾਲੀ ਨਹੀਂ ਲਗਦੀ। ਦੂਸਰਾ ਉਹ ਸਿਲੰਡਰੀ ਵਾਹਣ ਤਾਂ ਦੇਖ, ਉਸ ਦੇ ਗੋਲਾਈਦਾਰ ਸਿਰੇ ਧਰਤੀ ਦੇ ਮੋਟੇ ਹਵਾਈ ਗਿਲਾਫ਼ ਨੂੰ ਚੀਰ ਕੇ ਲੰਘਣ ਲਈ ਹੀ ਬਣਾਏ ਜਾਪਦੇ ਨੇ।’
‘ਹਾਂ। ਗੱਲ ਤਾਂ ਤੇਰੀ ਠੀਕ ਹੀ ਹੈ।’
ਤਦ ਹੀ ਟੋਬੋਰ ਦੀ ਵੱਖੀ ਵਿਚਲੀ ਖਿੜਕੀ ਦੁਬਾਰਾ ਖੁੱਲ੍ਹੀ ਤੇ ਤੇਜ਼ੀ ਨਾਲ ਬਾਹਰ ਆਇਆ ਮਸ਼ੀਨੀ ਪੰਜਾ, ਕੁਝ ਦੂਰੀ ਉੱਤੇ ਨਜ਼ਰ ਆ ਰਹੇ ਸੜੇ ਘਾਹ ਦੀ ਢੇਰੀ ਵਿਚ ਜਾ ਵੜ੍ਹਿਆ। ਕੁਝ ਦੇਰ ਬਾਅਦ ਮਸ਼ੀਨੀ ਪੰਜੇ ਨਾਲ ਜੁੜਿਆ ਸਰੀਆ, ਹੌਲੇ ਹੌਲੇ ਟੋਬੋਰ ਦੇ ਢਿੱਡ ਵਿਚ ਵਾਪਸ ਜਾਣ ਲੱਗ ਪਿਆ। ਪਲੇਟਫਾਰਮ ਊੱਤੇ ਖੜ੍ਹੇ ਬੱਚੇ ਨੇ ਮਸ਼ੀਨੀ ਪੰਜੇ ਵਿਚ ਫੜ੍ਹੇ ਕਾਲੇ ਘਾਹ ਵੱਲ ਝਾਕਿਆ ਤੇ ਫਿਰ ਇਹ ਪੰਜਾ ਘਾਹ ਸਮੇਤ ਟੋਬੋਰ ਦੀ ਵੱਖੀ ਵਿਚਲੀ ਖਿੜਕੀ ਵਿਚ ਜਾ ਵੜ੍ਹਿਆ ਤੇ ਇਹ ਖਿੜਕੀ ਤੁਰੰਤ ਬੰਦ ਹੋ ਗਈ।
ਟੋਬੋਰ ਦੇ ਆਲੇ ਦੁਆਲੇ ਖੜ੍ਹੇ ਬੱਚੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਸ ਦੀਆਂ ਹਰਕਤਾਂ ਨੂੰ ਦੇਖ ਰਹੇ ਸਨ।
‘ਥੱਲੇ ਉੱਤਰ, ਬੇਵਕੂਫ਼ ਨਾ ਹੋਵੇ ਤਾਂ।’ ਪਲੇਟਫਾਰਮ ਉੱਤੇ ਖੜ੍ਹੇ ਬੱਚੇ ਵੱਲ ਹੱਥ ਨਾਲ ਇਸ਼ਾਰਾ ਕਰਦਿਆਂ ਇਕ ਔਰਤ ਚੀਖ਼ੀ। ‘ਤੈਨੂੰ ਸੱਟ ਵੀ ਲਗ ਸਕਦੀ ਹੈ।’
ਸਾਰੇ ਬੱਚੇ ਉਸ ਔਰਤ ਵੱਲ ਦੇਖਣ ਲੱਗੇ।
ਤਦ ਹੀ ਟੋਬੋਰ ਦੀ ਅੱਖ ਵਿਚੋਂ ਗੂੜ੍ਹੀ ਲਾਲ ਰੋਸ਼ਨੀ ਦੀ ਇਕ ਲਕੀਰ (ਬੀਮ) ਜਿਹੀ ਨਿਕਲੀ ਜੋ ਪਲੇਟਫਾਰਮ ਉੱਤੇ ਖੜ੍ਹੇ ਬੱਚੇ ਦੇ ਸਿਰ ਦੇ ਠੀਕ ਉਪਰੋਂ ਲੰਘ, ਦੂਰ ਨੀਲੇ ਆਕਾਸ਼ ਵੱਲ ਜਾਂਦੀ ਨਜ਼ਰ ਆਈ।
ਉਹ ਬੱਚਾ ਮਾਰੇ ਡਰ ਦੇ ਪਲੇਟਫਾਰਮ ਤੋਂ ਛਾਲ ਮਾਰ, ਵਾਹੋਦਾਹੀ ਨੱਠਦਾ ਟੋਬੋਰ ਤੋਂ ਦੂਰ ਜਾ ਖੜ੍ਹਾ ਹੋਇਆ।
——
‘ਮੰਗਲ ਗ੍ਰਹਿ ਤਾਂ ਉਸ ਦਿਸ਼ਾ ਵਿਚ ਨਹੀਂ ਹੈ।’ ਪਹਿਲੀ ਔਰਤ ਦੇ ਬੋਲ ਸਨ।
‘ਪਰ, ਇਹ ਰੋਸ਼ਨੀ ਬੀਮ ਜ਼ਰੂਰ ਕੋਈ ਇਸ਼ਾਰਾ ਹੋਵੇਗਾ, ਸ਼ਾਇਦ ਧਰਤੀ ਗਿਰਦ ਚੱਕਰ-ਲਗਾ ਰਹੇ ਕਿਸੇ ਪੁਲਾੜੀ-ਵਾਹਣ ਲਈ।’ਦੂਸਰੀ ਅੋਰਤ ਦੇ ਸ਼ੰਕਾਮਈ ਬੋਲ ਸਨ।
ਉਨ੍ਹਾਂ ਦੋਨ੍ਹਾਂ ਨੇ ਆਸਮਾਨ ਵੱਲ ਝਾਕਿਆ।
ਹੁਣ ਉਨ੍ਹਾਂ ਦੀਆ ਨਜ਼ਰਾਂ ਆਸਮਾਨ ਵਿਚ ਕਿਸੇ ਅਣਜਾਣ ਵਸਤੂ ਦੀ ਭਾਲ ਵਿਚ ਸਨ।
‘ਓਹ ਦੇਖ! ‘ਓਸ ਚਮਕੀਲੇ ਤਾਰੇ ਦੇ ਕੋਲ।’ ਦੂਜੀ ਔਰਤ ਨੇ ਹਨ੍ਹੇਰੇ ਆਸਮਾਨ ਵਿਚ ਮੱਧਮ ਤਾਰਿਆਂ ਦੇ ਝੁਰਮਟ ਵਿਖੇ ਮੌਜੂਦ ਇਕ ਚਮਕਦਾਰ ਤਾਰੇ ਵੱਲ ਇਸ਼ਾਰਾ ਕਰਦਿਆਂ ਕਿਹਾ। ‘ਆਇਆ ਨਜ਼ਰ?’ ਉਸ ਪੁੱਛਿਆ।
‘ਹਾਂ! ਹਾਂ! ਇਹ ਤਾਂ ਕਾਫ਼ੀ ਵੱਡਾ ਹੈ…। ਪਰ ਇਸ ਦੇ ਕੋਲ ਹਰਕਤਨੁਮਾ ਟਿਮਕਣੇ ਜਿਹੇ ਕੀ ਹਨ?’ ਪਹਿਲੀ ਔਰਤ ਦੇ ਬੋਲ ਸਨ।
‘ਜਾਪਦਾ ਹੈ ਇਹ ਕੋਈ ਸਵੈਚਾਲਿਤ ਵਾਹਣ ਨਹੀਂ ਹੈ ਸਗੋਂ ਕੋਈ ਸਵਾਰੀ ਗੱਡੀ ਹੈ। ਲੱਗਦਾ ਹੈ ਕਿ ਜਲਦੀ ਹੀ ਸਾਡੀ ਮੁਲਾਕਾਤ ਕਿਸੇ ਹੋਰ ਧਰਤੀ ਦੇ ਜੀਵਾਂ ਨਾਲ ਹੋਵੇਗੀ।
ਸੱਚ ਤਾਂ ਇਹ ਹੈ ਕਿ ਦੂਜੀਆਂ ਧਰਤੀਆਂ ਦੇ ਜੀਵਾਂ ਨੂੰ ਤਾਂ ਅਸੀਂ ਆਪਣੀ ਹੌਂਦ ਬਾਰੇ ਬਹੁਤ ਪਹਿਲਾਂ ਹੀ ਦੱਸ ਚੁੱਕੇ ਹਾਂ। ਜ਼ਾਹਿਰ ਹੈ ਇਥੋਂ ਪੁਲਾੜ ਵੱਲ ਭੇਜੇ ਗਏ ਸਿਗਨਲਾਂ ਨੇ ਤਾਂ ਇਹ ਸੁਨੇਹਾ ਬਹੁਤ ਪਹਿਲਾਂ ਹੀ ਉਨ੍ਹਾਂ ਤੱਕ ਪਹੁੰਚਾ ਦਿੱਤਾ ਹੋਵੇਗਾ।’
‘ਸ਼ਾਇਦ ਤੂੰ ਠੀਕ ਹੀ ਕਹਿ ਰਹੀ ਹੈ।’
——
ਸੜ੍ਹੇ ਘਾਹ ਦਾ ਨਮੂਨਾ ਲੈਣ ਤੋਂ ਬਾਅਦ, ਟੋਬੋਰ ਫਿਰ ਡੱਕੋਡੋਲੇ ਖਾਂਦਾ ਅੱਗੇ ਵੱਲ ਚੱਲ ਪਿਆ। ਜਲਦੀ ਹੀ ਉਹ ਜੰਗਲ ਕਿਨਾਰੇ ਇਕ ਪੁਰਾਣੇ ਰੁੱਖ ਦੇ ਮੁੱਢ ਕੋਲ ਸਿਉਂਕ ਦੁਆਰਾ ਬਣਾਏ ਮਿੱਟੀ ਦੇ ਉੱਚੇ-ਵੱਡੇ ਢੇਰਾਂ (Anthills) ਕੋਲ ਆ ਕੇ ਰੁਕ ਗਿਆ।
ਟੋਬੋਰ ਦੇ ਨਾਲ ਨਾਲ ਚਲ ਰਹੀ ਬੱਚਿਆਂ ਦੀ ਟੋਲੀ ਨੇ ਉਸ ਨੂੰ ਚਾਰੇ ਪਾਸੇ ਤੋਂ ਘੇਰਿਆ ਹੋਇਆ ਸੀ।
ਟੋਬੋਰ ਦੁਆਰਾ ਭੇਜਿਆ ਮਸ਼ੀਨੀ ਪੰਜਾ ਹੁਣ ਸਿਉਂਕ ਦੁਆਰਾ ਬਣਾਏ ਮਿੱਟੀ ਦੇ ਢੇਰਾਂ ਦੀ ਫਰੋਲਾ-ਫਰਾਲੀ ਕਰ ਰਿਹਾ ਸੀ।
ਤਦ ਹੀ ਟੀਨੂੰ ਨੂੰ ਨਵੀਂ ਸ਼ਰਾਰਤ ਸੁੱਝੀ। ਉਸ ਨੇ ਛਾਲ ਮਾਰ ਪੰਜੇ ਨੂੰ ਪੈਰ ਹੇਠ ਦੱਬ ਲਿਆ ਤੇ ਉਸ ਨਾਲ ਲੱਗੀ ਧਾਂਤ ਦੀ ਡੰਡੀ ਨੂੰ ਪੂਰੇ ਜ਼ੋਰ ਨਾਲ ਆਪਣੇ ਵੱਲ ਖਿੱਚਣ ਲੱਗਾ। ਹੁਣ ਟੋਬੋਰ ਤੇ ਟੀਨੂੰ ਵਿਚਕਾਰ ਰੱਸਾਕਸ਼ੀ ਜਾਰੀ ਸੀ। ਕਦੇ ਟੋਬੋਰ, ਟੀਨੂੰ ਨੂੰ ਅੱਗੇ ਵੱਲ ਖਿੱਚ ਲੈਂਦਾ ਤੇ ਕਦੇ ਟੀਨੂੰ, ਟੋਬੋਰ ਨੂੰ ਕੁਝ ਕਦਮ ਆਪਣੇ ਵੱਲ।
ਬੱਚਿਆਂ ਦੀ ਟੋਲੀ ਇਸ ਕਸ਼ਮਕਸ਼ ਦਾ ਆਨੰਦ ਲੈ ਰਹੀ ਸੀ।
ਦੇਖਾਦੇਖੀ ਦੋ ਤਿੰਨ ਬੱਚੇ ਟੀਨੂੰ ਦੀ ਮਦਦ ਲਈ ਰੱਸਾਕਸ਼ੀ ਵਿਚ ਸ਼ਾਮਿਲ ਹੋ ਗਏ।
ਟੋਬੋਰ ਤੇ ਬੱਚਿਆਂ ਵਿਚਕਾਰ ਰੱਸਾਕਸ਼ੀ ਤਦ ਹੀ ਖ਼ਤਮ ਹੋਈ ਜਦ ਟੋਬੋਰ ਨੂੰ ਪੰਜੇ ਨਾਲ ਜੋੜਣ ਵਾਲੀ ਧਾਂਤ ਦੀ ਡੰਡੀ ਟੁੱਟ ਗਈ।
ਹੁਣ ਬੱਚਿਆਂ ਦੀ ਟੋਲੀ ਟੁੱਟੀ ਡੰਡੀ ਵਾਲੇ ਪੰਜੇ ਨੂੰ ਹਵਾ ਵਿਚ ਲਹਿਰਾ ਹੋ ਹੋ ਕਰਦੇ ਆਪਣੀ ਜਿੱਤ ਦਾ ਇਜ਼ਹਾਰ ਕਰ ਰਹੇ ਸਨ।
‘ਠਹਿਰੋ! ਕੀ ਕਰ ਰਹੇ ਹੋ ਤੁਸੀਂ? ਕਿਸੇ ਦੀ ਚੀਜ਼ ਨੂੰ ਨੁਕਸਾਨ ਪਹੁੰਚਾਣਾ ਗਲਤ ਹੈ। ਤੁਹਾਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ।’ ਇਕ ਔਰਤ ਦੇ ਬੋਲ ਸਨ।
ਬੱਚਿਆਂ ਨੇ ਉਸ ਔਰਤ ਦੇ ਬੋਲਾਂ ਵੱਲ ਧਿਆਨ ਹੀ ਨਾ ਦਿੱਤਾ ਤੇ ਉਵੇਂ ਹੀ ਰੋਲਾ-ਰੱਪਾ ਪਾਉਂਦੇ ਰਹੇ। ਕੁਝ ਦੇਰ ਬਾਅਦ ਉਹ ਇਸ ਖੇਡ ਤੋਂ ਬੋਰ ਹੋ ਗਏ। ਪਰ ਤਦ ਹੀ ਉਨ੍ਹਾਂ ਨੂੰ ਨਵੀਂ ਖੇਡ ਮਿਲ ਗਈ। ਉਨ੍ਹਾਂ ਜਾਣ ਲਿਆ ਕਿ ਜੇ ਉਹ ਟੋਬੋਰ ਦੇ ਸਾਹਮਣੇ ਖੜੇ ਹੋ ਜਾਣ ਤਾਂ ਉਹ ਆਪਣਾ ਰਸਤਾ ਬਦਲ ਕੇ ਉਨ੍ਹਾਂ ਗਿਰਦ ਰਿੜ੍ਹਦਾ ਹੋਇਆ, ਉਨ੍ਹਾਂ ਦੇ ਪਾਰ ਜਾਣ ਦੀ ਕੋਸ਼ਿਸ਼ ਕਰਦਾ ਹੈ।
——
‘ਸ਼ਾਇਦ ਦੂਜੀ ਧਰਤੀ ਦੇ ਵਾਸੀ, ਰੋਬੋਟ ਦੁਆਰਾ ਸਿਗਨਲ ਰਾਹੀਂ ਭੇਜੀ ਜਾਣਕਾਰੀ ਤੋਂ ਸੰਤੁਸ਼ਟ ਹੋ ਆਪਣੀ ਧਰਤੀ ਨੂੰ ਵਾਪਸ ਚਲੇ ਜਾਣ।’ ਪਹਿਲੀ ਔਰਤ ਨੇ ਬੋਲ ਸਨ।
‘ਬਿਲਕੁਲ ਗਲਤ ਸੋਚ ਹੈ ਇਹ। ਰੋਬੋਟ ਦੇ ਕੈਮਰੇ ਨੇ ਬੱਚਿਆਂ ਨੂੰ ਦੇਖ ਲਿਆ ਹੈ। ਹੁਣ ਤਾਂ ਦੂਜੀ ਧਰਤੀ ਦੇ ਵਾਸੀਆਂ ਨੂੰ ਸਾਡੀ ਹੌਂਦ ਦੀ ਪੱਕ ਹੋ ਗਈ ਹੋਵੇਗੀ।’ ਦੂਸਰੀ ਔਰਤ ਨੇ ਆਪਣੀ ਸ਼ੰਕਾ ਜਤਾਈ।
‘ਕੀ ਉਹ ਸਾਡੀ ਧਰਤੀ ਉੱਤੇ ਉੱਤਰਣ ਦਾ ਖ਼ਤਰਾ ਮੁੱਲ ਲੈਣਗੇ, ਉਹ ਵੀ ਸਿਰਫ਼ ਇਸ ਲਈ ਕਿ ਉਨ੍ਹਾਂ ਬੱਚਿਆਂ ਨੂੰ ਦੇਖ ਲਿਆ ਹੈ।?’
‘ਦੇਖੋ! ਦੇਖੋ! ਉਹ ਕਰ ਕੀ ਰਹੇ ਹਨ?’ ਪਹਿਲੀ ਔਰਤ ਨੇ ਬੱਚਿਆਂ ਦੀ ਟੋਲੀ ਵੱਲ ਇਸ਼ਾਰਾ ਕਦੇ ਹੋਏ ਕਿਹਾ।
ਟੋਬੋਰ ਨੂੰ ਘੇਰਾ ਪਾਈ ਬੱਚਿਆਂ ਦੀ ਟੋਲੀ, ਚਲਦੀਆਂ ਫਿਰਦੀਆਂ ਰੁਕਾਵਟਾਂ ਬਣ, ਉਸ ਨੂੰ ਨੇੜਲੀ ਚਟਾਨ ਦੇ ਸਿਖ਼ਰ ਵੱਲ ਲਿਜਾ ਰਹੇ ਸਨ, ਜਿਸ ਦੇ ਦੂਸਰੇ ਪਾਸੇ ਇਕ ਡੂੰਘੀ ਖੱਡ ਸੀ। ਇਕ ਬੱਚਾ ਅਜੇ ਵੀ ਪਲੇਟਫਾਰਮ ਉੱਤੇ ਚੜ੍ਹਿਆ ਹੋਇਆ ਸੀ। ਉਹ ਟੋਬੋਰ ਨੂੰ ਠੁੱਡੇ ਮਾਰ ਮਾਰ ਉਸ ਨੂੰ ਅੱਗੇ ਵੱਲ ਧੱਕਣ ਦੀ ਲਗਾਤਾਰ ਕੋਸ਼ਿਸ਼ ਵਿਚ ਮਗਨ ਸੀ।
——
‘ਸਾਨੂੰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਣਾ ਹੋਵੇਗਾ, ਨਹੀਂ ਤਾਂ ਉਹ ਇਸ ਨੂੰ ਖੱਡ ਵਿਚ ਸੁੱਟ ਦੇਣਗੇ।’ ਦੂਸਰੀ ਔਰਤ ਦੇ ਬੋਲ ਸਨ।
‘ਹਾਂ!……ਪਰ ਤੇਰਾ ਕੀ ਖਿਆਲ ਹੈ ਕਿ ਦੂਸਰੀ ਧਰਤੀ ਦੇ ਜੀਵ ਸਾਡੀ ਧਰਤੀ ਉੱਤੇ ਆਉਣਗੇ।’ ਇਹ ਪੁੱਛਦਿਆਂ ਪਹਿਲੀ ਔਰਤ, ਭਵਿੱਖ ਦੇ ਸੰਭਾਵੀ ਖ਼ਤਰਿਆਂ ਬਾਰੇ ਚਿੰਤਤ ਨਜ਼ਰ ਆ ਰਹੀ ਸੀ।
‘ਲਗਦਾ ਤਾਂ ਇੰਝ ਹੀ ਹੈ ਕਿ ਉਨ੍ਹਾਂ ਦਾ ਅਗਲਾ ਕਦਮ ਇਹੋ ਹੀ ਹੋਵੇਗਾ।’
‘ਕਾਸ਼! ਉਹ ਇਥੇ ਪਹੁੰਚ ਬੱਚਿਆਂ ਦੇ ਅੜਿੱਕੇ ਨਾ ਚੜ੍ਹ ਜਾਣ।’ ਪਹਿਲੀ ਔਰਤ ਦੇ ਬੋਲ ਸਨ।
——

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …