ਮੋਦੀ ਤੇ ਪੂਤਿਨ ਵਲੋਂ ਕੁਡਾਨਕੁਲਮ ਪਲਾਂਟ ਦਾ ਪਹਿਲਾ ਯੂਨਿਟ ਦੇਸ਼ ਨੂੰ ਸਮਰਪਿਤ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸਾਂਝੇ ਤੌਰ ‘ਤੇ ਕੁਡਾਨਕੁਲਮ ਪਰਮਾਣੂ ਪਲਾਂਟ ਦਾ ਪਹਿਲਾ ਯੂਨਿਟ ਦੇਸ਼ ਨੂੰ ਸਮਰਪਿਤ ਕੀਤਾ। ਦੋਹਾਂ ਆਗੂਆਂ ਨੇ ਇਸ ਨੂੰ ਭਾਰਤ-ਰੂਸ ਦੀ ਰਣਨੀਤਕ ਭਾਈਵਾਲੀ ਦੀ ਮਿਸਾਲ ਕਰਾਰ ਦਿੱਤਾ। ਤਾਮਿਲਨਾਡੂ ਵਿੱਚ ਸਥਾਪਤ ਇਸ ਇਕ ਹਜ਼ਾਰ ਮੈਗਾਵਾਟ ਬਿਜਲੀ ਉਤਪਾਦਨ ਵਾਲੇ ਯੂਨਿਟ ਦੀ ਸ਼ੁਰੂਆਤ ਨੂੰ ਭਾਰਤ ਵੱਲੋਂ ਲਗਾਤਾਰ ਸਵੱਛ ਊਰਜਾ ਦਾ ਉਤਪਾਦਨ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਇਕ ਅਹਿਮ ਪੁਲਾਂਘ ਦੱਸਦਿਆਂ ਮੋਦੀ ਨੇ ਕਿਹਾ ਕਿ ਕੁਡਾਨਕੁਲਮ ਵਿੱਚ ਐਨੀ ਸਮਰਥਾ ਦੇ ਪੰਜ ਹੋਰ ਯੂਨਿਟ ਚਾਲੂ ਕਰਨ ਦੀ ਯੋਜਨਾ ਹੈ। ਨਵੀਂ ਦਿੱਲੀ ਵਿੱਚ ਸੰਖੇਪ ਸੰਬੋਧਨ ਦੌਰਾਨ ਮੋਦੀ ਨੇ ਕਿਹਾ, ‘ਕੁਡਾਨਕੁਲਮ ਯੂਨਿਟ-1 ਦੇਸ਼ ਨੂੰ ਸਮਰਪਿਤ ਕਰਕੇ ਅਸੀਂ ਭਾਰਤ-ਰੂਸ ਦੇ ਰਿਸ਼ਤਿਆਂ ਤਹਿਤ ਇਕ ਹੋਰ ਇਤਿਹਾਸਕ ਕਦਮ ਪੁੱਟਿਆ ਹੈ। ਇਸ ਦਾ ਸਫ਼ਲਤਾਪੂਰਵਕ ਨੇਪਰੇ ਚੜ੍ਹਨਾ ਸਾਡੀ ਵਿਸ਼ੇਸ਼ ਅਧਿਕਾਰਾਂ ਵਾਲੀ ਰਣਨੀਤਕ ਭਾਈਵਾਲੀ ਦੀ ਤਾਕਤ ਦੀ ਇਕ ਹੋਰ ਮਿਸਾਲ ਤੋਂ ਇਲਾਵਾ ਸਾਡੀ ਗੂੜ੍ਹੀ ਯਾਰੀ ਦਾ ਜਸ਼ਨ ਹੈ।’ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜੈਲਲਿਤਾ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰੀ ਲਵਾਈ। ਮਾਸਕੋ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ ਪੂਤਿਨ ਨੇ ਕਿਹਾ ਕਿ ਕੁਡਾਨਕੁਲਮ ਦੇ ਇਸ ਯੂਨਿਟ ਦੇ ਨਿਰਮਾਣ ਵਿੱਚ ਉੱਚ ਪੱਧਰੀ ਸੁਰੱਖਿਆ ਮਿਆਰਾਂ ਨੂੰ ਧਿਆਨ ਵਿੱਚ ਰੱਖਦਿਆਂ ਸਭ ਤੋਂ ਆਧੁਨਿਕ ਰੂਸੀ ਤਕਨਾਲੋਜੀ ਵਰਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਡਾਨਕੁਲਮ ਯੂਨਿਟ ਦੋਵੇਂ ਮੁਲਕਾਂ ਵੱਲੋਂ ਇਸ ਨੂੰ ਬਣਾਉਣ ਲਈ ਕੀਤੇ ਸਾਂਝੇ ਯਤਨਾਂ ਤੋਂ ‘ਪ੍ਰਦੂਸ਼ਣ ਮੁਕਤ ਵਿਕਾਸ ਦੇ ਰਾਹ’ ਉਤੇ ਚੱਲਣ ਦਾ ਸੰਕੇਤ ਮਿਲਦਾ ਹੈ। ਭਾਰਤ ਦੇ ਆਰਥਿਕ ਵਿਕਾਸ ਬਾਰੇ ਆਪਣੀ ਦੂਰਦ੍ਰਿਸ਼ਟੀ ਦੀ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ ਸਨਅਤੀ ਵਿਕਾਸ ਸਵੱਛ ਊਰਜਾ ਨਾਲ ਕੀਤਾ ਜਾਣਾ ਚਾਹੀਦਾ ਹੈ। ਇਸ ਪ੍ਰਾਜੈਕਟ ਲਈ ਸਮਝੌਤੇ ਉਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸੋਵੀਅਤ ਸੰਘ ਦੇ ਰਾਸ਼ਟਰਪਤੀ ਮਿਖਾਈਲ ਗੋਰਬਾਚੇਵ ਨੇ 1988 ਵਿੱਚ ਸਹੀ ਪਾਈ ਸੀ ।
Check Also
ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ ਦਾ ਦਿਹਾਂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਮੁੰਬਈ/ਬਿਊਰੋ ਨਿਊਜ਼ ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ …