ਰਾਹੁਲ ਨੇ ਬਰਫਬਾਰੀ ਦਾ ਵੀ ਉਠਾਇਆ ਲੁਤਫ
ਸ੍ਰੀਨਗਰ/ਬਿਊਰੋ ਨਿਊਜ਼
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਸੋਮਵਾਰ ਨੂੰ ਸ੍ਰੀਨਗਰ ਦੇ ਕਾਂਗਰਸ ਦਫਤਰ ਵਿਚ ਤਿਰੰਗਾ ਫਹਿਰਾ ਕੇ ‘ਭਾਰਤ ਜੋੜੋ ਯਾਤਰਾ’ ਦੀ ਸਮਾਪਤੀ ਕੀਤੀ। ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਅਗਵਾਈ ਵਿਚ ਇਹ ‘ਭਾਰਤ ਜੋੜੋ ਯਾਤਰਾ’ 145 ਦਿਨ ਪਹਿਲਾਂ 7 ਸਤੰਬਰ 2022 ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਗਈ ਸੀ। ਦੱਸਣਯੋਗ ਹੈ ਕਿ ਅੱਜ ਸਵੇਰੇ ਸ੍ਰੀਨਗਰ ’ਚ ਭਾਰੀ ਬਰਫਬਾਰੀ ਵੀ ਹੋ ਰਹੀ ਸੀ। ਇਸਦੇ ਬਾਵਜੂਦ ਵੀ ਕਾਂਗਰਸੀ ਵਰਕਰਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਇਸ ਮੌਕੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਪਿ੍ਰਅੰਕਾ ਗਾਂਧੀ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਰਹੇ। ਉਧਰ ਦੂਜੇ ਪਾਸੇ ਰਾਹੁਲ ਗਾਂਧੀ ਨੇ ਬਰਫਬਾਰੀ ਦਾ ਲੁਤਫ ਵੀ ਉਠਾਇਆ। ਇਸ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ’ਤੇ ਜੰਮ ਕੇ ਸਿਆਸੀ ਨਿਸ਼ਾਨੇ ਲਗਾਏ। ਰਾਹੁਲ ਗਾਂਧੀ ਦਾ ਕਹਿਣਾ ਸੀ ਕਿ ਨਿਊਜ਼ ਚੈਨਲਾਂ ’ਤੇ ਵੀ ਦਿਨ ਭਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਦਿਖਾਇਆ ਜਾਂਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਾਡੇ ਵਰਗੇ ਵਿਅਕਤੀਆਂ ਨੂੰ ਨਿਊਜ਼ ਚੈਨਲ ਵੀ ਨਹੀਂ ਦਿਖਾ ਰਹੇ, ਇਸ ਲਈ ਹੀ ਅਸੀਂ ਇਹ ਭਾਰਤ ਜੋੜੋ ਯਾਤਰਾ ਕੱਢੀ ਹੈ।