ਕਿਹਾ-ਸ਼ਿਲਪਕਾਰਾਂ ਲਈ ਇਹ ਸਕੀਮ ਉਮੀਦ ਦੀ ਕਿਰਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵਕਰਮਾ ਜਯੰਤੀ ਦੇ ਮੌਕੇ ’ਤੇ ਦੁਆਰਕਾ ਵਿਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ ਵਿਚ ਇਕ ਨਵੀਂ ਯੋਜਨਾ ‘ਪੀਐੱਮ ਵਿਸ਼ਵਕਰਮਾ’ ਲਾਂਚ ਕੀਤੀ। ਯੋਜਨਾ ਦੇ ਸ਼ੁੱਭ ਆਰੰਭ ਦੌਰਾਨ ਵੱਖ-ਵੱਖ ਕਲਾਕਾਰਾਂ ਤੇ ਸ਼ਿਲਪਕਾਰਾਂ ਨੂੰ ਪੀਐੱਮ ਵਿਸ਼ਵਕਰਮਾ ਪ੍ਰਮਾਣ ਪੱਤਰ ਵੰਡੇ ਗਏ। ਇਸ ਮੌਕੇ ’ਤੇ ਪੀਐੱਮ ਮੋਦੀ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਆਸ਼ੀਰਵਾਦ ਨਾਲ ਅੱਜ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਹੋ ਰਹੀ ਹੈ। ਹੱਥ ਦੇ ਹੁਨਰ ਨਾਲ, ਔਜ਼ਾਰਾਂ ਨਾਲ, ਰਸਮੀ ਤੌਰ ’ਤੇ ਕੰਮ ਕਰਨ ਵਾਲੇ ਲੱਖਾਂ ਕਾਰੀਗਰਾਂ ਲਈ ਪੀਐੱਮ ਵਿਸ਼ਵਕਰਮਾ ਯੋਜਨਾ ਉਮੀਦ ਦੀ ਇਕ ਨਵੀਂ ਕਿਰਨ ਬਣ ਕੇ ਆ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਨੂੰ ਇੰਟਰਨੈਸ਼ਨਲ ਐਗਜ਼ੀਬਿਸ਼ਨ ਸੈਂਟਰ ‘ਯਸ਼ੋਭੂਮੀ’ ਵੀ ਮਿਲਿਆ ਹੈ। ਸਾਡੀ ਸਰਕਾਰ ਆਪਣੇ ਵਿਸ਼ਵਕਰਮਾ ਭੈਣ-ਭਰਾਵਾਂ ਦਾ ਸਨਮਾਨ ਵਧਾਉਣ, ਉਨ੍ਹਾਂ ਦੀ ਸਮਰੱਥ ਵਧਾਉਣ ਤੇ ਉਨ੍ਹਾਂ ਦੀ ਖੁਸ਼ਹਾਲੀ ਵਧਾਉਣ ਲਈ ਸਹਿਯੋਗੀ ਬਣ ਕੇ ਅੱਗੇ ਆਈ ਹੈ। ਉਨ੍ਹਾਂ ਅੱਗੇ ਕਿਹਾ ਕਿ ਵੱਡੀਆਂ-ਵੱਡੀਆਂ ਕੰਪਨੀਆਂ ਵੀ ਆਪਣੇ ਪ੍ਰੋਡਕਟ ਬਣਾਉਣ ਲਈ ਆਪਣਾ ਕੰਮ ਦੂਜੀਆਂ ਛੋਟੀਆਂ-ਛੋਟੀਆਂ ਕੰਪਨੀਆਂ ਨੂੰ ਦਿੰਦੀਆਂ ਹਨ। ਇਹ ਵਿਸ਼ਵ ਵਿਚ ਇਕ ਬਹੁਤ ਵੱਡੀ ਇੰਡਸਟਰੀ ਹੈ। ਆਊਟਸੋਰਸਿੰਗ ਦਾ ਕੰਮ ਵੀ ਸਾਡੇ ਵਿਸ਼ਵਕਰਮਾ ਸਾਥੀਆਂ ਕੋਲ ਆਏ ਅਤੇ ਤੁਸੀਂ ਵੱਡੀ ਸਪਲਾਈ ਚੇਨ ਦਾ ਹਿੱਸਾ ਬਣੋ।