ਵਿਕਰਮਜੀਤ ਸਿੰਘ ਤਿਹਾੜਾ
ਮਨੁੱਖ ਦੀ ਹੋਂਦ ਨਾਲ ਹੀ ਕਿਸਾਨੀ ਜੁੜੀ ਹੋਈ ਹੈ। ਆਦਿ ਮਨੁੱਖ ਆਪਣੀਆਂ ਲੋੜਾਂ ਲਈ ਸਿੱਧੇ ਰੂਪ ਵਿੱਚ ਕੁਦਰਤ ‘ਤੇ ਨਿਰਭਰ ਸੀ। ਸਮੇਂ ਦੇ ਨਾਲ ਸਥਾਪਿਤ ਖੇਤੀ ਹੋਂਦ ਵਿੱਚ ਆਈ ਅਤੇ ਇਸ ਦੇ ਨਾਲ ਹੀ ਸਥਾਪਿਤ ਸਭਿਆਚਾਰ ਅਤੇ ਪ੍ਰਬੰਧ ਹੋਂਦ ਵਿੱਚ ਆਏ। ਬਹੁਤ ਸਾਰੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ। ਮਨੁੱਖ ਤਰੱਕੀ ਕਰਦਾ ਗਿਆ ਅਤੇ ਅੱਜ ਦੇ ਮਹਾਂਨਗਰਾਂ ਅਤੇ ਵਿਸ਼ਵੀਕਰਨ ਦੇ ਯੁੱਗ ਵਿੱਚ ਅੱਪੜ ਗਿਆ। ਇਸ ਸਮੁੱਚੇ ਵਿਕਾਸ ਦਾ ਆਧਾਰ ਉਤਪਾਦਕ ਵਰਗ ਹੀ ਰਿਹਾ। ਜਿਸ ਵਿੱਚ ਕਿਸਾਨ ਅਤੇ ਮਜ਼ਦੂਰ ਜੋ ਮਿੱਟੀ ਨਾਲ ਜੁੜੇ ਹੁੰਦੇ ਅਤੇ ਮਿੱਟੀ ਦੇ ਨਾਲ ਮਿੱਟੀ ਹੁੰਦੇ ਹਨ ਸ਼ਾਮਿਲ ਹਨ। ਸਾਡੇ ਮਹਾਂਨਗਰਾਂ ਦੀ ਉੱਚੀਆਂ ਉੱਚੀਆਂ ਬਹੁ-ਮੰਜ਼ਲੀ ਇਮਾਰਤਾਂ, ਇਹਨਾਂ ਕਿਰਤੀਆਂ ਦੇ ਮੋਢਿਆਂ ‘ਤੇ ਹੀ ਟਿਕਦੀਆਂ ਹਨ। ਬਹੁ-ਦੇਸ਼ੀ ਕੰਪਨੀਆਂ ਅਤੇ ਵਪਾਰ ਹਮੇਸ਼ਾਂ ਹੀ ਇਸੇ ਵਰਗ ‘ਤੇ ਨਿਰਭਰ ਕਰਦਾ ਹੈ। ਇਹ ਵਰਗ ਹੀ ਕੱਚੇ ਮਾਲ ਦੇ ਉਤਪਾਦਨ ਅਤੇ ਸਿਰਜਣਾ ਵਿੱਚ ਮੱਹਤਵਪੂਰਨ ਰੋਲ ਨਿਭਾਉਂਦਾ ਹੈ। ਪਰ ਇਹ ਬਹੁਤ ਵੱਡੀ ਤਰਾਸਦੀ ਰਹੀ ਹੈ ਕਿ ਇਸ ਵਰਗ ਨੂੰ ਹਮੇਸ਼ਾ ਹੀ ਲਿਤਾੜਿਆ ਜਾਂਦਾ ਰਿਹਾ ਹੈ ਅਤੇ ਇਸ ਵਰਗ ਨੂੰ ਹਮੇਸ਼ਾ ਹੀ ਆਪਣੀਆਂ ਬੁਨਿਆਦੀ ਲੋੜਾਂ ਲਈ ਘੋਲ ਅਤੇ ਸੰਘਰਸ਼ ਕਰਨਾ ਪੈਂਦਾ ਰਿਹਾ ਹੈ।
ਅਜੋਕੇ ਕਿਸਾਨੀ ਸੰਘਰਸ਼ ਨੂੰ ਵੀ ਇਸੇ ਪ੍ਰਸੰਗ ਵਿੱਚ ਸਮਝਣ ਦੀ ਲੋੜ ਹੈ। ਅੱਜ ਕਿਸਾਨ ਸੰਘਰਸ਼ ਆਪਣੇ ਸਿਖਰ ‘ਤੇ ਹੈ। ਇਸ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਅਤੇ ਮਜ਼ਦੂਰ ਨੂੰ ਲਤਾੜਿਆ ਜਾਂਦਾ ਰਿਹਾ ਹੈ। ਹਰ ਸਾਲ ਹਜ਼ਾਰਾਂ ਇਸੇ ਵਰਗ ਦੇ ਲੋਕ ਖੁਦਕੁਸ਼ੀਆਂ ਦਾ ਰਾਹ ਚੁਣਦੇ ਹਨ। ਭਾਰਤ ਦੇ ਵਿੱਚ ਪਿਛਲੇ ਸਮੇਂ ਕਈ ਛੋਟੀਆਂ ਛੋਟੀਆਂ ਲਹਿਰਾਂ ਉੱਠੀਆਂ, ਜਿਨ੍ਹਾਂ ਵਿੱਚ ਕਿਸਾਨੀ ਨਾਲ ਸੰਬੰਧਿਤ ਮੁੱਦਿਆਂ ‘ਤੇ ਚਰਚਾ ਹੁੰਦੀ ਰਹੀ। ਪਰ ਉਹਨਾਂ ਵਿੱਚ ਪ੍ਰਾਪਤੀ ਕੁਝ ਵੀ ਨਾ ਹੋ ਸਕੀ। ਸਟੇਟ ਟੱਸ ਤੋਂ ਮੱਸ ਨਾ ਹੋਈ। ਸਟੇਟ ਦੇ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਅਜਿਹੇ ਸੰਬੰਧਿਤ ਹਨ ਕਿ ਜਿਸ ਵਿੱਚ ਲੋਕ ਹਿੱਤਾਂ ਲਈ ਕੋਈ ਥਾਂ ਨਹੀਂ ਰਹਿੰਦੀ। ਸਟੇਟ ਦੇ ਫੈਸਲੇ ਵੀ ਉਹਨਾਂ ਵੱਡੇ ਘਰਾਣਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਂਦੇ ਹਨ। ਭਾਰਤ ਦੀ ਮੌਜੂਦਾ ਸਰਕਾਰ ਦੁਆਰਾ ਅਜਿਹਾ ਵਤੀਰਾ ਧਾਰਨ ਕੀਤਾ ਜਾਂਦਾ ਰਿਹਾ ਹੈ, ਜਿਸ ਵਿੱਚ ਬਹੁਤ ਸਾਰੇ ਲੋਕਾਂ ਦੀ ਆਵਾਜ਼ਾਂ ਨੂੰ ਦਬਾ ਦਿੱਤਾ ਗਿਆ। ਕੇਂਦਰ ਸਰਕਾਰ ਨੇ ਬੜੇ ਸਾਹਸ ਨਾਲ ਲੜੀ-ਵਾਰ ਵੱਡੇ ਫੈਸਲੇ ਕੀਤੇ ਅਤੇ ਆਪਣੀ ਜਿੱਤ ਤੇ ਜੇਤੂ ਅੰਦਾਜ਼ ਵਿੱਚ ਬਹੁਤ ਸਾਰੀਆਂ ਲੋਕ ਆਵਾਜ਼ਾਂ ਨੂੰ ਕੁਚਲਿਆ। ਇਸ ਤਰ੍ਹਾਂ ਸਟੇਟ ਦਾ ਆਪਣੇ ਆਪ ਨੂੰ ਜੇਤੂ ਐਲਾਨ ਕਰਨਾ ਅਤੇ ਕਦੇ ਨਾ ਜਿੱਤੀ ਜਾ ਸਕਣ ਵਾਲੀ ਤਾਕਤ ਦੇ ਰੂਪ ਵਿੱਚ ਪ੍ਰਭਾਸ਼ਿਤ ਕਰਨਾ ਲੋਕਤੰਤਰ ਲਈ ਬਹੁਤ ਖਤਰਨਾਕ ਹੁੰਦਾ ਹੈ। ਜਿਸ ਵਿੱਚ ਬਹੁਤ ਸਾਰੇ ਲੋਕਾਂ ਦੀ ਆਵਾਜ਼ ਗੁੰਮ ਹੋ ਜਾਂਦੀ ਹੈ ਅਤੇ ਸਮਾਜਿਕ-ਰਾਜਨੀਤਿਕ ਖੇਤਰ ਵਿੱਚ ਡਰ ਅਤੇ ਖਿੱਚੋ-ਤਾਣ ਪਸਰ ਜਾਂਦੀ ਹੈ।ਇਸੇ ਲੜੀ ਦੇ ਤਹਿਤ ਹੀ ਅਜੋਕੇ ਕਿਸਾਨ ਸੰਘਰਸ਼ ਦਾ ਕਾਰਨ ਖੇਤੀ ਨਾਲ ਸੰਬੰਧਿਤ ਕੇਂਦਰ ਸਰਕਾਰ ਵੱਲੋਂ ਬਿਲ ਪਾਸ ਕੀਤੇ ਗਏ। ਆਰੰਭ ਵਿੱਚ ਭਾਵੇਂ ਕੋਈ ਬਹੁਤਾ ਉਭਾਰ ਨਹੀਂ ਸੀ, ਪਰ ਬਗਾਵਤੀ ਸੁਰ ਇਸ ਪ੍ਰਤੀ ਪਸਰਨ ਲੱਗੀ। ਪੰਜਾਬ ਜਲਦੀ ਹੀ ਇਸ ਸੰਘਰਸ਼ ਦਾ ਕੇਂਦਰ ਬਣ ਗਿਆ। ਪੰਜਾਬ ਦੇ ਲੋਕ ਸਟੇਟ ਦੇ ਇਸ ਫੈਸਲੇ ਵਿਰੁੱਧ ਸੜਕਾਂ ‘ਤੇ ਆ ਗਏ। ਧਰਨਿਆਂ, ਰੋਸ ਮੁਜ਼ਾਹਰਿਆਂ ਅਤੇ ਮੋਰਚਿਆਂ ਦਾ ਦੌਰ ਆਰੰਭ ਹੋ ਗਿਆ। ਸਰਕਾਰ ਨੇ ਇਸ ਦੀ ਕੋਈ ਬਹੁਤੀ ਪ੍ਰਵਾਹ ਨਹੀਂ ਕੀਤੀ। ਅਜੇ ਸੰਘਰਸ਼ ਦਾ ਖੇਤਰ ਪੰਜਾਬ ਤੱਕ ਹੀ ਸੀਮਿਤ ਸੀ। ਸ਼ਾਇਦ ਇਸ ਕਰਕੇ ਹੀ ਕੇਂਦਰ ਸਰਕਾਰ ਦੇ ਰੁੱਖ ਵਿੱਚ ਕੋਈ ਬਦਲਾਅ ਨਾ ਆਇਆ। ਪੰਜਾਬ ਦਾ ਇਹ ਸੰਘਰਸ਼ ਲੰਮੇ ਰਾਹਾਂ ਵੱਲ ਵਧ ਰਿਹਾ ਸੀ। ਕਿਸਾਨ ਜੱਥੇਬੰਦੀਆਂ ਇਸ ਸੰਬੰਧੀ ਫੈਸਲੇ ਲੈ ਰਹੀਆਂ ਸਨ। ਇਸ ਲ਼ੜੀ ਵਿੱਚ ਹੀ ‘ਦਿੱਲੀ ਚਲੋ’ ਮੁਹਿੰਮ ਦਾ ਵੱਡਾ ਫੈਸਲਾ ਲਿਆ ਗਿਆ। ਜਦੋਂ ਇਸ ਸੰਬੰਧੀ ਨਿਰਣਾ ਲਿਆ ਗਿਆ ਤਾਂ ਕਿਸੇ ਵੀ ਆਗੂ ਦੁਆਰਾ ਐਸਾ ਸੋਚਿਆ ਵੀ ਨਹੀਂ ਗਿਆ ਹੋਵੇਗਾ ਕਿ ਅੰਦੋਲਨ ਅਜਿਹੇ ਪੱਧਰ ‘ਤੇ ਚਲਾ ਜਾਵੇਗਾ। ਪੰਜਾਬ ਦੇ ਲੋਕਾਂ ਨੇ ਇਸ ਮੁਹਿੰਮ ਲਈ ਆਪਣੇ ਕਮਰ-ਕੱਸੇ ਕੱਸ ਲਏ। ਪਿੰਡਾਂ ਵਿੱਚ ਇਸ ਸੰਬੰਧੀ ਜਾਗਰਤੀ ਮਾਰਚ ਕੱਢੇ ਗਏ। ਇਸ ਮੁਹਿੰਮ ਲਈ ਪੂਰਾ ਪੰਜਾਬ ਪੱਬਾਂ ਭਾਰ ਹੋ ਗਿਆ। ਲੰਮੇ ਮੋਰਚੇ ਲਈ ਪੂਰਾ ਬੰਦੋਬਸਤ ਹੋ ਰਿਹਾ ਸੀ। ਪਰ ਇਸ ਸਮੇਂ ਤੱਕ ਵੀ ਕੇਂਦਰ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਸੀ। ਸਰਕਾਰ ਨੇ ਹਰਿਆਣੇ ਦੀ ਸਰਕਾਰ ਨਾਲ ਵਿਉਂਤ ਬਣਾ ਲਈ ਕਿ ਸੰਭੂ ਬਾਰਡਰ ਹੀ ਨਹੀਂ ਟੱਪਣ ਦਿੱਤਾ ਜਾਏਗਾ। ਖੱਟਰ ਸਰਕਾਰ ਦੁਆਰਾ ਬਿਆਨ ਵੀ ਜਾਰੀ ਕਰ ਦਿੱਤਾ ਗਿਆ ਕਿ ਪੂਰੀ ਸਖਤੀ ਵਰਤੀ ਜਾਏਗੀ। ਪੂਰੀ ਤਰ੍ਹਾਂ ਰੋਕਣ ਲਈ ਬੈਰੀਗੇਟ, ਕੰਡਿਆਲੀਆਂ-ਤਾਰਾਂ, ਹਾਈਵੇ ਨੂੰ ਪੁੱਟਣਾ ਅਤੇ ਪੁਲਿਸ ਬਲ ਦਾ ਸਖਤ ਘੇਰਾ ਪੰਜਾਬੀਆਂ ਦੇ ਸਵਾਗਤ ਲਈ ਤਿਆਰ ਸੀ। ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਅਸੀਂ ਜਿੱਥੇ ਸਾਨੂੰ ਰੋਕਿਆ ਜਾਵੇਗਾ, ਉੱਥੇ ਰੁਕ ਹੀ ਪੱਕਾ ਧਰਨਾ ਦੇਵਾਂਗੇ। ਆਖਿਰ ਦਿੱਲੀ ਕੂਚ ਆਰੰਭ ਹੋਇਆ। ਸਵਾਗਤ ਦੀ ਪੂਰੀ ਤਿਆਰੀ ਸੀ ਅਤੇ ਨੌਜਵਾਨਾਂ ਦੇ ਜੋਸ਼ ਅੱਗੇ ਕੋਈ ਰੋਕਾਂ ਨਾ ਟਿਕ ਸਕੀਆਂ। ਕਈ ਕਿਸਾਨ ਜੱਥੇਬੰਦੀਆਂ ਨੇ ਠਹਿਰਣ ਨੂੰ ਤਰਜ਼ੀਹ ਦਿੱਤੀ ਪਰ ਨੌਜਵਾਨਾਂ ਦੇ ਜੋਸ਼ ਨੇ ਲੋਕ ਸ਼ਕਤੀ ਨੂੰ ਜਨਮ ਦਿੱਤਾ। ਜਿਸ ਦੇ ਫੈਸਲੇ ਵੀ ਲੋਕਾਂ ਦੁਆਰਾ ਕੀਤੇ ਗਏ। ਜੰਗ ਲੋਕਾਂ ਦੀ ਹੋ ਗਈ ਅਤੇ ਇਸ ਲੋਕ ਸ਼ਕਤੀ ਦਾ ਹੀ ਨਤੀਜਾ ਹੈ, ਕਿਸਾਨ ਸੰਘਰਸ਼ ਅਜੋਕੇ ਪੱਧਰ ‘ਤੇ ਪਹੁੰਚ ਸਕਿਆ। ਦਿੱਲੀ ਨੂੰ ਕਿਸਾਨਾਂ ਦੁਆਰਾ ਘੇਰਾ ਪਾ ਲਿਆ ਗਿਆ। ਕਿਸਾਨ ਸੰਘਰਸ਼ ਵਿੱਚ ਲੋਕਾਂ ਦੇ ਅੰਦੋਲਨ ਦਾ ਸਾਥ ਦੇਣ ਅਤੇ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਹਰ ਵਰਗ ਅਤੇ ਸੂਬੇ ਦੇ ਸਧਾਰਨ ਲੋਕਾਂ ਸ਼ਾਮਿਲ ਹੋਣ ਲੱਗੇ। ਸੰਘਰਸ਼ ਹੁਣ ਪੰਜਾਬ ਦਾ ਨਾ ਰਹਿ ਕੇ ਪੂਰੇ ਭਾਰਤ ਦਾ ਬਣ ਗਿਆ। ਸਰਕਾਰ ਵੱਲੋਂ ਇਸ ਸੰਘਰਸ਼ ਨੂੰ ਵਿਰੋਧੀ ਧਿਰ ਦੀ ਸ਼ਾਜਿਸ਼ ਨਾਲ ਜੋੜ ਕੇ ਤੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੀ। ਕਿਸਾਨ ਸੰਘਰਸ਼ ਪ੍ਰਚੰਡ ਹੁੰਦਾ ਗਿਆ ਅਤੇ ਅੱਜ ਆਪਣੇ ਸਿਖਰ ‘ਤੇ ਹੈ। ਕਿਸਾਨ ਸੰਘਰਸ਼ ਦਾ ਫੈਸਲਾ ਜੋ ਵੀ ਹੋਵੇ, ਇਹ ਸਮਾਂ ਦੱਸ ਦਏਗਾ। ਪਰ ਇਸ ਦੀ ਪ੍ਰਾਪਤੀ ਬਹੁਤ ਵੱਡੀ ਹੈ। ਇਸ ਸੰਘਰਸ਼ ਨੇ ਮੋਦੀ ਸਰਕਾਰ ਦੇ ਜੇਤੂ ਅੰਦਾਜ਼ ਨੂੰ ਭੰਨ ਦਿੱਤਾ ਹੈ। ਉਹ ਸਰਕਾਰ ਜਿਸ ਦੇ ਫੈਸਲਿਆਂ ਨੂੰ ਚੁਣੌਤੀ ਦੇਣ ਦੀ ਕਿਸੇ ਵਿੱਚ ਹਿੰਮਤ ਨਹੀਂ ਸੀ, ਉਸ ਨੂੰ ਅੱਜ ਵਿਸ਼ਵ ਭਰ ਵਿੱਚ ਹਰ ਕੋਈ ਸਵਾਲ ਪੁੱਛ ਰਿਹਾ ਹੈ। ਸੂਬਿਆਂ ਨੇ ਖੋਹੀਆਂ ਜਾ ਰਹੀਆਂ ਆਪਣੀਆਂ ਤਾਕਤਾਂ ਦੀ ਪ੍ਰਾਪਤੀ ਬਾਰੇ ਸੋਚਿਆ ਹੈ। ਲੋਕਾਂ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਹੋਇਆ ਹੈ ਅਤੇ ਇਹ ਸਿੱਧ ਹੋ ਗਿਆ ਹੈ ਕਿ ਅੱਜ ਵੀ ਇਨਕਲਾਬ ਲਿਆਂਦੇ ਜਾ ਸਕਦੇ ਹਨ। ਨੌਜਵਾਨ ਵਰਗ ਨੇ ਇਸ ਸੰਘਰਸ਼ ਵਿੱਚ ਬਹਾਦਰੀ ਅਤੇ ਸਮਝਦਾਰੀ ਵਿਖਾ ਕੇ ਸਿਧ ਕਰਦਾ ਦਿੱਤਾ ਹੈ ਕਿ ਸਾਡਾ ਭੱਵਿਖ ਸਹੀ ਹੱਥਾਂ ਵਿੱਚ ਜਾ ਰਿਹਾ ਹੈ। ਸਥਾਪਿਤ ਲੀਡਰਸ਼ਿਪ ਦੀ ਇਸ ਸੰਘਰਸ਼ ਵਿੱਚੋਂ ਗੈਰ-ਹਾਜ਼ਰੀ ਰਹੀ, ਜਿਸ ਨਾਲ ਸਪੱਸ਼ਟ ਹੋ ਗਿਆ ਕਿ ਅਸੀਂ ਆਪਣੀ ਜੰਗ ਆਪ ਵੀ ਲੜ ਸਕਦੇ ਹਾਂ। ਆਪਣੇ ਮਸਲਿਆਂ ਲਈ ਲੋਕ ਆਪ ਜੂਝੇ ਅਤੇ ਲੀਡਰਸ਼ਿਪ ‘ਤੇ ਹੁਣ ਹਮੇਸ਼ਾ ਸਵਾਲ ਉੱਠੇਗਾ ਕਿ ਉਹਨਾਂ ਦਾ ਫਰਜ਼ ਅਤੇ ਜ਼ਿੰਮੇਵਾਰੀ ਕੀ ਹੈ? ਲੋਕਾਂ ਵਿੱਚ ਭਾਈਚਾਰਕ ਸਾਂਝ ਸਥਾਪਿਤ ਹੋਈ, ਹੋਰ ਸੂਬਿਆਂ ਦੇ ਲੋਕ ਵੀ ਪੰਜਾਬ ਨੂੰ ਆਪਣਾ ਭਰਾ ਮੰਨਣ ਲੱਗੇ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਲੋਕ ਆਪਸੀ ਸਾਂਝਾਂ ਨੂੰ ਸਦਾ ਪਾਲਦੇ ਹਨ, ਭ੍ਰਿਸ਼ਟ ਸਿਆਸਤ ਹੀ ਉਹਨਾਂ ਨੂੰ ਤੋੜਦੀ ਹੈ। ਲੋਕ ਸ਼ਕਤੀ ਵਿੱਚ ਹਮੇਸ਼ਾਂ ਹੀ ਵੱਧ ਤਾਕਤ ਹੁੰਦੀ ਹੈ ਅਤੇ ਉਸ ਅੱਗੇ ਕੋਈ ਰੁਕਾਵਟ ਟਿਕ ਨਹੀਂ ਸਕਦੀ। ਲੋਕ ਆਪਣੀ ਸ਼ਕਤੀ ਨੂੰ ਪਹਿਚਾਣ ਕੇ ਹੀ ਲੋਕ-ਰਾਜ ਸਥਾਪਿਤ ਕਰ ਸਕਦੇ, ਜਿਸ ਦੀ ਸਥਾਪਤੀ ਲਈ ਮੁੱਢਲਾ ਕਦਮ ਉਠਾਇਆ ਜਾ ਚੁੱਕਾ ਹੈ।
ਵਿਸ਼ਵ ਵਿਆਪੀ ਪੱਧਰ ‘ਤੇ ਕਈ ਦੇਸ਼ਾਂ ਦੇ ਨੁਮਾਇੰਦਿਆਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਹੈ। ਭਾਰਤ ਦੀ ਅਜੋਕੀ ਸਥਿਤੀ ਬਾਰੇ ਚਰਚਾ ਆਰੰਭ ਹੋਈ ਹੈ। ਵਿਦੇਸ਼ਾਂ ਵਿੱਚ ਵਸੇ ਭਾਰਤ ਮੂਲ਼ ਦੇ ਵਿਅਕਤੀਆਂ ਨੇ ਬਹੁਤ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕਰ ਕੇ ਸਿਧ ਕਰ ਦਿੱਤਾ ਕਿ ਉਹ ਅਜੇ ਵੀ ਆਪਣੀ ਮਿੱਟੀ ਨਾਲ ਜੁੜੇ ਹਨ। ਕਿਸਾਨੀ ਦਾ ਮੁੱਦਾ ਪੂਰੇ ਵਿਸ਼ਵ ਦਾ ਹੈ ਅਤੇ ਇਹ ਸੰਘਰਸ਼ ਹਰ ਕਿਸਾਨ ਅਤੇ ਮਜ਼ਦੂਰ ਦਾ ਹੈ। ਜੇਕਰ ਕਿਸਾਨ ਸੰਘਰਸ਼ ਆਲਮੀ ਪੱਧਰ ‘ਤੇ ਪਸਰ ਗਿਆ (ਜਿਸ ਵੱਲ ਇਹ ਵੱਧ ਰਿਹਾ ਹੈ) ਤਾਂ ਬਹੁਤ ਵੱਡਾ ਇਨਕਲਾਬ ਆਉਣ ਦੀ ਸੰਭਾਵਨਾ ਹੈ। ਪੂਰੀ ਦੁਨੀਆਂ ਦੇ ਲੋਕਾਂ ਦੀ ਇਕਜੁਟਤਾ ਨਵੇਂ ਸਮਾਜ ਅਤੇ ਪ੍ਰਬੰਧ ਦੀ ਸਥਾਪਨਾ ਵੱਲ ਮੁੱਢਲਾ ਕਦਮ ਹੋਵੇਗੀ। ਜਦੋਂ ਮਨੁੱਖ ਦੇ ਬੁਨਿਆਦੀ ਮਸਲਿਆਂ ਨੂੰ ਵਿਸ਼ਵ ਦੇ ਪ੍ਰਸੰਗ ਵਿੱਚ ਵਿਚਾਰਿਆ ਜਾਵੇਗਾ ਅਤੇ ਉਸ ਦੇ ਹੱਲ ਲਈ ਵੀ ਅਜਿਹੀ ਵਿਧੀ ਅਪਣਾਈ ਜਾਵੇਗੀ। ਇਸ ਅੰਦੋਲਨ ਦਾ ਸਿਹਰਾ ਪੰਜਾਬ ਨੂੰ ਹੀ ਜਾਵੇਗਾ, ਜਿਸ ਦੇ ਸੂਰਬੀਰ ਯੋਧਿਆਂ ਨੇ ਇਸ ਮਹਾਨ ਅੰਦੋਲਨ ਨੂੰ ਜਨਮ ਦੇ ਕੇ ਇਤਿਹਾਸ ਨੂੰ ਸਿਰਜਿਆ।
ਇਸ ਲਈ ਇਹ ਮੱਹਤਵਪੂਰਨ ਲੋੜ ਹੈ ਕਿ ਕਿਸਾਨ ਸੰਘਰਸ਼ ਇਕ ਸੁਲਝੇ ਪ੍ਰਬੰਧ ਅਤੇ ਵਿਉਂਤ ਨਾਲ ਹਰ ਕਦਮ ਨੂੰ ਉਠਾਉਂਦਾ ਹੋਇਆ ਅੱਗੇ ਵਧੇ। ਆਸ ਹੈ ਕਿ ਲੋਕਾਂ ਦੀ ਜਿੱਤ ਜ਼ਰੂਰ ਹੋਵੇਗੀ….ਲੋਕ ਸੰਘਰਸ਼ ਜ਼ਿੰਦਾਬਾਦ…।
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …